ਇੰਟਰਨੈਸ਼ਨਲ ਡੈਸਕ : ਮਿਡਲ ਈਸਟ ਵਿੱਚ ਜਾਰੀ ਭਾਰੀ ਤਣਾਅ ਦੇ ਵਿਚਕਾਰ ਭਾਰਤ ਲਈ ਇੱਕ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਈਰਾਨ ਨੇ 'ਹੋਰਮੁਜ਼ ਸਟਰੇਟ' ਤੋਂ ਲੰਘਣ ਵਾਲੇ ਜਹਾਜ਼ਾਂ 'ਤੇ ਲਗਾਈਆਂ ਗਈਆਂ ਪਾਬੰਦੀਆਂ ਤੋਂ ਭਾਰਤ, ਚੀਨ, ਇਰਾਕ ਅਤੇ ਕਤਰ ਨੂੰ ਛੋਟ ਦੇਣ ਦਾ ਐਲਾਨ ਕੀਤਾ ਹੈ। ਈਰਾਨ, ਅਮਰੀਕਾ ਅਤੇ ਇਜ਼ਰਾਈਲ ਵਿਚਾਲੇ ਜਾਰੀ ਸੰਘਰਸ਼ ਕਾਰਨ ਇਸ ਸਮੁੰਦਰੀ ਰਸਤੇ ਰਾਹੀਂ ਵਪਾਰ ਕਰਨਾ ਬਹੁਤ ਮੁਸ਼ਕਿਲ ਹੋ ਗਿਆ ਸੀ। ਹੁਣ ਇਸ ਫੈਸਲੇ ਨਾਲ ਭਾਰਤੀ ਨੌਵਹਨ (ਮਰੀਨ ਸ਼ਿਪਿੰਗ) ਅਤੇ ਊਰਜਾ ਸਪਲਾਈ ਨੂੰ ਵੱਡੀ ਰਾਹਤ ਮਿਲਣ ਦੀ ਉਮੀਦ ਹੈ।
ਈਰਾਨ ਦੀ ਸੰਸਦ ਦੀ ਰਾਸ਼ਟਰੀ ਸੁਰੱਖਿਆ ਅਤੇ ਵਿਦੇਸ਼ ਨੀਤੀ ਕਮੇਟੀ ਦੇ ਉੱਪ-ਪ੍ਰਧਾਨ ਅਮੀਰ ਹਯਾਤ ਮੁਕੱਦਮ ਨੇ ਇੱਕ ਇੰਟਰਵਿਊ ਦੌਰਾਨ ਇਸ ਛੋਟ ਦਾ ਖ਼ੁਲਾਸਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਹ ਵਿਵਸਥਾ ਈਰਾਨ ਦੇ ਇਨ੍ਹਾਂ ਚਾਰਾਂ ਦੇਸ਼ਾਂ ਨਾਲ ਜੁੜੇ ਹਿੱਤਾਂ 'ਤੇ ਆਧਾਰਿਤ ਹੈ। ਮੁਕੱਦਮ ਅਨੁਸਾਰ, ਇਨ੍ਹਾਂ ਚਾਰਾਂ ਦੇਸ਼ਾਂ ਦੇ ਜਹਾਜ਼ ਹੁਣ ਬਿਨਾਂ ਕਿਸੇ ਰੁਕਾਵਟ ਦੇ ਸੁਤੰਤਰ ਤੌਰ 'ਤੇ ਲੰਘ ਰਹੇ ਹਨ।
ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ, ਭਾਰਤ ਨੂੰ ਇਹ ਛੋਟ ਦੇਣ ਪਿੱਛੇ ਈਰਾਨ ਦੀ ਜੀਵਨ-ਰੱਖਿਅਕ ਦਵਾਈਆਂ ਦੀ ਜ਼ਰੂਰਤ ਵੀ ਇੱਕ ਅਹਿਮ ਵਜ੍ਹਾ ਹੈ। ਸਖ਼ਤ ਅੰਤਰਰਾਸ਼ਟਰੀ ਪਾਬੰਦੀਆਂ ਅਤੇ ਜੰਗ ਕਾਰਨ ਈਰਾਨ ਨੂੰ ਗਲੋਬਲ ਬਾਜ਼ਾਰਾਂ ਤੋਂ ਦਵਾਈਆਂ ਜੁਟਾਉਣ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰਤ ਦਾ ਫਾਰਮਾਸਿਊਟੀਕਲ (ਦਵਾਈ) ਖੇਤਰ ਈਰਾਨ ਲਈ ਇੱਕ ਅਹਿਮ ਸਪਲਾਇਰ ਹੈ। ਭਾਰਤੀ ਜਹਾਜ਼ਾਂ ਨੂੰ ਲੰਘਣ ਦਾ ਰਸਤਾ ਦੇਣ ਨਾਲ ਈਰਾਨ ਨੂੰ ਭਾਰਤ ਤੋਂ ਜ਼ਰੂਰੀ ਸਾਮਾਨ ਅਤੇ ਦਵਾਈਆਂ ਪ੍ਰਾਪਤ ਕਰਨ ਵਿੱਚ ਆਸਾਨੀ ਹੋਵੇਗੀ।
ਓਮਾਨ ਅਤੇ ਈਰਾਨ ਵਿਚਾਲੇ ਸਥਿਤ 'ਹੋਰਮੁਜ਼ ਸਟਰੇਟ' ਦੁਨੀਆ ਦਾ ਸਭ ਤੋਂ ਮਹੱਤਵਪੂਰਨ ਸਮੁੰਦਰੀ ਰਸਤਾ ਹੈ, ਜੋ ਫਾਰਸ ਦੀ ਖਾੜੀ ਨੂੰ ਅਰਬ ਸਾਗਰ ਨਾਲ ਜੋੜਦਾ ਹੈ। ਕੇਂਦਰੀ ਪੈਟਰੋਲੀਅਮ ਮੰਤਰਾਲੇ ਦੇ ਅੰਕੜਿਆਂ ਅਨੁਸਾਰ, ਸਾਲ 2026 ਦੇ ਸੰਘਰਸ਼ ਤੋਂ ਪਹਿਲਾਂ ਭਾਰਤ ਦੇ ਕੱਚੇ ਤੇਲ ਦਾ ਲਗਭਗ 45 ਫ਼ੀਸਦੀ ਅਤੇ ਐੱਲ.ਪੀ.ਜੀ. (LPG) ਆਯਾਤ ਦਾ ਲਗਭਗ 90 ਫ਼ੀਸਦੀ ਹਿੱਸਾ ਇਸੇ ਮਾਰਗ ਰਾਹੀਂ ਲੰਘਦਾ ਸੀ। ਇਸ ਤੋਂ ਇਲਾਵਾ ਭਾਰਤ ਆਪਣੀ ਐੱਲ.ਐੱਨ.ਜੀ. (LNG) ਸਪਲਾਈ ਦਾ ਇੱਕ ਵੱਡਾ ਹਿੱਸਾ (ਖ਼ਾਸ ਤੌਰ 'ਤੇ ਕਤਰ ਅਤੇ ਯੂ.ਏ.ਈ. ਤੋਂ) ਇਸੇ ਰਸਤੇ ਤੋਂ ਹਾਸਲ ਕਰਦਾ ਹੈ।
ਯੂ.ਕੇ. ’ਚ ਰਾਇਲ ਏਅਰ ਫੋਰਸ ਅੰਦਰ ਪਾਇਲਟ ਬਨਣ ਵਾਲੇ ਸਿੱਖ ਜਵਾਨ ਨੇ ਜਥੇਦਾਰ ਗੜਗੱਜ ਨਾਲ ਕੀਤੀ ਮੁਲਾਕਾਤ
NEXT STORY