ਵਾਸ਼ਿੰਗਟਨ (ਬਿਊਰੋ)— ਕੋਲੰਬੀਆਈ ਬਾਗੀਆਂ ਦੇ ਗ੍ਰਹਿਯੁੱਧ ਵਿਚ ਵਰਤੇ ਗਏ ਹਥਿਆਰਾਂ ਨੂੰ ਢਾਲ ਕੇ ਬਣੀਆਂ ਟਾਈਲਜ਼ ਹੁਣ ਰਾਜਧਾਨੀ ਵਿਚ ਯਾਦਗਾਰ ਬਣ ਗਈਆਂ ਹਨ। ਤਬਦੀਲੀ ਦੀ ਇਸ ਹਵਾ ਦਾ ਸਿਹਰਾ ਕਲਾਕਾਰ ਡੌਰਿਸ ਸੈਲਿਕੀਡੋ ਨੂੰ ਜਾਂਦਾ ਹੈ। ਕੋਲੰਬੀਆ ਦੇ ਕ੍ਰਾਂਤੀਕਾਰੀ ਮਿਲਟਰੀ ਬਲ (ਫਾਰਕ) ਨੇ ਬੀਤੇ ਸਾਲ ਕਰੀਬ 37 ਟਨ ਰਾਈਫਲਾਂ, ਪਿਸਤੌਲਾਂ ਅਤੇ ਗ੍ਰੇਨੇਡ ਨੂੰ ਖਤਮ ਕੀਤਾ ਸੀ। ਡੋਰਿਸ ਨੇ ਇਨ੍ਹਾਂ ਨੂੰ ਗਾਲਿਆ ਅਤੇ ਟਾਈਲ ਦਾ ਰੂਪ ਦਿੱਤਾ। ਇਨ੍ਹਾਂ ਟਾਈਲਜ਼ ਨੂੰ ਰਾਜਧਾਨੀ ਬਗੋਟਾ ਵਿਚ ਰਾਸ਼ਟਰਪਤੀ ਭਵਨ ਤੋਂ ਥੋੜ੍ਹੀ ਦੂਰੀ 'ਤੇ ਇਕ ਨਵੀਂ ਆਰਟ ਗੈਲਰੀ ਦੀ ਫਰਸ਼ 'ਤੇ ਲਗਾਇਆ ਗਿਆ ਹੈ। 'ਫ੍ਰੈਗਮੇਂਟਸ' ਨਾਮ ਦੀ ਇਸ ਆਰਟ ਗੈਲਰੀ ਦੀ ਸ਼ੁਰੂਆਤ ਸੋਮਵਾਰ ਨੂੰ ਹੋਈ।
ਵਿਨਾਸ਼ਕ ਤੋਂ ਵਿਕਾਸ ਦਾ ਰਸਤਾ
ਡੋਰਿਸ ਕਹਿੰਦੀ ਹੈ ਕਿ ਇੰਨੀ ਮਾਤਰਾ ਵਿਚ ਖਤਮ ਕੀਤੇ ਗਏ ਹਥਿਆਰਾਂ ਨਾਲ ਉਨ੍ਹਾਂ ਨੂੰ ਖਿਆਲ ਆਇਆ ਕਿ ਵਿਨਾਸ਼ ਕਰਨ ਵਾਲੇ, ਲੋਕਾਂ ਨੂੰ ਅਸਹਿ ਦਰਦ ਦੇਣ ਵਾਲੇ ਇਨ੍ਹਾਂ ਹਥਿਆਰਾਂ ਦੀ ਵਰਤੋਂ ਵਿਕਾਸ ਲਈ, ਸਾਰਿਆਂ ਨੂੰ ਸੁੱਖ ਭਰਿਆ ਅਹਿਸਾਸ ਦੇਣ ਲਈ ਕਿਉਂ ਨਹੀਂ ਕੀਤੀ ਜਾ ਸਕਦੀ। ਇੱਥੋਂ ਹੀ ਇਸ ਪੂਰੀ ਯੋਜਨਾ ਨੂੰ ਸਾਕਾਰ ਰੂਪ ਮਿਲਿਆ ਅਤੇ ਭਾਰੀ ਮਾਤਰਾ ਵਿਚ ਹਥਿਆਰਾਂ ਨੂੰ ਗਾਲਣ ਲਈ ਤਿਆਰ ਹੋਏ ਪਦਾਰਥ ਨੂੰ ਸਾਂਚੇ ਵਿਚ ਢਾਲ ਕੇ ਟਾਈਲ ਦਾ ਰੂਪ ਦਿੱਤਾ ਗਿਆ।
ਯੁੱਧ ਦੀ ਭਿਆਨਕਤਾ ਨੂੰ ਦਿਖਾਏਗੀ ਆਰਟ ਗੈਲਰੀ
