ਰੋਮ/ਇਟਲੀ (ਕੈਂਥ): ਇਟਲੀ ਦੇ ਕਈ ਇਲਾਕਿਆਂ ਵਿਚ ਤੇਜ਼ ਮੀਂਹ ਅਤੇ ਹੜ੍ਹ ਦੇ ਕਹਿਰ ਨੇ ਲੋਕਾਂ ਦੀ ਜ਼ਿੰਦਗੀ ਨੂੰ ਮੁਸੀਬਤ ਵਿਚ ਪਾ ਰੱਖਿਆ ਹੈ। ਜਿਸ ਕਾਰਨ ਵਾਪਰਦੇ ਸੜਕ ਹਾਦਸਿਆਂ ਵਿੱਚ ਕਈ ਮੌਤਾਂ ਹੋ ਚੁੱਕੀਆਂ ਹਨ, ਇਹਨਾਂ ਵਿਚ ਇਕ ਔਰਤ ਸਮੇਤ ਤਿੰਨ ਭਾਰਤੀ ਵੀ ਸ਼ਾਮਲ ਹਨ। ਬੀਤੇਂ ਦਿਨੀ ਪਹਿਲਾਂ ਖਰਾਬ ਮੌਸਮ ਦੇ ਚੱਲਦਿਆਂ ਕਿਰਮੋਨਾ ਇਲਾਕੇ ਵਿਚ ਇਕ ਭਾਰਤੀ ਔਰਤ ਦੀ ਉਸ ਸਮੇਂ ਮੌਤ ਹੋ ਗਈ ਜਦੋਂ ਤੇਜ ਮੀਂਹ ਦੇ ਪਾਣੀ ਕਾਰਨ ਉਹ ਆਪਣੀ ਕਾਰ ਦਾ ਸੰਤੁਲਨ ਗੁਆ ਬੈਠੀ ਅਤੇ ਉਸ ਦੀ ਕਾਰ ਟੋਏ ਵਿੱਚ ਜਾ ਡਿੱਗੀ। ਹਾਦਸੇ ਵਿਚ ਔਰਤ ਦੀ ਮੌਤ ਹੋ ਗਈ।
ਉਸ ਤੋਂ ਬਾਅਦ ਲਾਤੀਨਾ ਦੇ ਸ਼ਹਿਰ ਤੇਰਾਚੀਨਾ ਨੇੜੇ ਬੋਰਗੋ ਬੋਦਿਸ ਵਿਖੇ ਇਕ ਭਾਰਤੀ ਪਵਿੱਤਰ ਸਿੰਘ ਸੜਕ 'ਤੇ ਮ੍ਰਿਤਕ ਪਾਇਆ ਗਿਆ, ਜਿਸ ਦੀ ਮੌਤ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਚੱਲ ਸਕਿਆ।ਇਟਲੀ ਦੇ ਭਾਰਤੀ ਹਾਲੇ ਇਹਨਾਂ ਬੇਵਕਤੀ ਮੌਤਾਂ ਦੇ ਸਦਮੇ ਵਿੱਚੋਂ ਬਾਹਰ ਨਹੀਂ ਸਨ ਆਏ ਕਿ ਇਕ ਹੋਰ ਭਾਰਤੀ ਸਤਨਾਮ ਸਿੰਘ (50) ਦੀ ਇਕ ਸੜਕ ਹਾਦਸੇ ਵਿੱਚ ਮੌਤ ਹੋ ਗਈ।ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਸਤਨਾਮ ਸਿੰਘ ਜਿਹੜਾ ਕਿ ਪਿੰਡ ਬੇਈਪੁਈ ਖੰਡੂਰ ਸਾਹਿਬ (ਤਰਨਤਾਰਨ) ਨਾਲ ਸੰਬਧਤ ਸੀ, ਲਾਤੀਨਾ ਜ਼ਿਲੇ ਦੇ ਫੌਂਦੀ ਸ਼ਹਿਰ ਰਹਿੰਦਾ ਸੀ।
