ਘੱਟ ਜ਼ੋਰ ਲਾਉਣ ’ਤੇ ਵੀ ਫੜੇਗਾ ਤੇਜ਼ ਰਫਤਾਰ
ਗੈਜੇਟ ਡੈਸਕ– ਸਾਈਕਲਿੰਗ ਨੂੰ ਹੋਰ ਸਹੂਲਤ ਭਰਿਆ ਬਣਾਉਣ ਲਈ ਹੁਣ ਅਜਿਹਾ ਸਾਈਕਲ ਤਿਆਰ ਕੀਤਾ ਗਿਆ ਹੈ, ਜੋ ਬਿਨਾਂ ਚੇਨ ਦੇ ਕੰਮ ਕਰੇਗਾ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਨੂੰ ਲੇਟੈਸਟ ਲੀਵਰ ਡ੍ਰਾਵ ਸਿਸਟਮ ’ਤੇ ਆਧਾਰਿਤ ਤਿਆਰ ਕੀਤਾ ਗਿਆ ਹੈ, ਜੋ ਬਹੁਤ ਘੱਟ ਜ਼ੋਰ ਲਾਉਣ ’ਤੇ ਸਾਈਕਲ ਨੂੰ ਤੇਜ਼ ਚਲਾਉਣ ਵਿਚ ਮਦਦ ਕਰਦਾ ਹੈ। NuBike ਨੂੰ ਲਾਸ ਏਂਜਲਸ ਦੇ ਖੋਜੀ ਰੋਜਰ ਪਾਰਕਰ ਨੇ ਤਿਆਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸਾਈਕਲ ਚਲਾਉਣ ਵੇਲੇ ਚੇਨ ਦੇ ਉਤਰਨ ਨਾਲ ਚਾਲਕ ਨੂੰ ਕਾਫੀ ਸਮੱਸਿਆ ਆਉਂਦੀ ਹੈ। ਇਸੇ ਕਾਰਨ ਹੁਣ ਨਵੀਂ ਤਕਨੀਕ ਨੂੰ NuBike ਵਿਚ ਸ਼ਾਮਲ ਕੀਤਾ ਗਿਆ ਹੈ।
ਇੰਝ ਕੰਮ ਕਰੇਗਾ ਇਹ ਸਾਈਕਲ
NuBike ਨੂੰ ਕਾਰਬਨ ਫਾਈਬਰ ਫਰੇਮ ’ਤੇ ਬਣਾਇਆ ਗਿਆ ਹੈ। ਇਸ ਵਿਚ ਪੈਡਲਾਂ ਨੂੰ ਰੀਅਰ ਹੱਬ ਨਾਲ ਲਾਇਆ ਗਿਆ ਹੈ। ਚਾਲਕ ਨੂੰ ਇਸ ਨੂੰ ਚਲਾਉਣ ਲਈ ਲੱਤਾਂ ਨੂੰ ਘੁਮਾਉਣ ਦੀ ਲੋੜ ਨਹੀਂ ਪਵੇਗੀ ਕਿਉਂਕਿ ਪੈਡਲਾਂ ਨੂੰ ਸਿਰਫ ਉੱਪਰ ਤੇ ਹੇਠਾਂ ਧੱਕਣ ’ਤੇ ਹੀ ਇਹ ਸਾਈਕਲ ਕੰਮ ਕਰੇਗਾ।
ਮਲਟੀਪਲ ਗਿਅਰਜ਼ ਦੀ ਸਹੂਲਤ
NuBike ਵਿਚ ਮਲਟੀਪਲ ਗਿਅਰਜ਼ ਦੀ ਸਹੂਲਤ ਦਿੱਤੀ ਗਈ ਹੈ। ਇਸ ਦੇ ਪ੍ਰੋਟੋਟਾਈਪ ’ਚ 4 ਗਿਅਰ ਲੱਗੇ ਹਨ, ਜੋ ਕਿਸੇ ਵੀ ਸਥਿਤੀ ਵਿਚ ਇਸ ਨੂੰ ਚਲਾਉਣ ਵਿਚ ਮਦਦ ਕਰਦੇ ਹਨ। ਲੋੜ ਪੈਣ ’ਤੇ ਤੁਸੀਂ ਇਸ ਨੂੰ ਫੋਲਡ ਕਰ ਕੇ ਕਾਰ ਦੀ ਡਿੱਕੀ ’ਚ ਰੱਖ ਕੇ ਨਾਲ ਵੀ ਲਿਜਾ ਸਕਦੇ ਹੋ।
ਚੇਨ ਤੇ ਬੈਲਟ ਡਰਾਈਵ ਦੇ ਮੁਕਾਬਲੇ ਕਾਫੀ ਬਿਹਤਰ
ਇਸ ਦੇ ਨਿਰਮਾਤਾ ਰੋਜਰ ਪਾਰਕਰ ਨੇ ਦੱਸਿਆ ਕਿ ਚੇਨ ਤੇ ਬੈਲਟ-ਡਰਾਈਵ ਦੇ ਮੁਕਾਬਲੇ ਨਵਾਂ ਲੀਵਰ ਡ੍ਰਾਵ ਸਿਸਟਮ ਜ਼ਿਆਦਾ ਕਾਰਗਰ ਹੈ। ਬਰਾਊਨ ਅਨੁਸਾਰ ਇਹ ਤਕਨੀਕ ਘੱਟ ਜ਼ੋਰ ਲਾਉਣ ’ਤੇ ਜ਼ਿਆਦਾ ਪਾਵਰ ਪੈਦਾ ਕਰੇਗੀ, ਜਿਸ ਨਾਲ ਘੱਟ ਜ਼ੋਰ ਲਾ ਕੇ ਸਾਈਕਲ ਹੋਰ ਵੀ ਤੇਜ਼ ਚੱਲੇਗਾ। ਇਸ ਦੀ ਵਰਤੋਂ ਕਰਦਿਆਂ ਚੂਲਿਆਂ, ਗੋਡਿਆਂ ਤੇ ਗਿੱਟਿਆਂ ’ਤੇ ਜ਼ਿਆਦਾ ਜ਼ੋਰ ਨਹੀਂ ਪਵੇਗਾ ਅਤੇ ਥਕੇਵਾਂ ਵੀ ਘੱਟ ਹੋਵੇਗਾ।
ਭਾਰ ’ਚ ਹਲਕਾ, ਕੀਮਤ ’ਚ ਭਾਰੀ
ਫਿਲਹਾਲ ਇਸ ਸਾਈਕਲ ਦਾ ਇਕ ਪ੍ਰੋਟੋਟਾਈਪ ਮਾਡਲ ਹੀ ਤਿਆਰ ਕੀਤਾ ਗਿਆ ਹੈ, ਜਿਸ ਦਾ ਭਾਰ 10 ਕਿਲੋ ਹੈ ਪਰ ਆਉਣ ਵਾਲੇ ਸਮੇਂ ਵਿਚ ਇਸ ਦਾ ਭਾਰ 8 ਕਿਲੋ ਤਕ ਕਰਨ ਦਾ ਪਤਾ ਲੱਗਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਦੀ ਰਿਟੇਲ ਕੀਮਤ 3800 ਡਾਲਰ (ਲਗਭਗ 2.70 ਲੱਖ ਰੁਪਏ) ਦੇ ਲਗਭਗ ਹੋਵੇਗੀ। ਇਸ ਨੂੰ ਕਦੋਂ ਤਕ ਮੁਹੱਈਆ ਕਰਵਾਇਆ ਜਾਵੇਗਾ, ਇਸ ਦੀ ਜਾਣਕਾਰੀ ਨਹੀਂ ਹੈ।
ਦੁਰਘਟਨਾ ਹੋਣ ’ਤੇ ਚਾਲਕ ਦੀ ਜ਼ਿੰਦਗੀ ਬਚਾਏਗੀ Airbag cycling vest
NEXT STORY