ਜਲੰਧਰ (ਚੈਰੀ ਭਗਤ)- ਸਮਾਟਰਸ ਫ਼ਿਲਮਜ਼ ਦੇ ਅਮਨਪ੍ਰੀਤ ਸਿੰਘ ਪੰਜਾਬੀ ਸਿਨੇਮਾ ਦੇ ਦਰਸ਼ਕਾਂ ਲਈ ਨਵੀਂ ਫਿਲਮ ‘ਥਾਪੀ’ 16 ਅਕਤੂਬਰ ਨੂੰ ਲੈ ਕੇ ਆ ਰਹੇ ਹਨ। ਜਗਦੀਪ ਵੜਿੰਗ ਦੇ ਨਿਰਦੇਸ਼ਨ ’ਚ ਬਣੀ ਫ਼ਿਲਮ ‘ਥਾਪੀ’ ਵਿਚ ਨੀਰੂ ਬਾਜਵਾ ਤੇ ਬਾਲੀਵੁੱਡ ਅਦਾਕਾਰ ਸਨੀ ਸਿੰਘ ਮੁੱਖ ਭੂਮਿਕਾਵਾਂ ’ਚ ਨਜ਼ਰ ਆਉਣਗੇ। ਫ਼ਿਲਮ ਚ ਪੰਜਾਬ ਦੇ ਪੇਂਡੂ ਮਾਹੌਲ ਦੇ ਨਾਲ-ਨਾਲ ਪਰਿਵਾਰਕ ਰਿਸ਼ਤਿਆਂ, ਔਰਤਾਂ ਦੇ ਸੰਘਰਸ਼, ਕਬੱਡੀ ਤੇ ਆਪਣੇ ਹੱਕ ਲਈ ਲੜਨ ਦੀ ਕਹਾਣੀ ਨੂੰ ਬੇਹੱਦ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ ਹੈ।

ਫ਼ਿਲਮ ਦੀ ਕਹਾਣੀ ਤੇ ਨਿਰਦੇਸ਼ਨ ਜਗਦੀਪ ਵੜਿੰਗ ਨੇ ਕੀਤਾ ਹੈ, ਜਦਕਿ ਫ਼ਿਲਮ ਦੇ ਨਿਰਮਾਤਾ ਅਮਨਪ੍ਰੀਤ ਸਿੰਘ ਹਨ। ਫ਼ਿਲਮ ’ਚ ਨੀਰੂ ਬਾਜਵਾ ਅਤੇ ਸੰਨੀ ਸਿੰਘ ਤੋਂ ਇਲਾਵਾ ਸੁਖਵਿੰਦਰ ਚਾਹਲ, ਹਸ਼ਨੀਨ ਚੌਹਾਨ, ਸਾਵਣ ਰੂਪੋਵਾਲੀ, ਪਵਨ ਜੋਹਲ, ਸਿਮਰਨ ਚਾਹਲ, ਨਿਕਿਤਾ ਗਰੋਵਰ, ਪ੍ਰਵੀਨ ਖ਼ਾਨ, ਸੀਮਾ ਕੌਸ਼ਲ, ਮਲਕੀਤ ਰੌਣੀ, ਕੇਵਲ ਧਾਲੀਵਾਲ, ਸਾਹਿਬ ਸਿੰਘ, ਤਰਸੇਮ ਪਾਲ, ਗੋਪੀ ਭੱਲਾ ਤੇ ਰਵਿੰਦਰ ਮੰਡ ਸਮੇਤ ਕਈ ਕਲਾਕਾਰ ਅਹਿਮ ਭੂਮਿਕਾਵਾਂ ’ਚ ਨਜ਼ਰ ਆਉਣਗੇ।
ਫ਼ਿਲਮ ਦੇ ਕਿਰਦਾਰਾਂ, ਸ਼ੂਟਿੰਗ ਦੇ ਤਜ਼ਰਬਿਆਂ ’ਤੇ ਫਿਲਮ ਦੀ ਸਟਾਰਕਾਸਟ ਨੀਰੂ ਬਾਜਵਾ, ਸਨੀ ਸਿੰਘ, ਪ੍ਰਵੀਨ ਖਾਨ ਤੇ ਫਿਲਮ ਦੇ ਲੇਖਕ-ਨਿਰਦੇਸ਼ਕ ਜਗਦੀਪ ਵੜਿੰਗ ਵੱਲੋਂ ‘ਜਗ ਬਾਣੀ’ ਨਾਲ ਕੀਤੀ ਖ਼ਾਸ ਗੱਲਬਾਤ ਦੇ ਕੁਝ ਅੰਸ਼ :-
ਸਵਾਲ : ‘ਥਾਪੀ’ ਫਿਲਮ ਦਾ ਵਿਚਾਰ ਕਿਵੇਂ ਆਇਆ?
