ਓਟਾਵਾ/ਜਲੰਧਰ— ਵਿਦੇਸ਼ 'ਚ ਪੜ੍ਹਨ ਤੇ ਮੁੜ ਉਥੇ ਹੀ ਜਾ ਵਸਣ ਦੇ ਮਾਮਲੇ 'ਚ ਕੈਨੇਡਾ ਪੰਜਾਬੀ ਨੌਜਵਾਨਾਂ ਦੀ ਪਹਿਲੀ ਪਸੰਦ ਬਣਦਾ ਜਾ ਰਿਹਾ ਹੈ। ਚਾਹੇ ਇਸ ਲਈ ਉਨ੍ਹਾਂ ਨੂੰ ਆਪਣਾ ਸਭ ਕੁਝ ਕਿਉਂ ਨਾ ਵੇਚ ਦੇਣਾ ਪਵੇ। ਆਪਣੇ ਇਨ੍ਹਾਂ ਸੁਪਨਿਆਂ ਨੂੰ ਸਾਕਾਰ ਕਰਨ ਲਈ ਕਈ ਪੰਜਾਬੀ ਏਜੰਟਾਂ ਜਾਂ ਹੋਰਾਂ ਤਰੀਕਿਆਂ ਨਾਲ ਆਪਣੇ ਲੱਖਾਂ ਰੁਪਏ ਡੋਬ ਲੈਂਦੇ ਹਨ। ਪਰ ਥੋੜੀ ਜਿਹੀ ਸਾਵਧਾਨੀ ਵਰਤ ਕੇ ਇਸ ਧੋਖਾਧੜੀ ਤੋਂ ਬਚਿਆ ਜਾ ਸਕਦਾ ਹੈ। ਇਸ ਨਾਲ ਕੈਨੇਡਾ ਜਾਣ ਦੇ ਚਾਹਵਾਨਾਂ ਦਾ ਪੈਸਾ ਤੇ ਸਮਾਂ ਦੋਵੇਂ ਹੀ ਬਚਣਗੇ। ਇਸ ਤੋਂ ਇਲਾਵਾ ਭਾਰਤੀ ਵਿਦੇਸ਼ ਮੰਤਰਾਲੇ ਵਲੋਂ ਵੀ ਫਰਜ਼ੀ ਟ੍ਰੈਵਲ ਏਜੰਟਾਂ ਦੀ ਸੂਚੀ ਜਾਰੀ ਕੀਤੀ ਗਈ ਹੈ, ਜਿਸ 'ਤੇ ਕਿਸੇ ਵੀ ਦੇਸ਼ ਲਈ ਅਪਲਾਈ ਕਰਨ ਤੋਂ ਪਹਿਲਾਂ ਝਾਤ ਮਾਰ ਲੈਣਾ ਬਹੁਤ ਜ਼ਰੂਰੀ ਹੈ।
ਕੈਨੇਡਾ 'ਚ ਪਿਛਲੇ ਵਰ੍ਹੇ 2,97,000 ਭਾਰਤੀਆਂ ਨੇ ਯਾਤਰਾ ਕੀਤੀ। ਕੈਨੇਡਾ ਦਾ ਇਮੀਗ੍ਰੇਸ਼ਨ ਵਿਭਾਗ ਵੀ ਕੈਨੇਡਾ ਆਉਣ ਵਾਲੇ ਪ੍ਰਵਾਸੀਆਂ ਦੀ ਮਦਦ ਲਈ ਹਮੇਸ਼ਾ ਪੱਬਾਂ ਭਾਰ ਰਹਿੰਦਾ ਹੈ। ਇਸ ਲਈ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਆਪਣੀ ਅਧਿਕਾਰਿਤ ਵੈੱਬਸਾਈਟ canada.ca/india-visa ਵੀ ਜਾਰੀ ਕੀਤੀ ਹੋਈ ਹੈ, ਜਿਸ 'ਤੋਂ ਇਸ ਸਬੰਧੀ ਪੂਰੀ ਜਾਣਕਾਰੀ ਲਈ ਜਾ ਸਕਦੀ ਹੈ।
ਅਸਲ 'ਚ ਜੂਨ ਮਹੀਨੇ ਕੈਨੇਡਾ ਇਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਨੇ ਪ੍ਰਵਾਸੀਆਂ ਸਬੰਧੀ ਇਕ ਪ੍ਰੋਗਰਾਮ ਦੀ ਜਾਣਕਾਰੀ ਦਿੱਤੀ ਸੀ, ਜਿਸ 'ਚ ਇਮੀਗ੍ਰੇਸ਼ਨ ਤੇ ਠੱਗ ਟ੍ਰੈਵਲ ਏਜੰਟਾਂ ਦੀ ਪਛਾਣ ਬਾਰੇ ਦੱਸਿਆ ਸੀ ਤੇ ਲੋਕਾਂ ਨੂੰ ਆਨਲਾਈਨ ਵੀਜ਼ਾ ਅਪਲਾਈ ਕਰਨ ਦਾ ਸੁਨੇਹਾ ਦਿੱਤਾ ਸੀ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਕੈਨੇਡਾ ਦਾ ਵੀਜ਼ਾ ਸਿਰਫ 100 ਕੈਨੇਡੀਅਨ ਡਾਲਰ 'ਚ ਅਪਲਾਈ ਕੀਤਾ ਜਾ ਸਕਦਾ ਹੈ, ਜੋ ਕਿ ਕਿਸੇ ਸਲਾਹਕਾਰ ਕੋਲ ਜਾਣ ਤੋਂ ਕਿਤੇ ਜ਼ਿਆਦਾ ਸਸਤਾ ਹੈ।
