ਨਵੀਂ ਦਿੱਲੀ : ਪੂਰੀ ਦੁਨੀਆ ਦੀਆਂ ਨਜ਼ਰਾਂ ਜਿਸ ਬਿਊਟੀ ਮੁਕਾਬਲੇ 'ਤੇ ਟਿਕੀਆਂ ਹੋਈਆਂ ਸਨ, ਉਸ ਨੂੰ ਆਪਣੀ ਨਵੀਂ ਵਿਜੇਤਾ ਮਿਲ ਗਈ ਹੈ। ਵਿਅਤਨਾਮ ਦੇ ਨ੍ਹਾ ਟ੍ਰਾਂਗ ਵਿਖੇ ਸ਼ਨੀਵਾਰ ਨੂੰ ਆਯੋਜਿਤ ਹੋਏ 73ਵੇਂ ਮਿਸ ਵਰਲਡ ਦੇ ਗ੍ਰੈਂਡ ਫਿਨਾਲੇ ਵਿੱਚ ਡੋਮਿਨਿਕਨ ਰੀਪਬਲਿਕ ਦੀ ਮਾਡਲ ਜੋਹੇਰੀ ਮੋਲ ਡੋਮਿੰਗਵੇਜ਼ ਨੇ ਮਿਸ ਵਰਲਡ 2026 ਦਾ ਵੱਕਾਰੀ ਖ਼ਿਤਾਬ ਆਪਣੇ ਨਾਮ ਕਰ ਲਿਆ ਹੈ। ਉਨ੍ਹਾਂ ਨੇ ਸਪੇਨ ਦੀ ਮਾਡਲ ਐਲੀਜ਼ਾਬੇਥ ਰੇਨੇਸ ਨੂੰ ਫਸਟ ਰਨਰ-ਅੱਪ ਅਤੇ ਮਲੇਸ਼ੀਆ ਦੀ ਤਾਨੂਸੀਆ ਚੇੱਟੀ ਨੂੰ ਸੈਕਿੰਡ ਰਨਰ-ਅੱਪ ਵਜੋਂ ਪਿੱਛੇ ਛੱਡਦਿਆਂ ਇਹ ਸ਼ਾਨਦਾਰ ਮੁਕਾਮ ਹਾਸਲ ਕੀਤਾ।
ਨਵੀਂ ਮਿਸ ਵਰਲਡ ਜੋਹੇਰੀ ਮੋਲ ਨੂੰ ਪਿਛਲੇ ਸਾਲ ਦੀ ਵਿਜੇਤਾ ਥਾਈਲੈਂਡ ਦੀ ਓਪਲ ਸੁਚਾਤਾ ਚੁਆਂਗਸਰੀ ਨੇ ਆਪਣੇ ਹੱਥਾਂ ਨਾਲ ਤਾਜ ਪਹਿਨਾਇਆ। ਜ਼ਿਕਰਯੋਗ ਹੈ ਕਿ ਓਪਲ ਸੁਚਾਤਾ ਚੁਆਂਗਸਰੀ ਆਪਣੇ ਦੇਸ਼ ਥਾਈਲੈਂਡ ਦੀ ਅਜਿਹੀ ਪਹਿਲੀ ਮੁਕਾਬਲੇਬਾਜ਼ ਸੀ, ਜਿਸ ਨੇ ਪਿਛਲੇ ਸਾਲ ਮਿਸ ਵਰਲਡ ਦਾ ਖ਼ਿਤਾਬ ਜਿੱਤ ਕੇ ਇਤਿਹਾਸ ਰਚਿਆ ਸੀ।
ਇਸ ਵਾਰ ਮਿਸ ਵਰਲਡ ਮੁਕਾਬਲੇ ਵਿੱਚ ਭਾਰਤ ਦੀ ਨੁਮਾਇੰਦਗੀ ਮੱਧ ਪ੍ਰਦੇਸ਼ ਦੀ ਨਿਕੀਤਾ ਪੋਰਵਾਲ ਕਰ ਰਹੀ ਸੀ. ਨਿਕੀਤਾ ਨੇ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਟਾਪ 40 ਵਿੱਚ ਤਾਂ ਆਸਾਨੀ ਨਾਲ ਆਪਣੀ ਜਗ੍ਹਾ ਪੱਕੀ ਕਰ ਲਈ ਸੀ, ਪਰ ਉਹ ਟਾਪ 20 ਦੇ ਅਗਲੇ ਅਹਿਮ ਦੌਰ ਵਿੱਚ ਪਹੁੰਚਣ ਤੋਂ ਅਸਫ਼ਲ ਰਹੀ ਅਤੇ ਮੁਕਾਬਲੇ ਵਿੱਚੋਂ ਬਾਹਰ ਹੋ ਗਈ। ਭਾਰਤੀ ਪ੍ਰਸ਼ੰਸਕਾਂ ਨੂੰ ਉਮੀਦ ਸੀ ਕਿ ਨਿਕੀਤਾ ਵਿਸ਼ਵ ਮੰਚ 'ਤੇ ਦੇਸ਼ ਦਾ ਨਾਂ ਰੌਸ਼ਨ ਕਰੇਗੀ, ਪਰ ਉਹ ਫਾਈਨਲ ਰਾਊਂਡ ਤੱਕ ਨਹੀਂ ਪਹੁੰਚ ਸਕੀ।
ਜੇਕਰ ਭਾਰਤ ਦੇ ਇਤਿਹਾਸ 'ਤੇ ਨਜ਼ਰ ਮਾਰੀਏ, ਤਾਂ ਆਖਰੀ ਵਾਰ ਇਹ ਖ਼ਿਤਾਬ ਸਾਲ 2017 ਵਿੱਚ ਬਾਲੀਵੁੱਡ ਅਦਾਕਾਰਾ ਮਾਨੁਸ਼ੀ ਛਿੱਲਰ ਨੇ ਜਿੱਤਿਆ ਸੀ। ਉਸ ਤੋਂ ਪਹਿਲਾਂ ਪ੍ਰਿਅੰਕਾ ਚੋਪੜਾ (2000), ਯੁਕਤਾ ਮੁਖੀ (1999), ਡਾਇਨਾ ਹੈਡਨ (1997), ਐਸ਼ਵਰਿਆ ਰਾਏ (1994) ਅਤੇ ਰੀਟਾ ਫਾਰੀਆ (1966) ਨੇ ਇਹ ਤਾਜ ਭਾਰਤ ਦੀ ਝੋਲੀ ਪਾਇਆ ਸੀ। ਸਾਲ 1999 ਅਤੇ 2000 ਦੌਰਾਨ ਭਾਰਤ ਨੇ ਲਗਾਤਾਰ ਦੋ ਵਾਰ ਇਸ ਖ਼ਿਤਾਬ 'ਤੇ ਕਬਜ਼ਾ ਕਰਕੇ ਵਿਸ਼ਵ ਪੱਧਰ 'ਤੇ ਆਪਣਾ ਲੋਹਾ ਮਨਵਾਇਆ ਸੀ। ਆਮ ਤੌਰ 'ਤੇ ਦੇਖਿਆ ਗਿਆ ਹੈ ਕਿ ਮਿਸ ਵਰਲਡ ਜਾਂ ਬਿਊਟੀ ਪੇਜੈਂਟ ਵਿੱਚ ਖ਼ਿਤਾਬ ਜਿੱਤਣ ਵਾਲੀਆਂ ਸੁੰਦਰੀਆਂ ਜਿਵੇਂ ਐਸ਼ਵਰਿਆ ਰਾਏ, ਪ੍ਰਿਅੰਕਾ ਚੋਪੜਾ, ਮਾਨੁਸ਼ੀ ਛਿੱਲਰ ਅਤੇ ਹਰਨਾਜ਼ ਸੰਧੂ ਲਈ ਬਾਲੀਵੁੱਡ ਦੇ ਰਾਹ ਹਮੇਸ਼ਾ ਖੁੱਲ੍ਹੇ ਰਹੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਨਿਕੀਤਾ ਪੋਰਵਾਲ ਵੀ ਆਉਣ ਵਾਲੇ ਸਮੇਂ ਵਿੱਚ ਅਦਾਕਾਰੀ ਦੇ ਖੇਤਰ ਵੱਲ ਆਪਣਾ ਰੁਖ਼ ਕਰਦੀ ਹੈ ਜਾਂ ਨਹੀਂ।
ਅਮਰੀਕਾ ਦਾ ਵੱਡਾ ਐਕਸ਼ਨ: ਫ਼ਾਰਸ ਦੀ ਖਾੜੀ 'ਚ ਇਰਾਨ ਦੇ 3 ਤੇਲ ਟੈਂਕਰਾਂ 'ਤੇ ਕੀਤਾ ਹਮਲਾ
NEXT STORY