ਜਗਦੀਪ ਵੜਿੰਗ- ਸਾਲ 2012-13 ’ਚ ਕਬੱਡੀ ਕੱਪ ਦੌਰਾਨ ਇਕ ਫੋਟੋ ਫਾਇਰਲ ਹੋਈ ਸੀ। ਉਸ ਫੋਟੋ ’ਚ ਕੁੜੀਆਂ ਕੱਪ ਲੈ ਕੇ ਸੜਕ ’ਤੇ ਖੜ੍ਹੀਆਂ ਸਨ ਤੇ ਉਨ੍ਹਾਂ ਨੂੰ ਕੋਈ ਵੀ ਰਿਸੀਵ ਕਰਨ ਨਹੀਂ ਆਇਆ ਸੀ। ਉਹੀ ਫੋਟੋ ਕਾਫੀ ਸਮਾਂ ਮੇਰੇ ਫੋਨ ’ਚ ਰਹੀ, ਜਿਸ ਤੋਂ ਬਾਅਦ ਉਨ੍ਹਾਂ ਦੇ ਮਨ ’ਚ ਇਸੇ ਵਿਸ਼ੇ ’ਤੇ ਫਿਲਮ ਬਣਾਉਣ ਦਾ ਖਿਆਲ ਆਇਆ।
ਸਵਾਲ : ਸਕ੍ਰੀਨ ’ਤੇ ਹਮੇਸ਼ਾ ਗਲੈਮਰਸ ਲੁੱਕ ’ਚ ਨਜ਼ਰ ਆਉਣ ਵਾਲੀ ਨੀਰੂ ਇਸ ਵਾਰ ਨਵੇਂ ਅਵਤਾਰ ਨਾਲ ਦਰਸ਼ਕਾਂ ਨੂੰ ਕਿਵੇਂ ਇੰਪ੍ਰੈਸ ਕਰੇਗੀ?
ਨੀਰੂ ਬਾਜਵਾ - ਇਹ ਕਿਰਦਾਰ ਮੇਰੇ ਕਰੀਅਰ ਦਾ ਸਰੀਰਕ ਤੌਰ ’ਤੇ ਸਭ ਤੋਂ ਔਖਾ ਅਤੇ ਚੁਣੌਤੀਪੂਰਨ ਰੋਲ ਰਿਹਾ। ਜੇਕਰ ਮੈਂ 25 ਸਾਲ ਇੱਕੋ ਜਿਹੇ ਰੋਲ (ਜਿਵੇਂ ਜੱਟ ਐਂਡ ਜੂਲੀਅਟ ਦੀ ਪੂਜਾ) ਕਰਦੀ ਰਹਾਂਗੀ ਤਾਂ ਦਰਸ਼ਕ ਵੀ ਬੋਰ ਹੋ ਜਾਣਗੇ। ਇਸ ਵਾਰ ਤੁਹਾਨੂੰ ਨੀਰੂ ਬਾਜਵਾ ਨਵੀਂ ਲੁੱਕ ’ਚ ਵੇਖਣ ਨੂੰ ਮਿਲੇਗੀ।
ਸਵਾਲ : ਕਿਸੇ ਵੀ ਖੇਤਰ ’ਚ ਆਪਣੇ ਪਾਰਟਨਰ ਦਾ ਸਪੋਰਟ ਕਿੰਨੀ ਜ਼ਰੂਰੀ ਹੈ?
ਨੀਰੂ ਬਾਜਵਾ- ਇਕ ਵਧੀਆ ਪਾਰਟਨਰ ਤੁਹਾਨੂੰ ਬਣਾ ਵੀ ਸਕਦਾ ਹੈ ਤੇ ਤੋੜ ਵੀ ਸਕਦਾ ਹੈ। ਮੇਰੀਆਂ 3 ਧੀਆਂ ਹਨ ਤੇ ਜੇਕਰ ਮੇਰਾ ਪਤੀ ਵਧੀਆ ਪਿਤਾ ਨਾ ਹੁੰਦਾ, ਸਪੋਰਟ ਨਾ ਕਰਦਾ ਤਾਂ ਮੈਂ ਇੱਥੇ ਕੰਮ ਨਾ ਕਰ ਪਾਉਂਦੀ।
ਸਵਾਲ : ਨਵੀਂ ਭੂਮਿਕਾ ਨਿਭਾਉਣ ਵੇਲੇ ਡਰ ਨਹੀਂ ਲੱਗਾ?
