ਰੋਮ ( ਦਲਵੀਰ ਕੈਂਥ)— ਇਟਲੀ ਨੂੰ ਇੱਕ ਪਾਸੇ ਕੁਦਰਤੀ ਕਹਿਰ ਤਬਾਹ ਕਰਨ 'ਤੇ ਹੈ ਤੇ ਦੂਜਾ ਪਾਸੇ ਇੱਥੋਂ ਦੇ ਭ੍ਰਿਸ਼ਟਾਚਾਰੀ ਲੋਕ ਹਰ ਸਾਲ ਦੇਸ਼ ਨੂੰ ਅਰਬਾਂ ਯੂਰੋ ਦਾ ਚੂਨਾ ਲਗਾਉਂਦੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਹਾਲ ਹੀ ਵਿੱਚ ਅਮਰੀਕਾ ਦੀ ਇੱਕ ਗੈਰ-ਸਰਕਾਰੀ ਸੰਸਥਾ ਐਨ. ਜੀ. ਓ. ਰੈੱਡ ਵੱਲੋਂ ਯੂਰਪੀਅਨ ਸੰਸਦ ਦਾ ਵਿਸ਼ੇਸ਼ ਵਿਸ਼ਲੇਸ਼ਣ ਕੀਤਾ ਗਿਆ, ਜਿਸ 'ਚ ਇਟਲੀ ਨੂੰ ਯੂਰਪੀਅਨ ਯੂਨੀਅਨ ਦਾ ਸਭ ਤੋਂ ਵੱਧ ਭ੍ਰਿਸ਼ਟ ਦੇਸ਼ ਮੰਨਿਆ ਗਿਆ। ਇਟਲੀ ਵਿੱਚ ਭ੍ਰਿਸ਼ਟਾਚਾਰ ਦਾ ਪੱਧਰ ਸਭ ਤੋਂ ਉੱਚਾ ਹੋਣ ਕਾਰਨ ਇਹ ਹੋਰ ਯੂਰਪੀਅਨ ਦੇਸ਼ਾਂ ਨਾਲੋਂ ਤਰੱਕੀ ਦੇ ਮਾਮਲੇ 'ਚ ਪਿੱਛੇ ਰਹਿੰਦਾ ਜਾ ਰਿਹਾ ਹੈ।
ਵਿਸ਼ਲੇਸ਼ਣ ਮੁਤਾਬਕ ਇਟਲੀ ਦੀ ਆਰਥਿਕਤਾ ਭ੍ਰਿਸ਼ਟਾਚਾਰ ਕਾਰਨ ਸਾਲ ਵਿੱਚ 236 ਅਰਬ ਯੂਰੋ ਦਾ ਘਾਟਾ ਝੱਲ ਰਹੀ ਹੈ, ਜਿਹੜਾ ਕਿ ਕੁਲ ਘਰੇਲੂ ਉਤਪਾਦ ਭਾਵ ਜੀ. ਡੀ. ਪੀ. ਦਾ 13 ਫੀਸਦੀ ਹੈ ਭਾਵ ਪ੍ਰਤੀ ਨਿਵਾਸੀ 3,903 ਯੂਰੋ ਦੇ ਬਰਾਬਰ ਹੈ।ਇਹ ਅੰਕੜਾ ਫਰਾਂਸ ਦੇ ਮੁਕਾਬਲੇ ਦੁੱਗਣਾ ਉੱਚਾ ਹੈ, ਜਿੱਥੇ ਇਹ 120 ਖਰਬ ਯੂਰੋ ਹੈ ਅਤੇ 6 ਫੀਸਦੀ ਜੀ. ਡੀ. ਪੀ. ਦੇ ਬਰਾਬਰ ਹੈ । ਯੂਰਪੀਅਨ ਯੂਨੀਅਨ ਦੇ ਸਰਵਉੱਤਮ ਦੇਸ਼ ਜਰਮਨ ਵਿੱਚ ਆਰਥਿਕਤਾ ਨੂੰ ਭ੍ਰਿਸ਼ਟਾਚਾਰ ਕਾਰਨ 104 ਖਰਬ ਯੂਰੋ ਦਾ ਘਾਟਾ ਪੈਂਦਾ ਹੈ ਜਿਹੜਾ ਕਿ ਜੀ. ਡੀ. ਪੀ. ਦਾ ਸਿਰਫ਼ 4 ਫੀਸਦੀ ਹੈ। ਵਿਸ਼ਲੇਸ਼ਣ 'ਚ ਦੱਸਿਆ ਗਿਆ ਹੈ ਕਿ ਜਿੰਨਾ ਧਨ ਭ੍ਰਿਸ਼ਟਾਚਾਰ ਵਿੱਚ ਬਰਬਾਦ ਹੋ ਰਿਹਾ ਹੈ ਉਸ ਨਾਲ ਇਟਲੀ ਦੀਆਂ ਪ੍ਰਮੁੱਖ ਸਮਾਜਿਕ ਸਮੱਸਿਆਵਾਂ ਨਾਲ ਨਜਿੱਠਿਆ ਜਾ ਸਕਦਾ ਹੈ।
