ਫਰਿਜ਼ਨੋ, ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ) : ਅਮਰੀਕਾ ਦੀ ਸੰਘੀ ਜਾਂਚ ਏਜੰਸੀ FBI ਨੇ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਨੂੰ ਆਪਣੀ “Ten Most Wanted Fugitives” ਸੂਚੀ ਵਿੱਚ ਸ਼ਾਮਲ ਕਰ ਲਿਆ ਹੈ। ਉਸ ਦੀ ਗ੍ਰਿਫ਼ਤਾਰੀ ਤੱਕ ਪਹੁੰਚਾਉਣ ਵਾਲੀ ਜਾਣਕਾਰੀ ਦੇਣ ਲਈ ਇਨਾਮ ਦੀ ਰਕਮ 50 ਹਜ਼ਾਰ ਡਾਲਰ ਤੋਂ ਵਧਾ ਕੇ 10 ਲੱਖ ਅਮਰੀਕੀ ਡਾਲਰ (1 ਮਿਲੀਅਨ ਡਾਲਰ) ਤੱਕ ਕਰ ਦਿੱਤੀ ਗਈ ਹੈ।
FBI ਅਨੁਸਾਰ ਗੋਲਡੀ ਬਰਾੜ ਉੱਤਰੀ ਅਮਰੀਕਾ ਵਿੱਚ ਲਾਰੈਂਸ ਬਿਸ਼ਨੋਈ ਨਾਲ ਜੁੜੇ ਸੰਗਠਿਤ ਅਪਰਾਧਿਕ ਨੈੱਟਵਰਕ ਵਿੱਚ ਕਥਿਤ ਤੌਰ ’ਤੇ ਅਹਿਮ ਭੂਮਿਕਾ ਨਿਭਾਉਂਦਾ ਰਿਹਾ ਹੈ। ਸੰਘੀ ਅਧਿਕਾਰੀਆਂ ਵੱਲੋਂ ਇਸ ਨੈੱਟਵਰਕ ਨੂੰ ਅਮਰੀਕਾ ਅਤੇ ਕੈਨੇਡਾ ਵਿੱਚ ਨਿਸ਼ਾਨਾ ਬਣਾ ਕੇ ਕੀਤੀਆਂ ਹੱਤਿਆਵਾਂ, ਗੋਲੀਬਾਰੀ, ਫਿਰੌਤੀ, ਨਸ਼ੀਲੇ ਪਦਾਰਥਾਂ ਅਤੇ ਹੋਰ ਗੰਭੀਰ ਅਪਰਾਧਾਂ ਨਾਲ ਜੋੜ ਕੇ ਜਾਂਚ ਕੀਤੀ ਜਾ ਰਹੀ ਹੈ।
ਗੋਲਡੀ ਬਰਾੜ ਖ਼ਿਲਾਫ਼ ਅਮਰੀਕਾ ਵਿੱਚ RICO ਸਾਜ਼ਿਸ਼, ਫਿਰੌਤੀ ਨਾਲ ਸਬੰਧਤ ਸਾਜ਼ਿਸ਼ ਅਤੇ ਨਸ਼ੀਲੇ ਪਦਾਰਥਾਂ ਦੀ ਵੰਡ ਨਾਲ ਜੁੜੇ ਦੋਸ਼ਾਂ ਸਮੇਤ ਕਈ ਗੰਭੀਰ ਇਲਜ਼ਾਮ ਲਗਾਏ ਗਏ ਹਨ। FBI ਅਨੁਸਾਰ ਉਹ ਏਜੰਸੀ ਦੀ “Ten Most Wanted Fugitives” ਸੂਚੀ ਵਿੱਚ ਸ਼ਾਮਲ ਹੋਣ ਵਾਲਾ 543ਵਾਂ ਵਿਅਕਤੀ ਹੈ।