ਅਧਿਕਾਰਿਤ ਸਲਾਹਕਾਰਾਂ ਤੋਂ ਲਓ ਸਲਾਹ
ਅਹਿਮਦ ਹੁਸੈਨ ਨੇ ਇਸ ਦੌਰਾਨ ਬਿਨੈਕਾਰਾਂ ਨੂੰ ਇਹ ਵੀ ਸਲਾਹ ਦਿੱਤੀ ਕਿ ਕੈਨੇਡਾ ਦਾ ਵੀਜ਼ਾ ਅਪਲਾਈ ਕਰਨ ਸਮੇਂ ਅਣ-ਅਧਿਕਾਰਿਤ ਸਲਾਹਕਾਰਾਂ ਤੋਂ ਬਚਿਆ ਜਾਵੇ। ਅਜਿਹੇ ਸਲਾਹਕਾਰ ਸਿਰਫ ਸਲਾਹ ਦੇਣ ਦੇ ਵੀ ਪੈਸੇ ਚਾਰਜ ਕਰਦੇ ਹਨ। ਇਸ ਦੌਰਾਨ ਜੇਕਰ ਉਨ੍ਹਾਂ ਨੂੰ ਸਲਾਹਕਾਰ ਦੀ ਲੋੜ ਪਵੇ ਤਾਂ ਉਹ ਪਹਿਲਾਂ ਇਹ ਪੁਖਤਾ ਕਰ ਲੈਣ ਕਿ ਇਮੀਗ੍ਰੇਸ਼ਨ ਸਲਾਹਕਾਰ ਅਧਿਕਾਰਿਤ ਹੋਵੇ। ਅਜਿਹੇ 'ਚ ਧੋਖੇਬਾਜ਼ ਸਲਾਹਕਾਰਾਂ ਤੇ ਵੀਜ਼ਾ ਘੁਟਾਲਿਆਂ ਤੋਂ ਬਚਣਾ ਜ਼ਰੂਰੀ ਹੈ।
ਰਫਿਊਜ਼ਲ ਵੇਲੇ ਨਾ ਕਰੋ ਇਹ ਗਲਤੀ
ਜੇਕਰ ਤੁਹਾਡੀ ਫਾਈਲ ਕਿਸੇ ਕਾਰਨ ਰਫਿਊਜ਼ ਹੋ ਚੁੱਕੀ ਹੈ ਤਾਂ ਦੁਬਾਰਾ ਅਪਲਾਈ ਕਰਨ ਤੋਂ ਪਹਿਲਾਂ ਦੋ ਵਾਰ ਸੋਚੋ। ਦੁਬਾਰਾ ਅਪਲਾਈ ਤਾਂ ਹੀ ਕਰੋ ਜੇਕਰ ਪਹਿਲੀ ਰਫਿਊਜ਼ਲ ਤੋਂ ਬਾਅਦ ਬਦਲੀ ਸਥਿਤੀ ਬਾਰੇ ਜਾਣੂ ਕਰਵਾਇਆ ਜਾ ਸਕਦਾ ਹੋਵੇ। ਮਤਲਬ ਕਿ ਇਹ ਦੱਸਿਆ ਜਾ ਸਕੇ ਕਿ ਪਹਿਲੀਆਂ ਕਮੀਆਂ ਦੂਰ ਕਰ ਲਈਆਂ ਗਈਆਂ ਹਨ। ਜੇਕਰ ਇਕੋ ਜਾਣਕਾਰੀ ਨਾਲ ਵਾਰ-ਵਾਰ ਅਪਲਾਈ ਕੀਤਾ ਜਾ ਰਿਹਾ ਹੈ, ਉਹ ਵੀ ਬਿਨਾਂ ਕਿਸੇ ਸਲਾਹਕਾਰ ਦੇ ਤਾਂ ਇਸ ਨਾਲ ਆਖਰੀ ਫੈਸਲੇ 'ਚ ਕੋਈ ਬਦਲਾਅ ਨਹੀਂ ਆਉਂਦਾ। ਇਸ ਨਾਲ ਸਿਰਫ ਸਮਾਂ ਤੇ ਪੈਸੇ ਹੀ ਬਰਬਾਦ ਹੋਣਗੇ। ਇਸ ਤੋਂ ਇਲਾਵਾ ਜੇਕਰ ਕੋਈ ਵੀ ਵਿਅਕਤੀ ਕੈਨੇਡਾ ਜਾਣ ਲਈ ਇਮੀਗ੍ਰੇਸ਼ਨ ਵਿਭਾਗ ਨੂੰ ਗਲਤ ਜਾਣਕਾਰੀ ਦਿੰਦਾ ਹੈ ਤਾਂ ਉਸ ਦੀ ਕੈਨੇਡਾ ਐਂਟਰੀ 'ਤੇ ਪੰਜ ਸਾਲ ਦਾ ਬੈਨ ਲੱਗ ਸਕਦਾ ਹੈ।
ਆਪ੍ਰੇਸ਼ਨ ਤੋਂ ਪਹਿਲਾਂ ਦਾ ਤਣਾਅ ਘਟਾਉਂਦਾ ਹੈ ਸੰਗੀਤ
NEXT STORY