ਕਾਬੁਲ (ਭਾਸ਼ਾ)— ਅਫਗਾਨਿਸਤਾਨ ਦੇ ਉੱਤਰੀ-ਪੂਰਬੀ ਹਿੱਸੇ ਵਿਚ ਬਰਫ ਪਿਘਲਣ ਦੀ ਵਜ੍ਹਾ ਨਾਲ ਜ਼ਮੀਨ ਖਿਸਕਣ ਕਾਰਨ ਘੱਟੋਂ-ਘੱਟ 10 ਲੋਕਾਂ ਦੀ ਮੌਤ ਹੋ ਗਈ ਅਤੇ ਸੈਂਕੜੇ ਮਕਾਨ ਢਹਿ ਗਏ। ਆਫਤ ਪ੍ਰਬੰਧਨ ਮੰਤਰਾਲੇ ਦੇ ਬੁਲਾਰੇ ਉਮਰ ਮੁਹੰਮਦੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਨੇ ਦੱਸਿਆ ਕਿ ਪੰਜਸ਼ੀਰ 'ਚ ਸਥਿਤ ਇਕ ਪਹਾੜੀ ਝੀਲ ਦੇ ਪਾਣੀ ਦਾ ਪੱਧਰ ਵੱਧਣ ਕਾਰਨ ਪੇਸ਼ਗੋਰ ਪਿੰਡ ਵਿਚ ਜ਼ਮੀਨ ਖਿਸਕ ਗਈ। ਕਾਬੁਲ ਦੇ ਉੱਤਰ ਵਿਚ ਸਥਿਤ ਪੰਜਸ਼ੀਰ ਸੂਬੇ ਬਰਫ ਨਾਲ ਢੱਕੀਆਂ ਪਹਾੜੀਆਂ ਲਈ ਜਾਣਿਆ ਜਾਂਦਾ ਹੈ। ਮੁਹੰਮਦੀ ਨੇ ਦੱਸਿਆ ਕਿ ਪਿੰਡ ਵਾਸੀ ਕਹੀਆਂ ਅਤੇ ਹੋਰ ਔਜਾਰਾਂ ਨਾਲ ਮਲਬੇ ਨੂੰ ਹਟਾ ਕੇ ਲੋਕਾਂ ਦੀ ਭਾਲ ਕਰ ਰਹੇ ਹਨ। ਪਿੰਡ ਵਿਚ ਬਚਾਅ ਦਲ ਦੇ ਕਰਮਚਾਰੀਆਂ ਨੂੰ ਵੀ ਤਾਇਨਾਤ ਕਰ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਅਸੀਂ ਲੋਕਾਂ ਦੀ ਮਦਦ ਲਈ ਸਭ ਕੁਝ ਉਪਲੱਬਧ ਕਰਵਾ ਰਹੇ ਹਾਂ। ਕੁਝ ਲੋਕ ਲਾਪਤਾ ਹਨ। ਦੱਸਣਯੋਗ ਹੈ ਕਿ ਨਾਟੋ ਸਿਖਰ ਸੰਮੇਲਨ ਦੇ ਸਿਲਸਿਲੇ ਵਿਚ ਬ੍ਰਸਲਜ਼ ਗਏ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਕੁਦਰਤੀ ਆਫਤ 'ਤੇ ਡੂੰਘਾ ਦੁੱਖ ਜ਼ਾਹਰ ਕੀਤਾ। ਉਨ੍ਹਾਂ ਨੇ ਇਕ ਬਿਆਨ ਵਿਚ ਕਿਹਾ ਕਿ ਜ਼ਮੀਨ ਖਿਸਕਣ ਕਾਰਨ ਕਈ ਲੋਕਾਂ ਦੀ ਜਾਨ ਗਈ ਹੈ। ਗਨੀ ਨੇ ਅਧਿਕਾਰੀਆਂ ਨੂੰ ਪ੍ਰਭਾਵਿਤ ਲੋਕਾਂ ਤਕ ਤੁਰੰਤ ਮਦਦ ਪਹੁੰਚਾਉਣ ਦੇ ਨਿਰਦੇਸ਼ ਦਿੱਤੇ ਹਨ।
ਡੇਅਰੀ ਉਤਪਾਦਾਂ ਦੇ ਫੈਟ ਨਾਲ ਦਿਲ ਨੂੰ ਨਹੀਂ ਕੋਈ ਖਤਰਾ
NEXT STORY