ਵਾਸ਼ਿੰਗਟਨ (ਬਿਊਰੋ)— ਭਾਰਤੀ ਮੂਲ ਦੀ ਅਮਰੀਕੀ ਟੀ.ਵੀ. ਸ਼ਖਸੀਅਤ ਅਤੇ ਖਾਧ ਮਾਹਰ ਪਦਮਾ ਲਕਸ਼ਮੀ ਨੂੰ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (ਯੂ.ਐੱਨ.ਡੀ.ਪੀ.) ਦਾ 'ਗੁੱਡਵਿਲ ਐਂਬੈਸਡਰ' ਬਣਾਇਆ ਗਿਆ ਹੈ। ਉਹ ਦੁਨੀਆ ਭਰ ਵਿਚ ਅਸਮਾਨਤਾ ਅਤੇ ਭੇਦਭਾਵ ਵਿਰੁੱਧ ਸੰਗਠਨ ਦੀ ਲੜਾਈ ਦਾ ਸਮਰਥਨ ਕਰੇਗੀ। ਯੂ.ਐੱਨ.ਡੀ.ਪੀ. ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੀ ਬੀਤੀ ਸ਼ਾਮ (ਵੀਰਵਾਰ) ਨੂੰ ਲਕਸ਼ਮੀ ਨੂੰ ਨਿਯੁਕਤ ਕੀਤੇ ਜਾਣ ਦਾ ਐਲਾਨ ਕੀਤਾ। ਐਮੀ ਪੁਰਸਕਾਰ ਲਈ ਨਾਮਜ਼ਦ ਟੀ.ਵੀ. ਹਸਤੀ ਅਤੇ ਪੁਰਸਕਾਰ ਜੇਤੂ ਲੇਖਿਕਾ ਲਕਸ਼ਮੀ ਆਪਣੀ ਨਵੀਂ ਭੂਮਿਕਾ ਵਿਚ ਅਸਮਾਨਤਾ ਅਤੇ ਭੇਦਭਾਵ ਵਿਰੁੱਧ ਲੜਾਈ ਅਤੇ ਵਾਂਝਿਆਂ ਨੂੰ ਮਜ਼ਬੂਤ ਬਣਾਉਣ ਵੱਲ ਧਿਆਨ ਕੇਂਦਰਿਤ ਕਰਦਿਆਂ ਲਗਾਤਾਰ ਵਿਕਾਸ ਟੀਚਿਆਂ ਪ੍ਰਤੀ ਸਮਰਥਨ ਜੁਟਾਉਣ ਦਾ ਕੰਮ ਕਰੇਗੀ।
ਯੂ.ਐੱਨ.ਡੀ.ਪੀ. ਪ੍ਰਸ਼ਾਸਕ ਅਚਿਮ ਸਟੀਨਰ ਨੇ 'ਗੁੱਡਵਿਲ ਐਂਬੈਸਡਰ' ਦੇ ਤੌਰ 'ਤੇ ਲਕਸ਼ਮੀ ਦੇ ਨਾਮ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਲਕਸ਼ਮੀ ਪਹਿਲਾਂ ਵੀ ਭੇਦਭਾਵ ਵਿਰੁੱਧ ਅਤੇ ਵਾਂਝੇ ਵਰਗ ਲਈ ਆਵਾਜ਼ ਚੁੱਕਦੀ ਰਹੀ ਹੈ। ਲਕਸ਼ਮੀ ਨੇ ਯੂ.ਐੱਨ.ਡੀ.ਪੀ. ਵਿਚ ਆਯੋਜਿਤ ਇਕ ਪ੍ਰੈੱਸ ਵਾਰਤਾ ਵਿਚ ਕਿਹਾ ਕਿ ਅਸੀਂ ਜਦੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾ ਰਹੇ ਹਾਂ ਤਾਂ ਇਸ ਸਮੇਂ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਔਰਤਾਂ ਅਤੇ ਕੁੜੀਆਂ ਨੂੰ ਦੁਨੀਆ ਭਰ ਵਿਚ ਸਭ ਤੋਂ ਜ਼ਿਆਦਾ ਭੇਦਭਾਵ ਅਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੇ ਕਿਹਾ ਕਿ ਗੁੱਡਵਿਲ ਐਂਬੈਸਡਰ ਦੇ ਤੌਰ 'ਤੇ ਉਹ ਇਸ ਗੱਲ ਵੱਲ ਲੋਕਾਂ ਦਾ ਧਿਆਨ ਆਕਰਸ਼ਿਤ ਕਰੇਗੀ ਕਿ ਅਸਮਾਨਤਾ ਅਮੀਰ ਅਤੇ ਗਰੀਬ ਦੇਸ਼ਾਂ ਨੂੰ ਸਮਾਨ ਰੂਪ ਨਾਲ ਪ੍ਰਭਾਵਿਤ ਕਰਦੀ ਹੈ।
ਲਕਸ਼ਮੀ ਨੇ ਕਿਹਾ ਕਿ ਕਈ ਦੇਸ਼ ਗਰੀਬੀ ਘੱਟ ਕਰਨ ਵਿਚ ਸਫਲ ਰਹੇ ਹਨ ਪਰ ਅਸਮਾਨਤਾ ਦੂਰ ਕਰਨ ਲਈ ਹਾਲੇ ਬਹੁਤ ਕੁਝ ਕਰਨਾ ਬਾਕੀ ਹੈ। ਉਨ੍ਹਾਂ ਨੇ ਕਿਹਾ ਕਿ ਉਮਰ, ਲਿੰਗ, ਜਾਤੀ ਅਤੇ ਨਸਲ ਦੇ ਆਧਾਰ 'ਤੇ ਅਸਮਾਨਤਾ ਕੀਤੀ ਜਾਂਦੀ ਹੈ। ਇਹ ਖਾਸ ਕਰ ਕੇ ਔਰਤਾਂ, ਘੱਟ ਗਿਣਤੀਆਂ ਅਤੇ ਹੋਰ ਉਨ੍ਹਾਂ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ ਜਿਨ੍ਹਾਂ ਨੂੰ ਸਮਾਜ ਵਿਚ ਕਾਫੀ ਅਸਮਾਨਤਾ ਦਾ ਸਾਹਮਣਾ ਕਰਨਾ ਪੈਂਦਾ ਹੈ। ਲਕਸ਼ਮੀ ਨੇ ਇਸ ਗੱਲ ਤੇ ਜ਼ੋਰ ਦਿੱਤਾ ਉਨ੍ਹਾਂ ਵਾਂਗ ਬਾਕੀ ਲੋਕ ਵੀ ਇਸ ਭੇਦਭਾਵ ਵਿਰੁੱਧ ਆਵਾਜ਼ ਚੁੱਕਣ ਤਾਂ ਜੋ ਦੁਨੀਆ ਵਿਚ ਸ਼ਾਂਤੀ ਅਤੇ ਖੁਸ਼ਹਾਲੀ ਕਾਇਮ ਕਰਨ ਦੇ ਸੁਪਨੇ ਨੂੰ ਸਾਕਾਰ ਕੀਤਾ ਜਾ ਸਕੇ।
ਇੰਡੋਨੇਸ਼ੀਆ 'ਚ ਭਾਰੀ ਮੀਂਹ ਤੇ ਹੜ੍ਹ ਕਾਰਨ 2 ਲੋਕਾਂ ਦੀ ਮੌਤ
NEXT STORY