ਬੀਤੇ ਦਿਨੀਂ ਜਦੋਂ ਸਤਨਾਮ ਸਿੰਘ ਆਪਣੇ ਸਾਈਕਲ ਉਪੱਰ ਸਵੇਰੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾ ਰਿਹਾ ਸੀ ਤਾਂ ਕਿਸੇ ਤੇਜ ਰਫ਼ਤਾਰ ਵਾਹਨ ਨੇ ਉਸ ਦੇ ਸਾਈਕਲ ਨੂੰ ਪਿੱਛੋ ਟੱਕਰ ਮਾਰ ਦਿੱਤੀ, ਜਿਸ ਕਾਰਨ ਸਤਨਾਮ ਸਿੰਘ ਦਾ ਸਿਰ ਸਿੱਧਾ ਇਕ ਖੰਭੇ ਵਿਚ ਜਾ ਵੱਜਾ ਅਤੇ ਉਹ ਲਹੂ-ਲੂਹਾਨ ਹੋ ਗਿਆ।ਸਥਾਨਕ ਪੁਲਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਤੁਰੰਤ ਹਰਕਤ ਵਿਚ ਆ ਗਈ ਤੇ ਐਂਬੂਲੈਂਸ ਦੁਆਰਾ ਜਖ਼ਮੀ ਸਤਨਾਮ ਸਿੰਘ ਨੂੰ ਸਥਾਨਕ ਹਸਪਤਾਲ ਲਿਆਂਦਾ ਗਿਆ ਜਿੱਥੋਂ ਡਾਕਟਰਾਂ ਨੇ ਸਤਨਾਮ ਸਿੰਘ ਦੀ ਹਾਲਤ ਗੰਭੀਰ ਦੇਖ ਲਾਤੀਨਾ ਹਸਪਤਾਲ ਭੇਜ ਦਿੱਤਾ। ਜਿੱਥੇ ਅੱਜ ਸਵੇਰੇ 9 ਵਜੇ ਜਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਸਤਨਾਮ ਸਿੰਘ ਦੀ ਮੌਤ ਹੋ ਗਈ।
ਪੁਲਸ ਸਾਰੇ ਮਾਮਲੇ ਦੀ ਛਾਣਬੀਣ ਕਰ ਰਹੀ ਹੈ।ਜ਼ਿਕਰਯੋਗ ਹੈ ਕਿ ਮ੍ਰਿਤਕ ਸਤਨਾਮ ਸਿੰਘ 13 ਸਾਲ ਪਹਿਲਾ ਪੰਜਾਬ ਤੋਂ ਘਰ ਦੀ ਗਰੀਬੀ ਦੂਰ ਕਰਨ ਇਟਲੀ ਆਇਆ ਸੀ ।ਇਟਲੀ ਵਿੱਚ ਖੇਤੀਬਾੜੀ ਦਾ ਕੰਮਕਾਰ ਕਰਕੇ ਜ਼ਿੰਦਗੀ ਬਸਰ ਕਰ ਰਿਹਾ ਸੀ ਤੇ 4 ਮਹੀਨੇ ਪਹਿਲਾਂ ਹੀ ਉਸ ਦਾ ਪਰਿਵਾਰ ਪੰਜਾਬ ਤੋਂ ਇਟਲੀ ਆਇਆ ਹੈ ਜਿਹਨਾਂ ਦੀ ਕਿ ਹਾਲੇ ਪੇਪਰਾਂ ਦੀ ਕਾਰਵਾਈ ਚੱਲ ਰਹੀ ਹੈ।ਮ੍ਰਿਤਕ ਸਤਨਾਮ ਸਿੰਘ ਵਿਧਵਾ ਪਤਨੀ ਤੋਂ ਇਲਾਵਾ ਦੋ ਮਾਸੂਮ ਬੱਚੇ ਛੱਡ ਗਿਆ ਹੈ।ਇਸ ਅਣਹੋਣੀ ਨਾਲ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਹੈ।
1953 'ਚ ਵਿਦੇਸ਼ ਗਏ ਬਜ਼ੁਰਗ ਤੋਂ ਸੁਣੋ ਖਰੀਆਂ ਗੱਲਾਂ (ਵੀਡੀਓ)
NEXT STORY