ਇਸਲਾਮਾਬਾਦ/ ਲੰਡਨ— ਜਨਮ ਤੋਂ ਹੀ ਆਪਸ 'ਚ ਜੁੜੀਆਂ ਪਾਕਿਸਤਾਨ ਦੀਆਂ 2 ਸਾਲਾ ਜੁੜਵਾ ਬੱਚੀਆਂ ਸਫਾ ਅਤੇ ਮਾਰਵਾ ਉੱਲਾਹ ਨੂੰ ਆਪ੍ਰੇਸ਼ਨ ਕਰਕੇ ਵੱਖਰੇ ਕੀਤਾ ਗਿਆ। ਲੰਡਨ ਦੇ ਗ੍ਰੇਟ ਆਰਮੋਂਡ ਸਟ੍ਰੀਟ ਹਸਪਤਾਲ 'ਚ 55 ਘੰਟਿਆਂ ਤਕ ਚੱਲੇ ਆਪ੍ਰੇਸ਼ਨ ਦੇ ਬਾਅਦ ਦੋਵੇਂ ਸਿਹਤਮੰਦ ਹਨ। ਇਨ੍ਹਾਂ ਬੱਚੀਆਂ ਦੇ ਕੁੱਲ ਤਿੰਨ ਆਪ੍ਰੇਸ਼ਨ ਕੀਤੇ ਗਏ। ਦੋਹਾਂ ਬੱਚੀਆਂ ਦੇ ਦਿਮਾਗ ਅਤੇ ਖੂਨ ਵਾਲੀਆਂ ਨਾੜੀਆਂ ਆਪਸ 'ਚ ਉਲਝੀਆਂ ਹੋਈਆਂ ਸਨ ਅਤੇ ਡਾਕਟਰਾਂ ਨੇ ਆਪ੍ਰੇਸ਼ਨ ਤੋਂ ਪਹਿਲਾਂ 3ਡੀ ਪ੍ਰਿਟਿੰਗ ਰਾਹੀਂ ਇਸ ਦੀ ਪੇਚੀਦਗੀ ਨੂੰ ਸਮਝਿਆ ਸੀ।
ਪਾਕਿਸਤਾਨ ਦੇ ਚਰਸੱਦਾ ਦੀਆਂ ਜੁੜਵਾ ਬੱਚੀਆਂ ਦਾ ਜਨਮ ਸਿਜੇਰੀਅਨ ਡਲਿਵਰੀ ਨਾਲ ਹੋਇਆ ਸੀ। ਪਹਿਲਾ ਆਪ੍ਰੇਸ਼ਨ ਅਕਤੂਬਰ 2018 'ਚ ਕੀਤਾ ਗਿਆ ਸੀ। ਉਸ ਸਮੇਂ ਉਨ੍ਹਾਂ ਦੀ ਉਮਰ ਸਿਰਫ 19 ਮਹੀਨਿਆਂ ਦੀ ਸੀ। ਪੂਰੀ ਤਰ੍ਹਾਂ ਵੱਖ ਕਰਨ ਲਈ ਆਖਰੀ ਆਪ੍ਰੇਸ਼ਨ 11 ਫਰਵਰੀ, 2019 ਨੂੰ ਕੀਤਾ ਗਿਆ ਸੀ।
ਇੰਝ ਕੀਤਾ ਆਪ੍ਰੇਸ਼ਨ—
ਸਰਜਰੀ ਦੌਰਾਨ ਡਾਕਟਰਾਂ ਨੇ ਪਹਿਲਾਂ ਦਿਮਾਗ 'ਚ ਉਲਝੀਆਂ ਖੂਨ ਦੀਆਂ ਨਾੜੀਆਂ ਨੂੰ ਵੱਖ ਕੀਤਾ। ਸਿਰ ਵਾਲਾ ਹਿੱਸਾ ਪਲਾਸਟਿਕ ਬੈਗ ਨਾਲ ਕਵਰ ਕੀਤਾ। ਜਾਂਚ 'ਚ ਪਤਾ ਲੱਗਾ ਕਿ ਸਿਰ 'ਚ ਦੋ ਦਿਮਾਗ ਹਨ, ਜੋ ਆਪਸ 'ਚ ਜੁੜੇ ਹਨ। ਡਾਕਟਰਾਂ ਮੁਤਾਬਕ ਸਰਜਰੀ ਦੌਰਾਨ ਮਾਰਵਾ ਨੂੰ ਬਚਾਉਣਾ ਮੁਸ਼ਕਿਲ ਰਿਹਾ ਕਿਉਂਕਿ ਉਸ ਦੀ ਦਿਲ ਦੀ ਧੜਕਣ ਘੱਟ ਹੋ ਰਹੀ ਸੀ। ਸਫਾ ਨੂੰ ਸਰਜਰੀ ਦੇ 12 ਘੰਟੇ ਬਾਅਦ ਸਟ੍ਰੋਕ ਝੱਲਣਾ ਪਿਆ। ਸਿਰ ਦੇ ਹਿੱਸੇ ਨੂੰ ਆਕਾਰ ਦੇਣ ਲਈ ਬੱਚੀਆਂ ਦੀਆਂ ਹੀ ਹੱਡੀਆਂ ਦੀ ਵਰਤੋਂ ਕੀਤੀ ਗਈ। ਇਸ 'ਚ ਹਸਪਤਾਲ ਦੇ ਤਕਰੀਬਨ 100 ਕਰਮਚਾਰੀ ਸ਼ਾਮਲ ਰਹੇ। ਆਪ੍ਰੇਸ਼ਨ ਦਾ ਸਾਰਾ ਖਰਚਾ ਇਕ ਪ੍ਰਾਇਵੇਟ ਡੋਨਰ ਨੇ ਚੁੱਕਿਆ ਹੈ।
ਬੱਚੀਆਂ ਦੀ ਮਾਂ ਜੈਨਬ ਬੀਬੀ ਦਾ ਕਹਿਣਾ ਹੈ ਕਿ ਹਸਪਤਾਲ ਅਤੇ ਕਰਮਚਾਰੀਆਂ ਨੇ ਜੋ ਕੀਤਾ ਮੈਂ ਉਨ੍ਹਾਂ ਦੀ ਕਰਜ਼ਦਾਰ ਹਾਂ ਅਤੇ ਉਨ੍ਹਾਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ। ਬੱਚੀਆਂ ਨੂੰ ਹਸਪਤਾਲ ਤੋਂ 1 ਜੁਲਾਈ ਨੂੰ ਛੁੱਟੀ ਮਿਲੀ ਸੀ। ਫਿਲਹਾਲ ਉਹ ਆਪਣੀ ਮਾਂ ਅਤੇ ਦਾਦੀ ਨਾਲ ਲੰਡਨ 'ਚ ਹੀ ਹਨ। ਬੱਚੀਆਂ ਨੂੰ ਕੁੱਝ ਸਮੇਂ ਤਕ ਫਿਜ਼ਿਓਥੈਰਪੀ ਅਤੇ ਦੇਖ-ਰੇਖ ਲਈ ਬੁਲਾਇਆ ਜਾਵੇਗਾ। ਬੱਚੀਆਂ ਦੇ ਪਿਤਾ ਦੀ ਮੌਤ ਹਾਰਟ ਅਟੈਕ ਕਾਰਨ ਉਸ ਦੌਰਾਨ ਹੋਈ ਜਦ ਉਹ ਗਰਭ 'ਚ ਹੀ ਸਨ। ਡਾਕਟਰਾਂ ਨੇ ਦੱਸਿਆ ਕਿ 25 ਲੱਖ 'ਚੋਂ ਅਜਿਹਾ ਇਕ ਕੇਸ ਹੁੰਦਾ ਹੈ ਅਤੇ ਇਹ ਕਾਫੀ ਚੁਣੌਤੀਪੂਰਣ ਆਪ੍ਰੇਸ਼ਨ ਰਿਹਾ।
ਟਰੰਪ ਦੀ ਨਸਲੀ ਟਿੱਪਣੀ ਵਿਰੁੱਧ ਅਮਰੀਕੀ ਸੰਸਦ 'ਚ ਨਿੰਦਾ ਪ੍ਰਸਤਾਵ ਪਾਸ
NEXT STORY