ਰਿਜੋਇਮਿਲੀਆ (ਦਲਵੀਰ ਸਿੰਘ ਕੈਂਥ) : ਪੰਜਾਬੀ ਮਾਂ-ਬੋਲੀ ਨੂੰ ਇਟਲੀ ਵਿੱਚ ਜਨਮੇ ਸਿੱਖ ਪਰਿਵਾਰ ਦੇ ਬੱਚਿਆਂ ਨੂੰ ਸਿਖਾਉਣ ਲਈ ਪਿਛਲੇ ਕਾਫ਼ੀ ਸਮੇਂ ਤੋਂ ਨਿਵੇਕਲੇ ਢੰਗ ਨਾਲ ਸੇਵਾ ਨਿਭਾਅ ਰਹੇ ਜਗਦੇਵ ਸਿੰਘ ਊੜਾ ਐੜਾ ਗਰੁੱਪ ਵੱਲੋਂ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਹਨਾਂ ਵੱਲੋਂ ਗੁਰਦੁਆਰਾ ਸਾਹਿਬ ਵੱਲੋਂ ਸਜਾਏ ਜਾਂਦੇ ਨਗਰ ਕੀਰਤਨ ਤੇ ਹੋਰ ਧਾਰਮਿਕ ਸਮਾਗਮਾਂ ਦੌਰਾਨ ਪੰਜਾਬੀ ਮਾਂ-ਬੋਲੀ ਨੂੰ ਸਮਰਪਿਤ ਨਿਵੇਕਲੇ ਕਾਰਜ ਕੀਤੇ ਜਾਂਦੇ ਹਨ, ਜਿਸ ਤਹਿਤ ਉਹ ਵੱਖ-ਵੱਖ ਬੱਚਿਆਂ ਅਤੇ ਵੱਡਿਆਂ ਪਾਸੋਂ 35 ਅੱਖਰੀ ਊੜਾ ਐੜਾ ਸੁਣਦੇ ਹਨ ਅਤੇ ਉਹਨਾਂ ਨੂੰ ਗੁਰਮੁਖੀ ਲਿਖੇ ਸਕੂਲ ਬੈਗ, ਕਾਇਦੇ ਅਤੇ ਗੁਰਮੁਖੀ ਲਿਖੀਆਂ ਫੱਟੀਆਂ ਦੇ ਕੇ ਸਨਮਾਨਿਤ ਕਰਦੇ ਹਨ।

ਜ਼ਿਕਰਯੋਗ ਹੈ ਕਿ ਭਾਈ ਜਗਦੇਵ ਸਿੰਘ ਬੀਤੇ ਸਮੇਂ ਤੋਂ ਵੱਖ-ਵੱਖ ਨਗਰ ਕੀਰਤਨਾਂ, ਗੁਰਦੁਆਰਾ ਸਾਹਿਬਾਨਾਂ ਵਿਖੇ ਹੋਣ ਵਾਲੇ ਧਾਰਮਿਕ ਸਮਾਗਮਾਂ ਵਿੱਚ ਹਾਜ਼ਰੀ ਭਰਦੇ ਹਨ ਅਤੇ ਖਾਸ ਕਰਕੇ ਉਹ ਸਾਡੇ ਆਉਣ ਵਾਲੇ ਭਵਿੱਖ ਨਵੀਂ ਪੀੜ੍ਹੀ ਨੂੰ ਗੁਰਮੁਖੀ ਪੰਜਾਬੀ ਸਿੱਖਣ ਲਈ ਪ੍ਰੇਰਿਤ ਅਤੇ ਉਤਸਾਹਿਤ ਕਰਦੇ ਹਨ, ਜਿਸ ਲਈ ਉਹਨਾਂ ਵੱਲੋਂ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ ਜਿਸ ਵਿੱਚ ਉਹਨਾਂ ਵੱਲੋਂ ਗੁਰਮੁਖੀ ਲਿਖੇ ਸਕੂਲ ਬੈਗ ਜਿਸ ਵਿੱਚ ਇੱਕ ਕਾਇਦਾ, ਪੈਨਸਲ, ਰਬੜ ਆਦਿ ਪੂਰੀ ਕਿੱਟ ਹੁੰਦੀ ਹੈ। ਗੁਰਮੁਖੀ ਲਿਖੇ ਕਾਇਦੇ ਅਤੇ ਗੁਰਮੁਖੀ ਲਿਖੀਆਂ ਬਹੁਤ ਹੀ ਸੁੰਦਰ ਫੱਟੀਆਂ ਤਿਆਰ ਕਰਵਾਈਆਂ ਗਈਆਂ ਹਨ, ਜੋ ਕਿ ਉਹ ਵੱਖ-ਵੱਖ ਸਮੇਂ 'ਤੇ ਬੱਚਿਆਂ ਕੋਲੋਂ ਊੜਾ ਐੜਾ ਸੁਣ ਕੇ ਉਹਨਾਂ ਨੂੰ ਆਪਣੀ ਮਾਂ-ਬੋਲੀ ਪੰਜਾਬੀ ਸਿੱਖਣ ਪ੍ਰਤੀ ਜਾਗਰੂਕ ਕਰਨ ਅਤੇ ਉਹਨਾਂ ਦੀ ਹੌਸਲਾ ਅਫ਼ਜ਼ਾਈ ਕਰਨ ਲਈ ਸਨਮਾਨ ਵਜੋਂ ਦਿੰਦੇ ਹਨ।

