ਸਿਡਨੀ (ਭਾਸ਼ਾ)— ਆਸਟ੍ਰੇਲੀਆ ਦਾ ਸਭ ਤੋਂ ਰੂੜ੍ਹੀਵਾਦੀ ਸੂਬਾ ਮੰਨੇ ਜਾਣ ਵਾਲੇ ਕੁਈਨਜ਼ਲੈਂਡ ਦੇ ਲੋਕ ਪ੍ਰਤੀਨਿਧੀਆਂ ਨੇ ਸਦੀਆਂ ਪੁਰਾਣੇ 'ਨੈਤਿਕਤਾ ਕਾਨੂੰਨ' ਨੂੰ ਬਦਲ ਕੇ ਔਰਤਾਂ ਨੂੰ ਕਾਨੂੰਨੀ ਤੌਰ 'ਤੇ ਗਰਭਪਾਤ ਕਰਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਕਾਨੂੰਨ ਨੂੰ ਬਦਲਣ ਲਈ ਕਰੀਬ 5 ਦਹਾਕਿਆਂ ਤੋਂ ਅੰਦੋਲਨ ਚੱਲ ਰਿਹਾ ਸੀ। ਸੂਬੇ ਦੀ ਵਿਧਾਨ ਸਭਾ ਨੇ ਬੁੱਧਵਾਰ ਨੂੰ 41 ਦੇ ਮੁਕਾਬਲੇ 50 ਵੋਟਾਂ ਨਾਲ 'ਨੈਤਿਕਤਾ ਕਾਨੂੰਨ' ਨੂੰ ਖਤਮ ਕਰਨ ਦੇ ਪ੍ਰਬੰਧ ਲਈ ਵੋਟ ਕੀਤਾ। ਹੁਣ ਨਵੇਂ ਕਾਨੂੰਨ ਦੇ ਤਹਿਤ ਇਕ ਮਹਿਲਾ 22 ਹਫਤਿਆਂ ਤੱਕ ਦੇ ਭਰੂਣ ਦਾ ਗਰਭਪਾਤ ਬਿਨਾ ਕਿਸੇ ਸਵਾਲ ਦੇ ਕਰਾ ਸਕੇਗੀ। ਇਸ ਮਗਰੋਂ ਗਰਭਪਾਤ ਕਰਾਉਣ ਲਈ ਉਸ ਨੂੰ ਦੋ ਡਾਕਟਰਾਂ ਤੋਂ ਇਜਾਜ਼ਤ ਲੈਣੀ ਹੋਵੇਗੀ।
ਨਵਾਂ ਕਾਨੂੰਨ ਗਰਭਪਾਤ ਦੀ ਮੈਡੀਕਲ ਸਹੂਲਤ ਮੁਹੱਈਆ ਕਰਾਉਣ ਵਾਲੇ ਕਲੀਨਿਕਾਂ ਦੇ ਆਲੇ-ਦੁਆਲੇ 150 ਮੀਟਰ ਤੱਕ ਦੇ ਖੇਤਰ ਨੂੰ ਜੋਨ ਦੇ ਤਹਿਤ ਰੱਖਦਾ ਹੈ, ਜਿੱਥੇ ਪ੍ਰਦਰਸ਼ਨ ਕਰਨ 'ਤੇ ਪਾਬੰਦੀ ਹੈ। ਸਿਰਫ ਇੰਨਾ ਹੀ ਨਹੀਂ ਜੇ ਕੋਈ ਡਾਕਟਰ ਖੁਦ ਮਹਿਲਾ ਦਾ ਗਰਭਪਾਤ ਨਹੀਂ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਮਹਿਲਾ ਨੂੰ ਕਿਸੇ ਹੋਰ ਡਾਕਟਰ ਨੂੰ ਰੈਫਰ ਕਰਨਾ ਹੋਵੇਗਾ। ਔਰਤਾਂ ਨੂੰ ਚੁਣਨ ਦੀ ਆਜ਼ਾਦੀ ਦੇਣ ਦੇ ਪੱਖ ਵਿਚ ਸਾਲ 1970 ਦੇ ਦਹਾਕੇ ਤੋਂ ਅੰਦੋਲਨ ਕਰ ਰਹੇ ਕਾਰਕੁੰਨ ਬ੍ਰਿਟਿਸ਼ ਸ਼ਾਸਨ ਦੌਰਾਨ ਸਾਲ 1899 ਵਿਚ ਬਣੇ ਗਰਭਪਾਤ ਕਾਨੂੰਨ ਨੂੰ ਬਦਲਣ ਦੀ ਮੰਗ ਕਰ ਰਹੇ ਸਨ। ਸਾਲ 1899 