ਜਕਾਰਤਾ (ਬਿਊਰੋ)— ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿਚ ਚੁਣਾਵੀ ਮਾਹੌਲ ਹੈ। ਕੁਝ ਦੇਸ਼ਾਂ ਵਿਚ ਚੋਣਾਂ ਹੋ ਚੁੱਕੀਆਂ ਹਨ ਜਦਕਿ ਕਈ ਦੇਸ਼ਾਂ ਵਿਚ ਚੋਣਾਂ ਦੀ ਤਿਆਰੀ ਕੀਤੀ ਜਾ ਰਹੀ ਹੈ। ਇੰਡੋਨੇਸ਼ੀਆ ਵਿਚ 17 ਅਪ੍ਰੈਲ ਨੂੰ ਚੋਣਾਂ ਹੋਈਆਂ। ਹੁਣ ਇੱਥੇ ਚੋਣਾਂ ਸੰਬੰਧੀ ਇਕ ਦਰਦਨਾਕ ਖਬਰ ਸਾਹਮਣੇ ਆਈ ਹੈ। ਇੱਥੇ 10 ਦਿਨ ਪਹਿਲਾਂ ਹੋਈਆਂ ਚੋਣਾਂ ਦੇ ਬਾਅਦ ਬੈਲੇਟ ਪੇਪਰਾਂ ਦੀ ਗਿਣਤੀ ਕਰ ਰਹੇ 272 ਕਰਮਚਾਰੀਆਂ ਦੀ ਮੌਤ ਹੋ ਗਈ ਜਦਕਿ ਹੋਰ 1878 ਕਰਮਚਾਰੀ ਬੀਮਾਰ ਪੈ ਗਏ। ਅਸਲ ਵਿਚ ਇਹ ਕਰਮਚਾਰੀ ਓਵਰਟਾਈਮ ਕਰ ਰਹੇ ਸਨ।
ਕਰਮਚਾਰੀਆਂ ਦਾ ਨਹੀਂ ਹੋਇਆ ਸਿਹਤ ਪਰੀਖਣ
ਇੰਡੋਨੇਸ਼ੀਆ ਦੇ ਚੋਣ ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਵਿਚੋਂ ਜ਼ਿਆਦਾਤਰ ਕਰਮਚਾਰੀਆਂ ਦੀ ਮੌਤ ਥਕਾਵਟ ਨਾਲ ਹੋਣ ਵਾਲੀ ਬੀਮਾਰੀ ਕਾਰਨ ਹੋਈ। ਗੌਰਤਲਬ ਹੈ ਕਿ ਇੰਡੋਨੇਸ਼ੀਆ ਵਿਚ ਬੈਲੇਟ ਪੇਪਰਾਂ ਦੀ ਗਿਣਤੀ ਚੱਲ ਰਹੀ ਹੈ ਅਤੇ ਕਾਰਕੁੰਨ ਹੱਥਾਂ ਨਾਲ ਵੋਟਾਂ ਦੀ ਗਿਣਤੀ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਕਰੀਬ 70 ਲੱਖ ਲੋਕ 17 ਅਪ੍ਰੈਲ ਨੂੰ ਹੋਈਆਂ ਚੋਣਾਂ ਦੀ ਵੋਟਾਂ ਦੀ ਗਿਣਤੀ ਅਤੇ ਨਿਗਰਾਨੀ ਵਿਚ ਮਦਦ ਕਰ ਰਹੇ ਸਨ। ਕਰਮਚਾਰੀਆਂ ਨੂੰ ਗਰਮੀ ਅਤੇ ਖਰਾਬ ਸਥਿਤੀ ਵਿਚ ਪੂਰੀ ਰਾਤ ਕੰਮ ਕਰਨਾ ਪਿਆ, ਜਿਸ ਨਾਲ ਉਹ ਸਰੀਰਕ ਪਰੇਸ਼ਾਨੀ ਦੀ ਸਮੱਸਿਆ ਦੇ ਸ਼ਿਕਾਰ ਹੋ ਗਏ। ਦੱਸਿਆ ਗਿਆ ਹੈ ਕਿ ਚੁਣਾਵੀ ਕੰਮਾਂ ਵਿਚ ਲੱਗੇ ਜ਼ਿਆਦਾਤਰ ਕਰਮਚਾਰੀ ਅਸਥਾਈ ਹਨ ਜਿਨ੍ਹਾਂ ਦੀ ਨਿਯੁਕਤੀ ਦੇ ਸਮੇਂ ਸਰਕਾਰੀ ਕਰਮਚਾਰੀਆਂ ਵਾਂਗ ਸਿਹਤ ਪਰੀਖਣ ਨਹੀਂ ਕੀਤਾ ਗਿਆ।
