ਫਿਰੋਜ਼ਪੁਰ (ਜਤਿੰਦਰ)-ਸ੍ਰੀ ਮੁਕਤਸਰ ਸਾਹਿਬ ਰੋਡ ’ਤੇ ਰੇਲਵੇ ੳਵਰਬ੍ਰਿਜ ਦੀ ਉਸਾਰੀ ਦਾ ਕੰਮ ਨਿਰਮਾਣ ਅਧੀਨ ਚੱਲ ਰਿਹਾ ਹੈ ਅਤੇ ਸਬੰਧਤ ਠੇਕੇਦਾਰ ਆਪਣੀ ਮਨਮਰਜ਼ੀ ਨਾਲ ਸ੍ਰੀ ਮੁਕਤਸਰ ਸਾਹਿਬ ਰੋਡ ’ਤੇ ਵੱਡੇ-ਵੱਡੇ ਖੱਡੇ ਪੁੱਟ ਚੁੱਕਾ ਹੈ, ਜਿਸ ਦੇ ਨਾਲ ਇਸ ਰੋਡ ’ਤੇ ਰਹਿਣ ਵਾਲੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦਰਸ਼ਨ ਵਰਮਾ, ਬਿੱਟੂ, ਰਵੀ ਮੁੰਜਾਲ ਆਦਿ ਨੇ ਦੱਸਿਆ ਕਿ ਅੱਜ ਤੋਂ ਕਰੀਬ ਸਵਾ ਮਹੀਨਾ ਪਹਿਲਾਂ ਸ਼ਨੀਦੇਵ ਮੰਦਰ ਚੌਕ ਤੋਂ ਲੈ ਕੇ ਭਗਤ ਚਾਂਦੀ ਰਾਮ ਧਰਮਸ਼ਾਲਾ ਤੱਕ ਸਡ਼ਕਾਂ ਦੇ ਦੋਵਾਂ ਪਾਸੇ ਦੀਵਾਰ ਬਣਾਉਣ ਲਈ ਸਬੰਧਤ ਠੇਕੇਦਾਰ ਵੱਲੋਂ ਵੱਡੇ-ਵੱਡੇ ਖੱਡੇ ਪੁੱਟੇ ਗਏ ਸੀ ਪਰ ਅੱਜ ਤੱਕ ਇਨ੍ਹਾਂ ਖੱਡਿਆਂ ਨੂੰ ਬੰਦ ਨਹੀਂ ਕੀਤਾ ਗਿਆ, ਜਦਕਿ ਦੀਵਾਰ ਬਣ ਚੁੱਕੀ ਹੈ। ਲੋਕਾਂ ਨੇ ਅੱਗੇ ਦੱਸਿਆ ਕਿ ਇਨ੍ਹਾਂ ਖੱਡਿਆਂ ’ਚ ਮਿੱਟੀ ਪਾਉਣ ਦੀ ਬਜਾਏ ਠੇਕੇਦਾਰ ਪੁਰਾਣੇ ਡਿਵਾਈਡਰਾਂ ਦੇ ਭਾਰੀ ਪੱਥਰਾਂ ਦਾ ਮਲਬਾ ਇਸਤੇਮਾਲ ਕਰ ਰਿਹਾ ਹੈ, ਜਦਕਿ ਖੱਡਿਆਂ ਨੂੰ ਬੰਦ ਕਰਨ ਲਈ ਮਿੱਟੀ ਦਾ ਇਸਤੇਮਾਲ ਕਰਨਾ ਬਣਦਾ ਹੈ। ਲੋਕਾਂ ਦੇ ਰਿਹਾਇਸ਼ੀ ਮਕਾਨਾਂ ਅਤੇ ਦੁਕਾਨਾਂ ਦੇ ਪਾਣੀ ਅਤੇ ਸੀਵਰੇਜ ਦੇ ਕੁਨੈਕਸ਼ਨ ਕਈ ਵਾਰ ਇਸ ਮਲਬੇ ਕਾਰਨ ਨੁਕਸਾਨੇ ਗਏ ਹਨ, ਜਿਸ ਦੇ ਨਾਲ ਇਥੋਂ ਦੇ ਲੋਕਾਂ ਨੂੰ ਕਾਫੀ ਮਾਲੀ ਨੁਕਸਾਨ ਸਹਿਣ ਕਰਨਾ ਪਿਆ ਹੈ। ਲੋਕਾਂ ਨੇ ਦੱਸਿਆ ਕਿ ਅੱਜ ਵੀ ਇਹ ਭਾਰੀ ਭਰ-ਕਮ ਪੱਥਰ ਥਾਂ-ਥਾਂ ਤੋਂ ਪੁੱਟੀ ਹੋਈ ਸਡ਼ਕ ’ਤੇ ਬੇਤਰਤੀਬੇ ਢੰਗ ਨਾਲ ਖਿਲਰੇ ਪਏ ਹਨ ਅਤੇ ਲੋਕਾਂ ਦੇ ਜੀਅ ਦਾ ਜੰਜਾਲ ਬਣੇ ਹੋਏ ਹਨ। ਲੋਕਾਂ ਨੇ ਦੱਸਿਆ ਕਿ ਵਾਰ-ਵਾਰ ਸੂਚਿਤ ਕਰਨ ਦੇ ਬਾਵਜੂਦ ਵੀ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਅਤੇ ਸਬੰਧਤ ਵਿਭਾਗ ਅਤੇ ਠੇਕੇਦਾਰ ਵੱਲੋਂ ਕੋਈ ਸੰਤੁਸ਼ਟੀ ਜਨਕ ਜਵਾਬ ਨਹੀਂ ਦਿੱਤਾ ਜਾ ਰਿਹਾ ਹੈ। ਉਨ੍ਹਾਂ ਇਹ ਖਦਸ਼ਾ ਜ਼ਾਹਿਰ ਕੀਤਾ ਕਿ ਸਡ਼ਕ ਦੇ ਦੋਵਾਂ ਪਾਸੇ ਨਾਲੀ ਬਣਾਉਣ ਦੇ ਸਮੇਂ ਉਨ੍ਹਾਂ ਦੇ ਘਰਾਂ ਦੇ ਸੀਵਰੇਜ ਅਤੇ ਪਾਣੀ ਦੇ ਕੁਨੈਕਸ਼ਨ ਫਿਰ ਕੱਟ ਦਿੱਤੇ ਜਾਣਗੇ, ਜਦਕਿ ਪਹਿਲਾਂ 2 ਵਾਰ ਸਡ਼ਕ ਦੀ ਅਪਗ੍ਰੇਡੇਸ਼ਨ ਸਮੇਂ ਲੋਕਾਂ ਨੂੰ ਨੁਕਸਾਨ ਸਹਿਣ ਕਰਨਾ ਪਿਆ ਸੀ। ਲੋਕਾਂ ਨੇ ਸਬੰਧਤ ਵਿਭਾਗ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਰੇਲਵੇ ਓਵਰਬ੍ਰਿਜ ਦੇ ਕੰਮ ਨੂੰ ਸੁਚੱਜੇ ਢੰਗ ਨਾਲ ਅਤੇ ਪੁਖਤਾ ਵਿਉਂਤਬੰਦੀ ਨਾਲ ਸਿਰੇ ਚਾਡ਼੍ਹਿਆ ਜਾਵੇ ਤਾਂ ਕਿ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮਾਮਲੇ ਸਬੰਧੀ ਜਦੋਂ ਸਬੰਧਤ ਵਿਭਾਗ ਦੇ ਠੇਕੇਦਾਰ ਨਾਲ ਵਾਰ-ਵਾਰ ਫੋਨ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਫੋਨ ਨੂੰ ਚੁੱਕਣ ਦੀ ਕੋਸ਼ਿਸ਼ ਨਹੀਂ ਕੀਤੀ।
ਰਿਹਾਇਸ਼ੀ ਇਲਾਕੇ ’ਚ ਚੱਲ ਰਹੀ ਫੈਕਟਰੀ ਨੂੰ ਬੰਦ ਕਰਵਾਉਣ ਦੀ ਮੰਗ
NEXT STORY