ਮੈਲਬੌਰਨ (ਬਿਊਰੋ)— ਆਸਟ੍ਰੇਲੀਆ ਵਿਚ ਦੂਜੇ ਫਲਾਈਟ ਅਟੈਂਡੈਂਟ 'ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਉਹ ਸਿਡਨੀ ਅਤੇ ਮੈਲਬੌਰਨ ਵਿਚ ਕਥਿਤ ਤੌਰ 'ਤੇ ਹਾਈ-ਗ੍ਰੇਡ ਹੈਰੋਇਨ ਅਤੇ ਬਰਫ ਦੀ ਤਸਕਰੀ ਕਰ ਰਿਹਾ ਸੀ। ਇਸ ਮਾਮਲੇ ਵਿਚ 48 ਸਾਲਾ ਫਲਾਈਟ ਅਟੈਂਡੈਂਟ ਨੂੰ ਇਸ ਹਫਤੇ ਦੇ ਅਖੀਰ ਵਿਚ ਸਿਡਨੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ। ਉਸ 'ਤੇ ਦੇਸ਼ ਵਿਚ ਪਾਬੰਦੀਸ਼ੁਦਾ ਨਸ਼ੀਲੇ ਪਦਾਰਥਾਂ ਦੀ ਦਰਾਮਦ ਕਰਨ ਦਾ ਦੋਸ਼ ਲਗਾਇਆ ਗਿਆ।
ਬਾਅਦ ਵਿਚ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਮਈ ਮਹੀਨੇ ਹੋਣ ਵਾਲੀ ਅਗਲੀ ਸੁਣਵਾਈ ਤੱਕ ਉਸ ਨੂੰ ਹਿਰਾਸਤ ਵਿਚ ਰੱਖਿਆ ਜਾਵੇਗਾ। ਵਿਕਟੋਰੀਆ ਪੁਲਸ ਨੇ ਆਪਣੇ ਇਕ ਬਿਆਨ ਵਿਚ ਕਿਹਾ,''ਪੁਲਸ ਨੇ ਦੋਸ਼ ਲਗਾਇਆ ਹੈ ਕਿ ਵਿਅਕਤੀ ਨੇ ਆਪਣੇ ਅਹੁਦੇ ਦੀ ਵਰਤੋਂ ਕਰਦਿਆਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕੀਤੀ।'' ਉਹ ਸਟਿੰਗ ਆਪਰੇਸ਼ਨ ਵਿਚ ਗ੍ਰਿਫਤਾਰ ਕੀਤਾ ਗਿਆ 9ਵਾਂ ਵਿਅਕਤਾ ਹੈ, ਜਿਸ ਨੂੰ 16 ਜਨਵਰੀ ਨੂੰ ਜਨਤਕ ਕੀਤਾ ਗਿਆ ਸੀ।
ਮੈਲਬੌਰਨ ਵਿਚ ਜਨਵਰੀ ਦੇ ਪਹਿਲੇ ਹਫਤੇ ਗ੍ਰਿਫਤਾਰ ਕੀਤੇ ਗਏ 8 ਲੋਕਾਂ ਵਿਚ ਇਕ ਮਹਿਲਾ ਮਲਿੰਡੋ ਏਅਰ ਕੇਬਿਨ ਚਾਲਕ ਦਲ ਦੀ ਕਰਮਚਾਰੀ ਅਤੇ ਏਅਰਲਾਈਨ ਦਾ ਇਕ ਹੋਰ ਕਰਮਚਾਰੀ ਸ਼ਾਮਲ ਸੀ। ਦੋਵੇਂ ਏਅਰਲਾਈਨਜ਼ ਕਰਮਚਾਰੀਆਂ ਨੇ ਕਥਿਤ ਤੌਰ 'ਤੇ ਨਸ਼ੀਲੇ ਪਦਾਰਥ ਆਪਣੇ ਸਰੀਰ ਵਿਚ ਲੁਕੋਏ ਸਨ। ਉਨ੍ਹਾਂ ਵਿਚੋਂ ਇਕ ਦੋਸ਼ੀ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਉਨ੍ਹਾਂ ਨੇ ਅਜਿਹਾ 20ਵੀਂ ਵਾਰ ਕੀਤਾ ਸੀ। ਮੈਲਬੌਰਨ ਵਿਚ ਆਪਣੇ ਸੱਤ ਛਾਪਿਆਂ ਦੌਰਾਨ ਅਧਿਕਾਰੀਆਂ ਨੇ 14.5 ਮਿਲੀਅਨ ਡਾਲਰ ਦੀ ਬਜ਼ਾਰ ਕੀਮਤ ਵਾਲੀ 6 ਕਿਲੋਗ੍ਰਾਮ ਹੈਰੋਇਨ, 6.4 ਮਿਲੀਅਨ ਡਾਲਰ ਦੀ 8 ਕਿਲੋਗ੍ਰਾਮ ਮੈਥੇਮਫੇਟਾਮਾਈਨ ਅਤੇ ਅੱਧਾ ਕਿਲੋ ਕੋਕੀਨ ਜ਼ਬਤ ਕੀਤੀ ਸੀ। ਇਸ ਮਾਮਲੇ ਵਿਚ ਦੋਸ਼ੀ 9 ਲੋਕਾਂ ਨੂੰ 15 ਮਈ ਨੂੰ ਮੈਲਬੌਰਨ ਮਜਿਸਟ੍ਰੇਟ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਅਮਰੀਕਾ ਚੀਨੀ ਨਾਗਰਿਕ ਦੀ ਹਵਾਲਗੀ ਲਈ ਕੈਨੇਡਾ ਨੂੰ ਕਰੇਗਾ ਅਪੀਲ
NEXT STORY