ਆਰਟ ਗੈਲਰੀ ਵਿਚ ਯੁੱਧ ਦੀ ਭਿਆਨਕਤਾ ਨੂੰ ਦਿਖਾਇਆ ਜਾਵੇਗਾ। ਇਸ ਵਿਚ ਯੁੱਧ ਦੀ ਤ੍ਰਾਸਦੀ ਦੀਆਂ ਤਸਵੀਰਾਂ ਹੋਣਗੀਆਂ। ਪੀੜਤਾਂ ਦੇ ਦੁੱਖ ਬਿਆਨ ਕਰਦੀ ਕਲਾਕਾਰੀ ਅਤੇ ਯੁੱਧ ਦੇ ਨਤੀਜਿਆਂ ਦਾ ਰਿਕਾਰਡ ਹੋਵੇਗਾ। ਨਾਲ ਹੀ ਇਕ ਅਪੀਲ ਹੋਵੇਗੀ ਕਿ ਭਵਿੱਖ ਵਿਚ ਅਜਿਹਾ ਕੁਝ ਨਾ ਹੋਵੇ ਜੋ ਮਨੁੱਖਤਾ ਦੇ ਵਿਰੁੱਧ ਹੋਵੇ। ਇੱਥੇ ਹਰ ਸਾਲ ਦੋ ਪ੍ਰਦਰਸ਼ਨੀਆਂ ਲੱਗਣਗੀਆਂ। ਕੋਲੰਬੀਆ ਦੇ ਰਾਸ਼ਟਰਪਤੀ ਇਵ ਏ ਡੇਂਗ ਨੇ ਇਸ ਆਰਟ ਗੈਲਰੀ ਦਾ ਉਦਘਾਟਨ ਕੀਤਾ।
ਫੌਜ ਨੇ ਕੀਤੀ ਮਦਦ
ਡੋਰਿਸ ਕਹਿੰਦੀ ਹੈ ਕਿ ਆਰਟ ਗੈਲਰੀ ਦੇ ਨਿਰਮਾਣ ਵਿਚ ਯੁੱਧ ਦੇ ਹਥਿਆਰਾਂ ਨਾਲ ਤਿਆਰ ਟਾਈਲਜ਼ ਲੱਗੀਆਂ ਹਨ। ਇਨ੍ਹਾਂ 'ਤੇ ਯੁੱਧ ਦੀ ਤ੍ਰਾਸਦੀ ਦਿਖਾਈ ਜਾਵੇਗੀ। ਇਹ ਗੈਲਰੀ ਇਸ ਗੱਲ ਨੂੰ ਪ੍ਰਮਾਣਿਤ ਕਰੇਗੀ ਕਿ ਸਾਡਾ ਜਨਮ ਕਿਸੇ ਦਾ ਕਤਲ ਕਰਨ ਲਈ ਨਹੀਂ ਹੋਇਆ। ਅਸੀਂ ਕਿਸੇ ਵੀ ਮੁੱਦੇ ਦਾ ਗੱਲਬਾਤ ਜ਼ਰੀਏ ਹੱਲ ਕੱਢ ਸਕਦੇ ਹਾਂ। ਇਸ ਪ੍ਰਾਜੈਕਟ ਵਿਚ ਕੋਲੰਬੀਆ ਦੀ ਫੌਜ ਨੇ ਵੀ ਮਦਦ ਕੀਤੀ। ਫੌਜ ਕੋਲ ਅਜਿਹੀਆਂ ਭੱਠੀਆਂ ਸਨ ਜਿੱਥੇ ਇੰਨੇ ਵੱਧ ਤਾਪਮਾਨ ਵਿਚ ਹਥਿਆਰਾਂ ਨੂੰ ਢਾਲਿਆ ਜਾ ਸਕਦਾ ਸੀ।
ਕਿਊਬਾ-ਨਿਊਯਾਰਕ 'ਚ ਵੀ ਬਣੇਗਾ ਸਮਾਰਕ
ਹਥਿਆਰਾਂ ਨਾਲ ਤਿਆਰ ਕੀਤੀਆਂ ਗਈਆਂ ਟਾਈਲਜ਼ ਨਾਲ ਕਿਊਬਾ ਵਿਚ ਵੀ ਸਮਾਰਕ ਬਣਾਇਆ ਜਾਵੇਗਾ। ਇਹ ਇਮਾਰਤਾਂ ਉਸ ਥਾਂ 'ਤੇ ਬਣਾਈਆਂ ਜਾਣਗੀਆਂ ਜਿੱਥੇ ਸ਼ਾਂਤੀ ਦੇ ਪ੍ਰਸਤਾਵਾਂ 'ਤੇ ਚਰਚਾ ਹੋਈ ਅਤੇ ਉਸ ਨੂੰ ਹਾਸਲ ਕੀਤਾ ਗਿਆ। ਇਸ ਦੇ ਇਲਾਵਾ ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਦੇ ਹੈੱਡਕੁਆਰਟਰ ਦੇ ਬਾਹਰ ਵੀ ਇਨ੍ਹਾਂ ਟਾਈਲਜ਼ ਦੀ ਮਦਦ ਨਾਲ ਸਮਾਰਕ ਬਣਾਇਆ ਜਾਵੇਗਾ।
ਹੁਵੇਈ ਦੀ ਸੀ. ਐੱਫ. ਓ. ਨੂੰ ਮਿਲੀ ਜ਼ਮਾਨਤ
NEXT STORY