ਇਕ ਦਿਨ 'ਚ ਸਾਰੀਆਂ ਚੋਣਾਂ ਕਰਵਾਉਣ ਦੀ ਆਲੋਚਨਾ
26 ਕਰੋੜ ਦੀ ਆਬਾਦੀ ਵਾਲੇ ਇੰਡੋਨੇਸ਼ੀਆ ਨੇ ਖਰਚ ਨੂੰ ਘੱਟ ਕਰਨ ਲਈ 17 ਅਪ੍ਰੈਲ ਨੂੰ ਰਾਸ਼ਟਰਪਤੀ ਚੋਣਾਂ ਦੇ ਨਾਲ ਹੀ ਸੰਸਦੀ ਤੇ ਖੇਤਰੀ ਚੋਣਾਂ ਕਰਵਾਈਆਂ। ਭਾਵੇਂਕਿ ਚੋਣਾਂ ਸ਼ਾਂਤੀਪੂਰਣ ਤਰੀਕੇ ਨਾਲ ਸੰਪੰਨ ਹੋਈਆਂ। ਪਰ ਬੈਲੇਟ ਪੇਪਰਾਂ ਦੀ ਗਿਣਤੀ ਦੌਰਾਨ ਇਹ ਦੁੱਖਦਾਈ ਘਟਨਾ ਵਾਪਰੀ। ਆਲੋਚਕਾਂ ਦਾ ਕਹਿਣਾ ਹੈ ਕਿ ਸਰਕਾਰ ਇਕੱਠੇ ਚੋਣਾਂ ਕਰਵਾਉਣ ਲਈ ਤਿਆਰ ਨਹੀਂ ਸੀ ਅਤੇ ਵੱਡੇ ਪੱਧਰ 'ਤੇ ਅਸਥਾਈ ਨਿਯੁਕਤੀ ਦਾ ਉਸ ਦਾ ਫੈਸਲਾ ਗਲਤ ਸੀ। ਇੱਥੇ 22 ਮਈ ਤੱਕ ਵੋਟਾਂ ਦੀ ਗਿਣਤੀ ਪੂਰੀ ਹੋਵੇਗੀ ਅਤੇ ਇਸ ਮਗਰੋਂ ਜੇਤੂਆਂ ਦੇ ਨਾਮ ਦਾ ਐਲਾਨ ਹੋਵੇਗਾ।
ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ
ਸਿਹਤ ਮੰਤਰਾਲੇ ਨੇ ਬੀਮਾਰ ਚੋਣ ਅਧਿਕਾਰੀਆਂ ਦੀ ਦੇਖਭਾਲ ਲਈ 23 ਅਪ੍ਰੈਲ ਨੂੰ ਸਰਕੁਲਰ ਪੱਤਰ ਵੀ ਜਾਰੀ ਕੀਤਾ ਸੀ। ਇਸ ਦੇ ਬਾਵਜੂਦ ਇਹ ਘਟਨਾ ਵਾਪਰੀ। ਜਾਣਕਾਰੀ ਮੁਤਾਬਕ ਵਿੱਤ ਮੰਤਰਾਲੇ ਵੀ ਮ੍ਰਿਤਕ ਕਰਮਚਾਰੀਆਂ ਦੇ ਪਰਿਵਾਰ ਵਾਲਿਆਂ ਨੂੰ ਮੁਆਵਜ਼ਾ ਦੇਵੇਗਾ।
ਵਿਰੋਧੀ ਧਿਰ ਵੱਲੋਂ ਘਪਲੇਬਾਜ਼ੀ ਦਾ ਦੋਸ਼
ਰਾਸ਼ਟਰਪਤੀ ਅਹੁਦੇ ਦੇ ਵਿਰੋਧੀ ਧਿਰ ਦੇ ਉਮੀਦਵਾਰ ਪ੍ਰਬੋਵੋ ਸੁਬੀਆਂਤੋ ਦੀ ਮੁਹਿੰਮ ਦਾ ਹਿੱਸਾ ਰਹੇ ਅਹਿਮਦ ਮੁਜਾਨੀ ਨੇ ਕਿਹਾ ਕਿ ਚੋਣ ਕਮਿਸ਼ਨ ਕੰਮ ਦੇ ਪ੍ਰਬੰਧਨ ਵਿਚ ਅਸਫਲ ਰਿਹਾ। ਪ੍ਰਬੋਵੋ ਨੇ ਵੋਟਿੰਗ ਦੌਰਾਨ ਵੱਡੇ ਪੱਧਰ 'ਤੇ ਘਪਲੇਬਾਜ਼ੀ ਦਾ ਦੋਸ਼ ਲਗਾਇਆ। ਉੱਧਰ ਵਿਡੋਡੋ ਸਰਕਾਰ ਦੇ ਸੁਰੱਖਿਆ ਮੰਤਰੀ ਨੇ ਇਨ੍ਹਾਂ ਦੋਸ਼ਾਂ ਨੂੰ ਆਧਾਰਹੀਨ ਦੱਸਿਆ।
ਹੁਣ ਸ਼੍ਰੀਲੰਕਾ 'ਚ ਬੁਰਕਾ ਸਮੇਤ ਚਿਹਰਾ ਢਕਣ ਵਾਲੀ ਹਰੇਕ ਚੀਜ਼ 'ਤੇ ਪਾਬੰਦੀ
NEXT STORY