ਇਸ ਪੂਰੇ ਮਾਮਲੇ ਦਾ ਫਰਿਜ਼ਨੋ ਅਤੇ ਕੈਲੀਫੋਰਨੀਆ ਦੀ ਸੈਂਟਰਲ ਵੈਲੀ ਨਾਲ ਸਬੰਧ ਹੋਣ ਕਾਰਨ ਸਥਾਨਕ ਪੰਜਾਬੀ ਭਾਈਚਾਰੇ ਵਿੱਚ ਵੀ ਇਸ ਖ਼ਬਰ ਦੀ ਖਾਸ ਚਰਚਾ ਹੈ। The Fresno Bee ਦੀ ਰਿਪੋਰਟ ਅਨੁਸਾਰ ਬਿਸ਼ਨੋਈ ਗਰੁੱਪ ਨਾਲ ਘੱਟੋ-ਘੱਟ ਦੋ ਸੈਂਟਰਲ ਵੈਲੀ ਹੱਤਿਆਵਾਂ ਦੇ ਤਾਰ ਜੋੜ ਕੇ ਦੇਖੇ ਜਾ ਰਹੇ ਹਨ।
ਇਨ੍ਹਾਂ ਵਿੱਚ ਅਕਤੂਬਰ 2025 ਦੌਰਾਨ ਫਰਿਜ਼ਨੋ ਦੇ ਇੱਕ ਟਰੱਕ ਰਿਪੇਅਰ ਯਾਰਡ ਵਿੱਚ 23 ਸਾਲਾ ਸੈਨ ਹੋਜ਼ੇ ਨਿਵਾਸੀ ਬਨਵਾਰੀ ਗਡੋਰਾ ਦੀ ਗੋਲੀ ਮਾਰ ਕੇ ਕੀਤੀ ਗਈ ਹੱਤਿਆ ਦਾ ਮਾਮਲਾ ਵੀ ਸ਼ਾਮਲ ਦੱਸਿਆ ਗਿਆ ਹੈ।
FBI ਵੱਲੋਂ ਜੁਲਾਈ 2026 ਵਿੱਚ ਸਾਹਮਣੇ ਲਿਆਂਦੇ ਗਏ “Operation Hardball” ਤਹਿਤ ਭਾਰਤ ਨਾਲ ਸਬੰਧਤ ਕਥਿਤ ਅੰਤਰਰਾਸ਼ਟਰੀ ਸੰਗਠਿਤ ਅਪਰਾਧਿਕ ਗਰੁੱਪਾਂ ਨਾਲ ਜੁੜੇ ਦਰਜਨਾਂ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਗਈ ਸੀ। ਜਾਂਚ ਏਜੰਸੀਆਂ ਦਾ ਦਾਅਵਾ ਹੈ ਕਿ ਇਹ ਨੈੱਟਵਰਕ ਉੱਤਰੀ ਅਮਰੀਕਾ ਵਿੱਚ ਕਈ ਤਰ੍ਹਾਂ ਦੀਆਂ ਅਪਰਾਧਿਕ ਗਤੀਵਿਧੀਆਂ ਵਿੱਚ ਸਰਗਰਮ ਰਿਹਾ ਹੈ।
ਗੋਲਡੀ ਬਰਾੜ ਦੀ ਭਾਲ ਨੂੰ ਹੋਰ ਤੇਜ਼ ਕਰਦਿਆਂ FBI ਨੇ ਉਸ ਬਾਰੇ ਅਜਿਹੀ ਜਾਣਕਾਰੀ ਦੇਣ ਵਾਲੇ ਵਿਅਕਤੀ ਲਈ 10 ਲੱਖ ਡਾਲਰ ਤੱਕ ਦੇ ਇਨਾਮ ਦਾ ਐਲਾਨ ਕੀਤਾ ਹੈ, ਜਿਸ ਨਾਲ ਉਸ ਦੀ ਗ੍ਰਿਫ਼ਤਾਰੀ ਹੋ ਸਕੇ।
ਕੈਨੇਡੀਅਨ ਖੁਫੀਆ ਰਿਪੋਰਟ ’ਚ ਭਾਰਤ ਦੂਜਾ ਸਭ ਤੋਂ ਵਿਆਪਕ ਵਿਦੇਸ਼ੀ ਦਖ਼ਲਅੰਦਾਜ਼ੀ ਕਰਨ ਵਾਲਾ ਦੇਸ਼
NEXT STORY