ਭਾਈ ਸਾਹਿਬ ਅਕਸਰ ਹੀ ਗੁਰਦੁਆਰਾ ਸਾਹਿਬਾਨਾਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਵੀ ਅਪੀਲ ਕਰਦੇ ਹਨ ਕਿ ਗੁਰਦੁਆਰਾ ਸਾਹਿਬ ਵੱਲੋਂ ਅਜਿਹੇ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ ਕਿ ਸਾਡੀ ਆਉਣ ਵਾਲੀ ਪੀੜ੍ਹੀ ਬੱਚਿਆਂ ਨੂੰ ਛੁੱਟੀਆਂ ਦੇ ਸਮੇਂ ਜਾਂ ਉਹਨਾਂ ਦੇ ਸਮੇਂ ਮੁਤਾਬਿਕ ਗੁਰਮੁਖੀ ਪੰਜਾਬੀ ਸਿਖਾਈ ਜਾ ਸਕੇ ਤਾਂ ਜੋ ਸਾਡਾ ਆਉਣ ਵਾਲਾ ਭਵਿੱਖ ਬੱਚੇ ਆਪਣੀ ਮਾਂ-ਬੋਲੀ ਨਾਲ ਜੁੜੇ ਰਹਿਣ। ਉਹਨਾਂ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਕੀਰਤਨ ਦੌਰਾਨ ਇੱਕ ਇਟਾਲੀਅਨ ਜੋੜਾ ਉਹਨਾਂ ਕੋਲ ਆਇਆ ਅਤੇ ਗੁਰਮੁਖੀ ਪੰਜਾਬੀ ਬਾਰੇ ਵਧੇਰੇ ਜਾਨਣ ਲਈ ਉਹਨਾਂ ਨੇ ਉਤਸੁਕਤਾ ਭਰੇ ਸਵਾਲ ਜਵਾਬ ਕੀਤੇ। ਉਪਰੰਤ ਉਹਨਾਂ ਨੇ ਬੱਚਿਆਂ ਵਾਂਗ ਭਾਈ ਸਾਹਿਬ ਦੇ ਮਗਰ ਮਗਰ 35 ਅੱਖਰੀ ਦਾ ਉਚਾਰਣ ਕੀਤਾ ਅਤੇ ਉਹਨਾਂ ਨੂੰ ਗੁਰਮੁਖੀ ਲਿਖਿਆ ਬੈਗ ਦੇ ਸਨਮਾਨਿਤ ਕੀਤਾ ਗਿਆ। ਭਾਈ ਸਾਹਿਬ ਨੇ ਕਿਹਾ ਕਿ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਹੀ ਸੀ ਕਿ ਇਟਾਲੀਅਨ ਜੋੜੇ ਨੇ ਪੰਜਾਬੀ ਬੋਲੀ ਵਿੱਚ ਇੰਨਾ ਪਿਆਰ ਅਤੇ ਵਿਸ਼ਵਾਸ ਦਿਖਾਇਆ ਅਤੇ ਉਹਨਾਂ ਨੂੰ ਅੱਗੇ ਤੋਂ ਹੋਰ ਵੀ ਜੋਸ਼ ਨਾਲ ਸੇਵਾ ਕਰਨ ਦੀ ਪ੍ਰੇਰਨਾ ਅਤੇ ਬਲ ਮਿਲਿਆ। ਇਸ ਕਾਰਜ ਵਿੱਚ ਉਹਨਾਂ ਨਾਲ ਭਾਈ ਤਰਸੇਮ ਸਿੰਘ ਪਰੂਜਾ, ਗੁਰਮੁਖ ਸਿੰਘ ਤਰੀਵੀ, ਪ੍ਰੇਮ ਸਿੰਘ, ਬਲਵੰਤ ਸਿੰਘ ਅਤੇ ਤਰਸੇਮ ਸਿੰਘ ਵੀ ਸੇਵਾਵਾਂ ਨਿਭਾਉਂਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਾਪਾਨ ਨੇ ਬਣਾਇਆ ਦੁਨੀਆ ਦਾ ਪਹਿਲਾ 6G ਡਿਵਾਈਸ, 5G ਨਾਲੋਂ 20 ਗੁਣਾ ਜ਼ਿਆਦਾ ਹੋਵੇਗੀ ਸਪੀਡ
NEXT STORY