ਨੀਰੂ ਬਾਜਵਾ - ਬਿਲਕੁਲ ਵੀ ਨਹੀਂ। ਮੇਰਾ ਇਕੋ ਧਿਆਨ ਸਿਰਫ ਆਪਣੇ ਕਿਰਦਾਰ ਅਤੇ ਭੂਮਿਕਾ ਵੱਲ ਸੀ। ਮੈਂ ਆਪਣਾ 100 ਫੀਸਦੀ ਦੇਣਾ ਸੀ ਸੋ ਮੈਂ ਦਿੱਤਾ। ਦਰਸ਼ਕ ਸਾਨੂੰ ਹਰ ਰੂਪ ’ਚ ਦੇਖਣਾ ਚਾਹੁੰਦੇ ਹਨ, ਕਿਉਂਕਿ ਉਹ ਇਕੋ ਕਿਰਦਾਰ ’ਚ ਵੇਖ ਕੇ ਅੱਕ ਚੁੱਕੇ ਹਨ।
ਸਵਾਲ : ਬਾਲੀਵੁੱਡ ਤੋਂ ਬਾਅਦ ਪੰਜਾਬੀ ਫਿਲਮ ‘ਥਾਪੀ’ ਨਾਲ ਜੁੜਨ ਦਾ ਸਬੱਬ ਕਿਵੇਂ ਬਣਿਆ?
ਸਨੀ ਸਿੰਘ- ਮੇਰੀ ਮੰਮੀ ਹਮੇਸ਼ਾ ਚਾਹੁੰਦੀ ਸੀ ਕਿ ਮੈਂ ਪੰਜਾਬੀ ਫਿਲਮਾਂ ਨਾਲ ਜੁੜਾਂ। ਜਦੋਂ ਜਗਦੀਪ ਭਾਜੀ ਨੇ ਫੋਨ ਕੀਤਾ ਤਾਂ ਮੈਂ ਨਿਰਦੇਸ਼ਕ ਦੇ ਵਿਜ਼ਨ ਤੇ ਕੰਟੈਂਟ ਤੋਂ ਬਹੁਤ ਪ੍ਰਭਾਵਿਤ ਹੋਇਆ ਤੇ 5-7 ਮਿੰਟਾਂ ’ਚ ਹੀ ਹਾਂ ਕਰ ਦਿੱਤੀ।
ਸਵਾਲ : ਫਿਲਮ ’ਚ ਤੁਹਾਡੇ ਕਿਰਦਾਰ ਤੇ ਸਪੋਰਟ ਸਿਸਟਮ ਦੀ ਕੀ ਅਹਿਮੀਅਤ ਹੈ?
ਸਨੀ ਸਿੰਘ- ਕਿਸੇ ਵੀ ਖੇਤਰ ’ਚ ਪਾਰਟਨਰ ਜਾਂ ਪਰਿਵਾਰ ਦਾ ਸਹਿਯੋਗ ਹੋਣਾ ਸਭ ਤੋਂ ਜ਼ਰੂਰੀ ਹੈ। ਫਿਰ ਹੀ ਤੁਸੀਂ ਆਪਣਾ ਕੰਮ ਵਧੀਆ ਤਰੀਕੇ ਨਾਲ ਕਰ ਸਕਦੇ ਹੋ। ਫਿਲਮ ’ਚ ਉਹ ਅਜਿਹੇ ਪਤੀ ਦਾ ਰੋਲ ਨਿਭਾਅ ਰਹੇ ਹਨ, ਜੋ ਆਪਣੀ ਪਤਨੀ (ਨੀਰੂ ਬਾਜਵਾ) ਦੇ ਸੁਫਨਿਆਂ ਨੂੰ ਪੂਰਾ ਕਰਨ ’ਚ ਹਮੇਸ਼ਾ ਉਸ ਦਾ ਸਾਥ ਦਿੰਦਾ ਹੈ।
ਸਵਾਲ : ਜਦੋਂ ਤੁਸੀਂ ਰੀਅਲ ਲਾਈਫ ਸਪੋਰਟਸ ਤੋਂ ਸਿਨੇਮਾ ਇੰਡਸਟਰੀ ’ਚ ਆਏ ਤਾਂ ਤੁਹਾਨੂੰ ਕੀ ਬਦਲਾਅ ਮਹਿਸੂਸ ਹੋਇਆ?