ਇਟਲੀ 'ਚ ਭ੍ਰਿਸ਼ਟਾਚਾਰ ਦੀ ਲਾਗਤ ਕੌਮੀ ਸਰਵਜਨਕ ਸਿਹਤ ਬਜਟ ਤੋਂ ਡੇਢ ਗੁਣਾ ਜ਼ਿਆਦਾ ਹੈ। 80 ਫੀਸਦੀ ਇਟਾਲੀਅਨ ਲੋਕ ਇਹ ਸਮਝਦੇ ਹਨ ਕਿ ਦੇਸ਼ ਵਿੱਚ ਭ੍ਰਿਸ਼ਟਾਚਾਰ ਇੰਨਾ ਜ਼ਿਆਦਾ ਹੈ ਕਿ ਇਸ ਬਾਰੇ ਸੋਚਣ ਦਾ ਕੋਈ ਫਾਇਦਾ ਨਹੀਂ।ਇਹੀ ਅੰਕੜੇ ਹੋਰ ਯੂਰਪੀਅਨ ਦੇਸ਼ ਬੁਲਗਾਰੀਆ, ਗ੍ਰੀਸ, ਸਾਈਪ੍ਰਸ, ਹੰਗਰੀ, ਰੋਮਾਨੀਆ, ਪੁਰਤਗਾਲ, ਸਲੋਵਾਕੀਆ, ਸਲੋਵੇਨੀਆ ਅਤੇ ਸਪੇਨ ਆਦਿ ਦੇਸ਼ਾਂ 'ਚ ਮਿਲੇ ਹਨ। ਇਟਲੀ ਦੇ ਭ੍ਰਿਸ਼ਟਾਚਾਰ ਦੀ ਲਾਗਤ ਕਾਰਨ ਜ਼ਿਆਦਾ ਨੁਕਸਾਨ ਹੋਇਆ ਜਦੋਂ ਕਿ ਰੋਮਾਨੀਆ ਨੂੰ ਜੀ. ਡੀ. ਪੀ. ਦੀ ਫੀਸਦੀ ਦੇ ਰੂਪ ਵਿੱਚ ਲਾਗਤ ਨੂੰ ਦੇਖਦਿਆਂ ਸਭ ਤੋਂ ਵੱਧ ਭ੍ਰਿਸ਼ਟ ਦੇਸ਼ ਮੰਨਿਆ ਗਿਆ।
ਰੋਮਾਨੀਆ ਹਰ ਸਾਲ ਭ੍ਰਿਸ਼ਟਾਚਾਰ ਕਾਰਨ ਜੀ. ਡੀ. ਪੀ. ਦਾ 15.6 ਫੀਸਦੀ ਘਾਟਾ ਝੱਲ ਰਿਹਾ ਹੈ ਜਦੋਂ ਕਿ ਬੁਲਗਾਰੀਆ ,ਲਾਤਵਿਆ ਅਤੇ ਗ੍ਰੀਸ ਹਰ ਸਾਲ ਭ੍ਰਿਸ਼ਟਾਚਾਰ ਕਾਰਨ ਜੀ. ਡੀ. ਪੀ. ਦਾ 14 ਪ੍ਰਤੀਸ਼ਤ ਘਾਟਾ ਝੱਲ ਰਿਹਾ ਹੈ। ਦੂਜੇ ਪਾਸੇ ਹਾਲੈਂਡ ਵਿੱਚ ਸਭ ਤੋਂ ਘੱਟ ਭ੍ਰਿਸ਼ਟਾਚਾਰ ਹੈ ਜਿੱਥੇ ਕਿ ਜੀ. ਡੀ. ਪੀ. ਦਾ 0.76 ਪ੍ਰਤੀਸ਼ਤ ਘਾਟਾ ਝੱਲਦਾ ਹੈ ਪਰ ਫਿਰ ਵੀ ਇਹ ਲਗਭਗ 4.4 ਖਰਬ ਯੂਰੋ ਹੈ। ਜੇਕਰ ਸਾਰੇ ਯੂਰਪੀਅਨ ਦੇਸ਼ਾਂ ਅੰਦਰ ਭ੍ਰਿਸ਼ਟਾਚਾਰ ਕਾਰਨ ਪੈ ਰਹੇ ਘਾਟੇ ਦੀ ਗੱਲ ਕਰੀਏ ਤਾਂ ਇਹ 904 ਖਰਬ ਹੈ। ਇਨ੍ਹਾਂ ਅੰਕੜਿਆਂ ਦਾ ਸੰਦਰਭ ਇਹ ਹੈ ਕਿ ਜੇਕਰ ਪੂਰੀ ਦੁਨੀਆ ਦੀ ਭੁੱਖਮਰੀ ਖਤਮ ਕਰਨੀ ਹੋਵੇ ਤਾਂ 229 ਖਰਬ ਯੂਰੋ ਖਰਚ ਹੋਣਗੇ ।
ਜੇਕਰ ਦੁਨੀਆ ਦੇ ਸਭ ਤੋਂ 46 ਗਰੀਬ ਦੇਸ਼ਾਂ ਦੇ ਬੱਚਿਆਂ ਨੂੰ ਮੁੱਢਲੀ ਸਿੱਖਿਆ ਪ੍ਰਦਾਨ ਕਰਨੀ ਹੋਵੇ ਤਾਂ 22 ਖਰਬ ਖਰਚ ਹੈ। ਇਸ ਦਾ ਮਤਲਬ ਇਹ ਹੋਇਆ ਕਿ ਜਿੰਨਾ ਪੈਸਾ ਭ੍ਰਿਸ਼ਟਾਚਾਰ ਦੀ ਭੇਟ ਚੜ੍ਹ ਰਿਹਾ ਹੈ, ਉਸ ਨਾਲ ਸਾਰੀ ਦੁਨੀਆ ਦੀ ਭੁੱਖਮਰੀ ਨੂੰ ਖਤਮ ਕੀਤਾ ਜਾ ਸਕਦਾ ਹੈ। ਸਰਕਾਰਾਂ ਭ੍ਰਿਸ਼ਟਾਚਾਰ ਖਤਮ ਕਰਨ 'ਚ ਪੂਰੀ ਤਰ੍ਹਾਂ ਅਸਫਲ ਹਨ।
ਫੇਸਬੁੱਕ ਦੇ ਹੈੱਡਕੁਆਰਟਰ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ
NEXT STORY