ਜਲੰਧਰ : ਇਨਸਾਨੀ ਸਰੀਰ 'ਚ ਹਰ ਅੰਗ ਦਾ ਆਪਣਾ ਇਕ ਜ਼ਰੂਰੀ ਕੰਮ ਹੁੰਦਾ ਹੈ। ਸਾਡੇ ਸਰੀਰ ਦੇ ਕਈ ਅੰਗ ਸਖਤ ਹੁੰਦੇ ਹਨ ਤੇ ਕਈ ਬਹੁਤ ਹੀ ਨਾਜ਼ੁਕ, ਜਿਨ੍ਹਾਂ 'ਤੇ ਕਈ ਵਾਰ ਸੱਟ ਲੱਗ ਜਾਣ 'ਤੇ ਸਾਡਾ ਸਰੀਰ ਕੰਮ ਕਰਨੋਂ ਰਹਿ ਜਾਂਦਾ ਹੈ। ਇਨ੍ਹਾਂ ਅੰਗਾਂ 'ਚ ਰੀੜ੍ਹ ਦੀ ਹੱਡੀ ਮੁੱਖ ਹੈ ਜੋ ਕਿ ਸਾਡੇ ਸਰੀਰ ਨੂੰ ਬੈਲੈਂਸ ਤਾਂ ਕਰਦੀ ਹੀ ਹੈ ਨਾਲ ਹੀ ਸਪਾਈਨਲ ਕੋਡ 'ਚ ਜੁੜੇ ਤੰਤੂ ਪੂਰੇ ਸਰੀਰ ਦੀਆਂ ਹਰਕਤਾਂ ਨੂੰ ਦਿਮਾਗ ਨਾਲ ਜੋੜਦੇ ਹਨ, ਤਾਂ ਜੋ ਸਰੀਰ ਸਹੀ ਤਰੀਕੇ ਨਾਲ ਕੰਮ ਕਰ ਸਕੇ ਪਰ ਰੀੜ੍ਹ ਦੀ ਹੱਡੀ 'ਚ ਲੱਗੀ ਸੱਟ ਪੂਰੇ ਸਰੀਰ ਨੂੰ ਲਾਚਾਰ ਬਣਾ ਸਕਦੀ ਹੈ। ਰੀੜ੍ਹ ਦੀ ਹੱਡੀ 'ਚ ਲੱਗੀ ਸੱਟ ਨੂੰ ਠੀਕ ਕਰਨਾ ਜਾਂ ਇਸ ਦਾ ਪਰਮਾਨੈਂਟ ਇਲਾਜ ਕਰਨਾ ਅਜੇ ਤੱਕ ਸੰਭਵ ਨਹੀਂ ਹੈ।
ਇਸ ਦੇ ਇਲਾਜ ਲਈ ਮਯੋ ਕਲੀਨਿਕ ਦੇ ਖੋਜਕਾਰਾਂ ਨੇ ਇਸ ਤਰ੍ਹਾਂ ਦਾ ਨੋਵਲ ਸਪਾਈਨਲ ਗ੍ਰਾਫਟ (ਸਪੰਜੀ ਪਾਲੀਮਰ) ਤਿਆਰ ਕੀਤਾ ਹੈ ਜੋ ਆਪਣੇ-ਆਪ ਲੋੜ ਮੁਤਾਬਕ ਆਪਣਾ ਆਕਾਰ ਵਧਾ ਕੇ ਸਪਾਈਨਲ ਕੈਵਿਟੀ ਨੂੰ ਭਰ ਦਿੰਦਾ ਹੈ। ਇਹ ਸਪੰਜੀ ਪਾਲੀਮਰ ਹਾਲ ਹੀ 'ਚ ਸਿਡਨੀ ਦੇ ਇਕ ਹਸਪਤਾਲ 'ਚ ਹੋਏ ਨੈੱਕ ਇੰਜਰੀ ਦੇ ਆਪ੍ਰੇਸ਼ਨ 'ਚ ਵਰਤੇ ਗਏ 3D ਪ੍ਰਿੰਟਿਡ ਬੋਨ ਵਰਗਾ ਨਹੀਂ ਹੈ ਸਗੋਂ ਇਸ ਦਾ ਡਿਜ਼ਾਈਨ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਇਹ ਇੰਪਲਾਂਟ ਤੋਂ ਬਾਅਦ ਬੋਨ ਗ੍ਰਾਫਟ ਦੀ ਤਰ੍ਹਾਂ ਕੰਮ ਕਰਦਾ ਹੈ। ਉਦਾਹਰਨ ਲਈ ਰੀੜ੍ਹ ਦੀ ਹੱਡੀ ਦੇ ਟਿਊਮਰ 'ਚ ਜਦੋਂ ਇਸ ਦੇ ਇਲਾਜ ਲਈ ਟਿਊਮਰ ਦੇ ਟਿਸ਼ੂ ਸਪਾਈਨ 'ਚੋਂ ਹਟਾਏ ਜਾਂਦੇ ਹਨ ਤਾਂ ਸਪਾਈਨਲ ਕਾਲਮਜ਼ 'ਚ ਬਹੁਤ ਸਾਰੀ ਥਾਂ ਖਾਲੀ ਰਹਿ ਜਾਂਦੀ ਹੈ। ਇਸ ਖਾਲੀ ਥਾਂ ਨੂੰ ਭਰਨ ਲਈ ਡਾਕਟਰਾਂ ਨੂੰ ਜਾਂ ਤਾਂ ਸਿੱਧੇ ਤੌਰ 'ਤੇ ਸਰਜਰੀ ਕਰਨੀ ਪੈਂਦੀ ਹੈ, ਜਿਸ 'ਚ ਕਾਂਪਲੀਕੇਸ਼ੰਜ਼ ਦੀ ਸਥਿਤੀ ਵੱਧ ਜਾਂਦੀ ਹੈ। ਇਸ ਤੋਂ ਇਲਾਵਾ ਇਸ ਨੂੰ ਭਰਨ ਲਈ ਟਾਈਟੇਨੀਅਮ ਰਾਡ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਟਾਈਟੇਨੀਅਮ ਤੋਂ ਹੋਣ ਵਾਲਾ ਇਹ ਇਲਾਜ ਬਹੁਤ ਹੀ ਮਹਿੰਗਾ ਹੈ।
ਹੁਣ ਇਕ ਨਵੀਂ ਤਕਨੀਕ ਵਿਕਸਿਤ ਕੀਤੀ ਗਈ ਹੈ, ਜਿਸ 'ਚ ਟਾਈਟੇਨੀਅਮ ਦੀ ਲੋੜ ਨਹੀਂ ਹੋਵੇਗੀ, ਇਸ ਦਾ ਮਤਲਬ ਕਿ ਇਹ ਨਵਾਂ ਸਪੰਜੀ ਪਾਲੀਮਰ ਸਸਤਾ ਤੇ ਕਾਰਗਰ ਇਲਾਜ ਸਾਬਿਤ ਹੋ ਸਕਦਾ ਹੈ। ਇਸ ਦੇ ਕੰੰਮ ਕਰਨ ਤੇ ਇੰਪਲਾਂਟ ਦਾ ਤਰੀਕਾ ਟਾਈਟੇਨੀਅਮ ਰਾਡ ਨਾਲ ਹੋਣ ਵਾਲੀ ਸਰਜਰੀ ਵਰਗਾ ਹੀ ਹੋਵੇਗਾ। ਇਸ ਦੀ ਵਰਤੋਂ ਲਈ ਡਾਕਟਰਾਂ ਨੂੰ ਮਰੀਜ਼ ਦੀ ਗਰਦਨ ਜਾਂ ਪਿੱਠ 'ਚ ਇੰਜਰੀ ਵਾਲੀ ਖਾਲੀ ਜਗ੍ਹਾ 'ਚ ਹਾਈਡ੍ਰੋ ਜੈੱਲ ਪਾਲੀਮਰ ਨੂੰ ਭਰਨਾ ਹੋਵੇਗਾ, ਇਹ ਪਾਲੀਮਰ ਜ਼ਖਮ ਦੇ ਤਰਲ ਨੂੰ ਸੋਖ ਲਵੇਗਾ ਤੇ ਆਪਣੇ ਆਕਾਰ ਨੂੰ ਵਧਾ ਕੇ ਸਪਾਈਨਲ ਗੈਪ ਨੂੰ ਭਰ ਦੇਵੇਗਾ।
ਡਾਕਟਰ ਇਸ ਪਾਲੀਮਰ ਨੂੰ ਕਿਸੇ ਵੀ ਆਕਾਰ 'ਚ ਵਧਣ ਲਈ ਸੈੱਟ ਕਰ ਸਕਦੇ ਹਨ, ਇਸ ਲਈ ਉਨ੍ਹਾਂ ਨੂੰ ਜ਼ਖਮ 'ਚ ਹਾਈਡ੍ਰੋ ਜੈੱਲ ਪਾਲੀਮਰ ਨੂੰ ਪਾਉਣ ਤੋਂ ਪਹਿਲਾਂ ਇਕ ਕੇਜ ਪਾਉਣਾ ਹੋਵੇਗਾ। ਇਸ ਕੇਜ 'ਚ ਹਾਈਡ੍ਰੋ ਜੈੱਲ ਪਾਲੀਮਰ ਫੈਲ ਕੇ ਆਪਣੇ ਆਕਾਰ 'ਚ ਆ ਜਾਂਦਾ ਹੈ ਤੇ ਥੋੜ੍ਹੇ ਸਮੇਂ ਬਾਅਦ ਮਜ਼ਬੂਤੀ ਨਾਲ ਹੱਡੀ ਦੇ ਉੱਤਕਾਂ ਨਾਲ ਮਿਲ ਜਾਂਦਾ ਹੈ। ਮਯੋ ਕਲੀਨਿਕ ਅਗਲੇ ਸਟੈੱਪ ਵੱਲ ਵਧਦੇ ਹੋਏ ਮ੍ਰਿਤਕ ਸਰੀਰਾਂ 'ਤੇ ਇਸ ਤਕਨੀਕ ਦਾ ਪ੍ਰੀਖਣ ਕਰਨ ਜਾ ਰਹੀ ਹੈ ਤੇ ਜੇ ਸਫਲਤਾ ਹੱਥ ਲੱਗੀ ਤਾਂ ਅਗਲੇ ਕੁਝ ਸਾਲਾਂ 'ਚ ਇਸ ਤਕਨੀਕ ਦੀ ਵਰਤੋਂ ਇਨਸਾਨਾਂ 'ਤੇ ਵੀ ਸੰਭਵ ਹੋ ਜਾਵੇਗੀ।
ਲੰਡਨ ਭੰਡਾਰ ਐਕਸਚੇਂਜ ਅਤੇ ਡਿਊਸ਼ ਬੋਰਸ ਰਲੇਵੇਂ 'ਤੇ ਸਹਿਮਤ
NEXT STORY