ਗੈਜੇਟ ਡੈਸਕ : ਭਾਰਤੀ ਰੇਲਵੇ ਅਜਿਹੀ ਬੁਲੇਟ ਟਰੇਨ ਸੇਵਾ ਸ਼ੁਰੂ ਕਰਨ ’ਤੇ ਵਿਚਾਰ ਕਰ ਰਿਹਾ ਹੈ, ਜੋ ਤੂਫਾਨੀ ਰਫਤਾਰ ਨਾਲ ਰੇਲ ਦੀਆਂ ਪਟੜੀਆਂ ’ਤੇ ਦੌੜੇਗੀ ਅਤੇ ਸਫਰ ਦਾ ਬਿਹਤਰੀਨ ਤਜਰਬਾ ਦਿੰਦਿਆਂ ਬਹੁਤ ਘੱਟ ਸਮੇਂ ਵਿਚ ਮੰਜ਼ਿਲ ਤਕ ਪਹੁੰਚਾ ਦੇਵੇਗੀ। ਇਸ ਬੁਲੇਟ ਟਰੇਨ ਨੂੰ ਚੇਨਈ ਤੋਂ ਮੈਸੂਰ ਤਕ ਸ਼ੁਰੂ ਕੀਤਾ ਜਾ ਸਕਦਾ ਹੈ ਅਤੇ ਇਹ ਬੈਂਗਲੁਰੂ ਤੋਂ ਹੋ ਕੇ ਲੰਘੇਗੀ। ਇਸ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੋਵੇਗੀ ਕਿ ਇਹ 7 ਘੰਟਿਆਂ ਦਾ ਰਸਤਾ ਸਿਰਫ 3 ਤੋਂ ਵੀ ਘੱਟ ਸਮੇਂ (ਸੰਭਾਵਤ 2.5 ਘੰਟੇ) ਵਿਚ ਪੂਰਾ ਕਰ ਲਵੇਗੀ। ਫਿਲਹਾਲ ਇਸ ਦੇ 2020 ਤੋਂ ਸ਼ੁਰੂ ਹੋਣ ਦੀ ਆਸ ਹੈ।
40 ਮਿੰਟ ’ਚ ਪਹੁੰਚਣਗੇ ਬੈਂਗਲੁਰੂ ਤੋਂ ਮੈਸੂਰ
ਬੁਲੇਟ ਟਰੇਨ ਦੇ ਆਉਣ ਨਾਲ ਚੇਨਈ ਤੋਂ ਬੈਂਗਲੁਰੂ ਤਕ ਪਹੁੰਚਣ ਦਾ ਸਮਾਂ 100 ਮਿੰਟ ਤਕ ਘਟ ਜਾਵੇਗਾ, ਜਦਕਿ ਬੈਂਗਲੁਰੂ ਤੋਂ ਮੈਸੂਰ 40 ਮਿੰਟ ਵਿਚ ਪਹੁੰਚਿਆ ਜਾ ਸਕੇਗਾ। ਇਸ ਖਬਰ ਦੀ ਜਾਣਕਾਰੀ ਉਸ ਵੇਲੇ ਸਾਹਮਣੇ ਆਈ ਜਦੋਂ ਜਰਮਨ ਸਰਕਾਰ ਨੇ ਭਾਰਤੀ ਰੇਲ ਨੂੰ ਪ੍ਰਪੋਜ਼ਲ ਸਬਮਿਟ ਕੀਤਾ, ਜਿਸ ਵਿਚ ਦੱਸਿਆ ਗਿਆ ਕਿ ਚੇਨਈ ਤੋਂ ਅਰਾਕੋਣਮ ਹੁੰਦੇ ਹੋਏ ਬੈਂਗਲੁਰੂ ਰਾਹੀਂ ਮੈਸੂਰ ਮਾਰਗ ’ਤੇ ਬੁਲੇਟ ਟਰੇਨ ਨੂੰ ਸ਼ੁਰੂ ਕੀਤਾ ਜਾ ਸਕਦਾ ਹੈ, ਜਿਸ ਦੀ ਲੰਬਾਈ 435 ਕਿਲੋਮੀਟਰ ਹੈ।

320km/h ਦੀ ਰਫਤਾਰ
ਜਰਮਨ ਰਾਜਦੂਤ ਮਾਰਟਿਨ ਕੀ ਨੇ ਇਕ ਪ੍ਰਾਜੈਕਟ ਦਾ ਵਿਸਥਾਰ ਨਾਲ ਅਧਿਐਨ ਕਰ ਕੇ ਰਿਪੋਰਟ ਤਿਆਰ ਕੀਤੀ ਹੈ, ਜੋ ਉਨ੍ਹਾਂ ਰੇਲਵੇ ਬੋਰਡ ਦੇ ਚੇਅਰਮੈਨ ਅਸ਼ਵਨੀ ਲੋਹਾਨੀ ਨੂੰ ਸੌਂਪੀ ਹੈ। ਅਧਿਐਨ ਤੋਂ ਪਤਾ ਲੱਗਾ ਹੈ ਕਿ ਬੁਲੇਟ ਟਰੇਨ ਦੀ ਰਫਤਾਰ 320 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ ਅਤੇ ਇਹ 3 ਘੰਟਿਆਂ ਵਿਚ ਸਫਰ ਤੈਅ ਕਰ ਲਵੇਗੀ। ਅਧਿਐਨ ਤੋਂ ਪਤਾ ਲੱਗਾ ਹੈ ਕਿ ਮੌਜੂਦਾ ਰੇਲ ਲਾਈਨਾਂ ਨੂੰ ਉੱਚ ਰਫਤਾਰ ਵਾਲੀਆਂ ਰੇਲਾਂ ਨਾਲ ਬਦਲਿਆ ਜਾਵੇਗਾ। ਇਸ ਦੌਰਾਨ 85 ਫੀਸਦੀ ਰੂਟ ’ਚ ਵਿਛੀਆਂ ਰੇਲ ਲਾਈਨਾਂ ਨੂੰ ਉੱਪਰ ਚੁੱਕਿਆ ਜਾਵੇਗਾ, ਜਦਕਿ 11 ਫੀਸਦੀ ਵਿਚ ਸੁਰੰਗਾਂ ਬਣਾਈਆਂ ਜਾਣਗੀਆਂ। ਫਿਲਹਾਲ ਰੇਲ ਲਾਈਨਾਂ ਨੂੰ ਬਦਲਣ ਦੀ ਯੋਜਨਾ ਨੂੰ ਭਾਰਤੀ ਰੇਲਵੇ ਨੇ ਮਨ੍ਹਾ ਕਰ ਦਿੱਤਾ ਹੈ ਅਤੇ ਕਿਹਾ ਹੈ ਕਿ ਮੌਜੂਦਾ ਲਾਈਨਾਂ ਇੰਨੀਆਂ ਉਲਝਣ ਭਰੀਆਂ ਹਨ ਕਿ ਇਨ੍ਹਾਂ ਵਿਚ ਤਬਦੀਲੀ ਨਹੀਂ ਕੀਤੀ ਜਾ ਸਕਦੀ।
ਭਾਰਤ ’ਚ ਕੀਤੀ ਗਈ ਫਿਜ਼ੀਬਿਲਟੀ ਸਟੱਡੀ
ਜਰਮਨ ਸਰਕਾਰ ਨੇ ਇਸ ਰੂਟ ’ਤੇ ਫਿਜ਼ੀਬਿਲਟੀ ਸਟੱਡੀ ਕੀਤੀ ਹੈ, ਜਿਸ ਵਿਚ ਪਤਾ ਲਾਇਆ ਗਿਆ ਹੈ ਕਿ ਇੱਥੇ ਬੁਲੇਟ ਟਰੇਨਾਂ ਲਈ ਕੰਬਾਈਂਡ ਤੇ ਇੰਡੀਵਿਜੁਅਲ ਰੇਲ ਲਾਈਨਾਂ ਵਿਛਾਈਆਂ ਜਾ ਸਕਣਗੀਆਂ।

ਇਕ ਲੱਖ ਕਰੋੜ ਰੁਪਏ ਦਾ ਖਰਚਾ
ਭਾਰਤੀ ਰੇਲਵੇ ਅਧਿਕਾਰੀ ਅਨੁਸਾਰ ਇਸ ਪ੍ਰਾਜੈਕਟ ’ਤੇ ਸਰਕਾਰ ਦਾ ਲਗਭਗ ਇਕ ਲੱਖ ਕਰੋੜ ਰੁਪਏ ਦਾ ਖਰਚਾ ਆਏਗਾ, ਜਦਕਿ ਇਸ ਤੋਂ ਵੱਖ 150 ਕਰੋੜ ਰੁਪਏ ਰੇਲ ਦੇ ਡੱਬਿਆਂ ਤੇ ਇੰਜਣ ਲਈ ਲੱਗਣਗੇ। ਫਿਲਹਾਲ ਇਸ ਪ੍ਰਪੋਜ਼ਲ ਨੂੰ ਅੰਡਰ ਰੀਵਿਊ ਰੱਖਿਆ ਗਿਆ ਹੈ।
ਮਹਿੰਗਾ ਹੋਵੇਗਾ ਸਫਰ
ਬੁਲੇਟ ਟਰੇਨ ਦੇ ਟਰੈਵਲ ਰੇਟਸ ਮੌਜੂਦਾ ਟਾਪ ਕਲਾਸ AC ਕੋਚਾਂ ਤੋਂ ਕਈ ਗੁਣਾ ਜ਼ਿਆਦਾ ਹੋਣਗੇ ਪਰ ਬੁਲੇਟ ਟਰੇਨ ਦੇ ਆਉਣ ਨਾਲ ਲੋਕਾਂ ਦਾ ਕਾਫੀ ਸਮਾਂ ਬਚੇਗਾ। ਇਸ ਰੂਟ ਤੋਂ ਇਲਾਵਾ ਦਿੱਲੀ-ਮੁੰਬਈ, ਦਿੱਲੀ-ਕੋਲਕਾਤਾ, ਦਿੱਲੀ-ਨਾਗਪੁਰ, ਮੁੰਬਈ-ਚੇਨਈ ਤੇ ਮੁੰਬਈ-ਨਾਗਪੁਰ ਤਕ ਵੀ ਬੁਲੇਟ ਟਰੇਨ ਲਿਆਉਣ ’ਤੇ ਵਿਚਾਰ ਕੀਤਾ ਜਾ ਸਕਦਾ ਹੈ।

ਨਿਸਾਨ Kicks ਦਾ ਵੀਡੀਓ ਟੀਜ਼ਰ ਕੀਤਾ ਜਾਰੀ, ਅਗਲੇ ਸਾਲ ਭਾਰਤ 'ਚ ਹੋਵੇਗੀ ਲਾਂਚ
NEXT STORY