ਪ੍ਰਵੀਨ ਖਾਨ- ਜਦੋਂ ਮੈਂ ਇਸ ਇੰਡਸਟਰੀ ’ਚ ਆਈ ਤਾਂ ਮੈਨੂੰ ਇੰਡਸਟਰੀ ਦੇ ਲੋਕਾਂ ਨੇ ਬਹੁਤ ਪਿਆਰ ਨਾਲ ਅਪਣਾਇਆ। ਜਿਵੇਂ ਕ੍ਰਿਕਟ ’ਚ ਪ੍ਰੈਕਟਿਸ ਕਰਦੀ ਸੀ, ਉਸੇ ਤਰ੍ਹਾਂ ਕਬੱਡੀ ਦੀ ਵੀ ਪ੍ਰੈਕਟਿਸ ਕੀਤੀ, ਉਦੋਂ ਅਹਿਸਾਸ ਹੋਇਆ ਕਿ ਕਬੱਡੀ ਵੀ ਸਰੀਰਕ ਤੇ ਮਾਨਸਿਕ ਤੌਰ ’ਤੇ ਬਹੁਤ ਮੁਸ਼ਕਲ ਗੇਮ ਹੈ।
‘ਥਾਪੀ’ ਫ਼ਿਲਮ ਦੇ ਨਿਰਮਾਤਾ ਅਮਨਪ੍ਰੀਤ ਸਿੰਘ ਵੱਲੋਂ ਇਕ ਖ਼ਾਸ ਸੰਦੇਸ਼
ਇਹ ‘ਥਾਪੀ’ ਫ਼ਿਲਮ ਦੇ ਨਿਰਮਾਤਾ ਅਮਨਪ੍ਰੀਤ ਸਿੰਘ ਨੇ ਫ਼ਿਲਮ ਦੇ ਅਸਲ ਮਨੋਰਥ ਨੂੰ ਸਪੱਸ਼ਟ ਕੀਤਾ ਹੈ। ਉਨ੍ਹਾਂ ਅਨੁਸਾਰ ਇਹ ਫ਼ਿਲਮ ਸਿਰਫ਼ ਸਿਨੇਮਾ ਜਾਂ ਰਵਾਇਤੀ ਪ੍ਰਮੋਸ਼ਨ ਤੱਕ ਸੀਮਤ ਨਹੀਂ ਹੈ, ਸਗੋਂ ਕਬੱਡੀ ਖੇਡ ਲਈ ਕੁਝ ਸਾਰਥਕ ਕਰਨ ਅਤੇ ਖਿਡਾਰੀਆਂ ਦੇ ਸੰਘਰਸ਼ ਨੂੰ ਸਨਮਾਨ ਦਿਵਾਉਣ ਦੀ ਇਕ ਕੋਸ਼ਿਸ਼ ਹੈ।
ਉਨ੍ਹਾਂ ਨੇ ਮਹਿਸੂਸ ਕੀਤਾ ਕਿ ਜਿਨ੍ਹਾਂ ਖਿਡਾਰੀਆਂ ਨੇ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਕਬੱਡੀ ਲਈ ਸਮਰਪਿਤ ਕੀਤਾ ਹੈ ਅਤੇ ਫਿਰ ਵੀ ਅਣਗੌਲੇ ਰਹੇ ਹਨ, ਉਨ੍ਹਾਂ ਦੀਆਂ ਕਹਾਣੀਆਂ ਲੋਕਾਂ ਤੱਕ ਪਹੁੰਚਾਉਣਾ ਅਤੇ ਉਨ੍ਹਾਂ ਦੀ ਬਣਦੀ ਮਦਦ ਕਰਨਾ ਇਕ ਧਾਰਮਿਕ ਅਤੇ ਸਮਾਜਿਕ ਜ਼ਿੰਮੇਵਾਰੀ ਹੈ। ਨਿਰਮਾਤਾ ਦੀ ਚਾਹਤ ਹੈ ਕਿ ‘ਥਾਪੀ’ ਸਿਰਫ਼ ਇਕ ਫ਼ਿਲਮ ਬਣ ਕੇ ਨਾ ਰਹਿ ਜਾਵੇ, ਸਗੋਂ ਇਕ ਅਜਿਹੀ ਮੁਹਿੰਮ ਬਣੇ ਜੋ ਸਮਾਜ ਨੂੰ ਇਨ੍ਹਾਂ ਖਿਡਾਰੀਆਂ ਦੀ ਕਦਰ ਕਰਨ ਲਈ ਪ੍ਰੇਰਿਤ ਕਰੇ ਅਤੇ ਪਰਦੇ ਤੋਂ ਅੱਗੇ ਵਧ ਕੇ ਉਨ੍ਹਾਂ ਦੇ ਜੀਵਨ ਵਿਚ ਅਸਲ ਬਦਲਾਅ ਲਿਆ ਸਕੇ।
ਮਾਧੁਰੀ ਦੀਕਸ਼ਿਤ ਨੇ ਰਚਿਆ ਇਤਿਹਾਸ, ਕਵਿਜ਼ ਸ਼ੋਅ 'ਕੋਨ ਹੋਣਾਰ ਕਰੋੜਪਤੀ' ਦੀ ਪਹਿਲੀ ਮਹਿਲਾ ਹੋਸਟ ਬਣੀ
NEXT STORY