ਦਾ ਇਹ ਕਾਨੂੰਨ ਗਰਭਪਾਤ ਨੂੰ ''ਨੈਤਿਕਤਾ ਵਿਰੁੱਧ ਅਪਰਾਧ'' ਕਰਾਰ ਦਿੰਦਾ ਸੀ। ਭਾਵੇਂਕਿ ਗਰਭਪਾਤ ਕਰਾਉਣ ਲਈ ਸੂਬੇ ਵਿਚ ਹੁਣ ਵਿਰਲੇ ਹੀ ਲੋਕਾਂ ਨੂੰ ਸਜ਼ਾ ਮਿਲਦੀ ਸੀ ਪਰ ਕਾਰਕੁੰਨ ਇਸ ਅਪਰਾਧਿਕ ਕਾਨੂੰਨ ਨੂੰ ਹਮੇਸ਼ਾ ਲਈ ਖਤਮ ਕਰਨ ਦੀ ਮੰਗ ਕਰ ਰਹੇ ਸਨ।
ਕੁਈਨਜ਼ਲੈਂਡ ਵਿਚ ਔਰਤਾਂ ਦੇ ਪੱਖ ਵਿਚ ਇਹ ਕਾਨੂੰਨ ਅਜਿਹੇ ਸਮੇਂ ਵਿਚ ਬਣਿਆ ਹੈ ਜਦੋਂ ਸੂਬਾਈ ਸਰਕਾਰ ਦੇ ਪੱਖ ਅਤੇ ਵਿਰੋਧ ਦੋਹਾਂ ਵਿਚ ਹੀ ਔਰਤਾਂ ਚੋਟੀ ਦੀ ਲੀਡਰਸ਼ਿਪ 'ਤੇ ਹਨ। ਲੇਬਰ ਪਾਰਟੀ ਦੀ ਨੇਤਾ ਅਤੇ ਸੂਬੇ ਦੀ ਪ੍ਰੀਮੀਅਰ ਐਨਾਸਤਾਸੀਆ ਪਲਾਸੁਕ ਅਤੇ ਡਿਪਟੀ ਪ੍ਰੀਮੀਅਰ ਜੈਰੀ ਟ੍ਰੈਡ ਲੰਬੇ ਸਮੇਂ ਤੋਂ ਇਸ ਮੁਹਿੰਮ ਨਾਲ ਜੁੜੀਆਂ ਹੋਈਆਂ ਸਨ। ਉੱਥੇ ਕੁਈਨਜ਼ਲੈਂਡ ਦੀ ਮੁੱਖ ਰੂੜ੍ਹੀਵਾਦੀ ਵਿਰੋਧੀ ਪਾਰਟੀ ਲਿਬਰਲ ਨੈਸ਼ਨਲ ਪਾਰਟੀ (ਐੱਲ.ਐੱਨ.ਪੀ.) ਦੀ ਪ੍ਰਮੁੱਖ ਵੀ ਇਕ ਮਹਿਲਾ, ਡੇਬ ਫ੍ਰੈਂਕਲਿੰਗਟਨ ਹੈ। ਭਾਵੇਂਕਿ ਐੱਲ.ਐੱਨ.ਪੀ. ਹਮੇਸ਼ਾ ਤੋਂ ਗਰਭਪਾਤ ਵਿਰੁੱਧ ਰਹੀ ਹੈ ਪਰ ਫ੍ਰੈਂਕਲਿੰਗਟਨ ਨੇ ਆਪਣੀ ਪਾਰਟੀ ਦੇ ਮੈਂਬਰਾਂ ਨੂੰ ਇਸ ਕਾਨੂੰਨ ਦੇ ਸਬੰਧ ਵਿਚ ਆਪਣੀ ਮਰਜ਼ੀ ਮੁਤਾਬਕ ਵੋਟ ਕਰਨ ਦੀ ਛੋਟ ਦਿੱਤੀ ਸੀ। ਇਹੀ ਕਾਰਨ ਹੈ ਕਿ ਕਾਨੂੰਨ ਪਾਸ ਹੋਇਆ ਹੈ। ਕੁਈਨਜ਼ਲੈਂਡ ਤੋਂ ਨੈਤਿਕਤਾ ਕਾਨੂੰਨ ਖਤਮ ਕੀਤੇ ਜਾਣ ਦੇ ਬਾਅਦ ਹੁਣ ਨਿਊ ਸਾਊਥ ਵੇਲਜ਼ ਆਸਟ੍ਰੇਲੀਆ ਦਾ ਇਕੋ ਇਕ ਸੂਬਾ ਹੈ ਜਿੱਥੇ ਗਰਭਪਾਤ ਕਰਾਉਣਾ ਹੁਣ ਵੀ ਅਪਰਾਧ ਹੈ। ਸਿਡਨੀ ਇਸੇ ਸੂਬੇ ਦਾ ਹਿੱਸਾ ਹੈ।
ਇਟਲੀ 'ਚ ਪ੍ਰਬੰਧਕਾਂ ਦੇ ਮਤਭੇਦਾਂ ਕਾਰਨ ਗੁਰਦੁਆਰਾ ਸਾਹਿਬ ਨੂੰ ਲੱਗਿਆ ਤਾਲਾ
NEXT STORY