ਲੰਡਨ (ਬਿਊਰੋ)— ਵਰਤਮਾਨ ਸਮੇਂ ਵਿਚ ਲੋਕ ਇਕ ਜਾਂ ਦੋ ਬੱਚਿਆਂ ਨੂੰ ਹੀ ਜਨਮ ਦੇਣਾ ਸਹੀ ਸਮਝਦੇ ਹਨ। ਪਰ ਲੰਡਨ ਵਿਚ ਇਕ ਪਰਿਵਾਰ ਅਜਿਹਾ ਹੈ ਜਿਸ ਵਿਚ ਇਕ-ਦੋ ਨਹੀਂ ਸਗੋਂ 20 ਬੱਚੇ ਹਨ। ਹਾਲ ਹੀ ਵਿਚ ਇਸ ਪਰਿਵਾਰ ਵਿਚ 21ਵੇਂ ਬੱਚੇ ਦਾ ਜਨਮ ਹੋਇਆ ਹੈ। ਸੂ ਰੈਡਫੋਰਡ ਨਾਮ ਦੀ ਇਕ ਬ੍ਰਿਟਿਸ਼ ਮਹਿਲਾ ਨੇ 43 ਸਾਲ ਦੀ ਉਮਰ ਵਿਚ 21ਵੇਂ ਬੱਚੇ ਨੂੰ ਜਨਮ ਦਿੱਤਾ। ਇਸ ਬੱਚੇ ਦੇ ਜਨਮ ਦੇ ਬਾਅਦ ਰੈਡਫੋਰਡ ਪਰਿਵਾਰ ਅਧਿਕਾਰਕ ਰੂਪ ਵਿਚ ਬ੍ਰਿਟੇਨ ਦਾ ਸਭ ਤੋਂ ਵੱਡਾ ਪਰਿਵਾਰ ਬਣ ਗਿਆ ਹੈ। ਬ੍ਰਿਟੇਨ ਦੀ ਮੀਡੀਆ ਅਤੇ ਸੋਸ਼ਲ ਮੀਡੀਆ ਵਿਚ ਇਹ ਪਰਿਵਾਰ ਚਰਚਾ ਵਿਚ ਹੈ। 21ਵੇਂ ਬੱਚੇ ਦੇ ਜਨਮ ਦੇ ਬਾਅਦ 43 ਸਾਲਾ 'ਸੁਪਰ ਮੌਮ' ਸੂ ਰੈਡਫੋਰਡ ਦਾ ਕਹਿਣਾ ਹੈ ਕਿ ਉਹ ਉਨ੍ਹਾਂ ਦਾ ਆਖਰੀ ਬੱਚਾ ਹੈ। ਉਨ੍ਹਾਂ ਦੇ ਦਾਅਵੇ 'ਤੇ ਹਾਲੇ ਯਕੀਨ ਕਰਨਾ ਮੁਸ਼ਕਲ ਹੈ ਕਿਉਂਕਿ ਇਕ ਸਾਲ ਪਹਿਲਾਂ ਵੀ ਉਨ੍ਹਾਂ ਨੇ ਇਹੀ ਗੱਲ ਕਹੀ ਸੀ।
ਦਿੱਤਾ ਬੱਚੀ ਨੂੰ ਜਨਮ
ਸੂ ਰੈਡਫੋਰਡ ਨੇ ਬੇਟੀ ਬੋਨੀ ਨੂੰ ਜਨਮ ਦਿੱਤਾ ਹੈ। ਉਸ ਦੇ ਪਤੀ ਨੋਏਲ ਤੋਂ ਇਹ ਉਸ ਦਾ 21ਵਾਂ ਬੱਚਾ ਹੈ। ਹੁਣ ਦੋਹਾਂ ਨੇ ਵਾਅਦਾ ਕੀਤਾ ਹੈ ਕਿ ਇਸ ਮਗਰੋਂ ਉਨ੍ਹਾਂ ਦਾ ਕੋਈ ਹੋਰ ਬੱਚਾ ਨਹੀਂ ਹੋਵੇਗਾ। ਇਸ ਜੋੜੇ ਦਾ ਪਹਿਲਾ ਬੱਚਾ ਕ੍ਰਿਸ 28 ਸਾਲ ਪਹਿਲਾਂ ਪੈਦਾ ਹੋਇਆ ਸੀ। ਉਸ ਸਮੇਂ ਸੂ ਦੀ ਉਮਰ ਸਿਰਫ 14 ਸਾਲ ਸੀ। ਨਵੇਂ ਬੱਚੇ ਦਾ ਜਨਮ ਮੰਗਲਵਾਰ ਨੂੰ ਰੋਇਲ ਲੰਕਾਸਟਰ ਇੰਫਮਰੀ ਵਿਚ ਸ਼ਾਮ 6:43 'ਤੇ ਹੋਇਆ। ਜਾਣਕਾਰੀ ਮੁਤਾਬਕ ਪਰਿਵਾਰ ਦੇ 14 ਬੱਚਿਆਂ ਦਾ ਜਨਮ ਇੱਥੇ ਹੀ ਹੋਇਆ। 43 ਸਾਲਾ ਰੈਡਫੋਰਡ ਨੇ ਬੇਬੀ ਗਰਲ ਬੋਨੀ ਨੂੰ ਜਨਮ ਦੇਣ ਤੋਂ ਪਹਿਲਾਂ 12 ਮਿੰਟ ਤੱਕ ਜਣੇਪੇ ਦੀ ਦਰਦ ਬਰਦਾਸ਼ਤ ਕੀਤੀ।
ਦੇ ਸਕਦੀ ਹੈ ਹੋਰ ਬੱਚੇ ਨੂੰ ਜਨਮ
ਸੂ ਰੈਡਫੋਰਡ ਨੇ ਇਸ ਤੋਂ ਪਹਿਲਾਂ ਸਤੰਬਰ 2017 ਵਿਚ ਬੱਚੇ ਨੂੰ ਜਨਮ ਦਿੱਤਾ ਸੀ। ਉਸ ਸਮੇਂ ਵੀ ਸੂ ਨੇ ਵਾਅਦਾ ਕੀਤਾ ਸੀ ਕਿ ਇਹ ਉਨ੍ਹਾਂ ਦਾ ਆਖਰੀ ਬੱਚਾ ਹੋਵੇਗਾ। ਮਈ ਵਿਚ ਜਾਰੀ ਇਕ ਯੂ-ਟਿਊਬ ਵੀਡੀਓ ਵਿਚ ਉਸ ਨੇ ਐਲਾਨ ਕੀਤਾ ਕਿ ਉਹ ਦੁਬਾਰਾ ਗਰਭਵਤੀ ਹੈ। ਨਵਾਂ ਬੱਚਾ ਆਉਣ ਦੀ ਖੁਸ਼ੀ ਜ਼ਾਹਰ ਕਰਦਿਆਂ ਸੂ ਨੇ ਕਿਹਾ,''ਮੇਰੇ ਸਾਰੇ ਬੱਚੇ ਇਸ ਨਵਜੰਮੇ ਬੱਚੇ ਨੂੰ ਆਪਣੀ ਗੋਦ ਵਿਚ ਲੈਣ ਲਈ ਲੜ ਰਹੇ ਹਨ। ਇਹ ਇਕ ਪਿਆਰਾ ਪਲ ਹੈ ਜਦੋਂ ਤੁਸੀਂ ਨਵਜੰਮੇ ਬੱਚੇ ਨੂੰ ਘਰ ਲਿਆਂਦੇ ਹੋ ਅਤੇ ਹੋਰ ਸਾਰੇ ਉਸ ਨੂੰ ਚੁੱਕਣ ਲਈ ਉਤਸ਼ਾਹਿਤ ਹੁੰਦੇ ਹਨ।'' ਭਵਿੱਖ ਬਾਰੇ ਯੋਜਨਾ ਦੇ ਬਾਰੇ ਵਿਚ ਸੂ ਨੇ ਕਿਹਾ,''ਅਸੀਂ ਦੋਹਾਂ ਨੇ ਫੈਸਲਾ ਕੀਤਾ ਹੈ ਕਿ ਅਸੀਂ ਹੁਣ ਹੋਰ ਬੱਚਾ ਨਹੀਂ ਚਾਹੁੰਦੇ। ਬੋਨੀ ਨੇ ਸਾਡਾ ਪਰਿਵਾਰ ਪੂਰਾ ਕਰ ਦਿੱਤਾ ਹੈ।'' ਸੂ ਦੇ 47 ਸਾਲਾ ਪਤੀ ਨੇਏਲ ਨੇ ਕਿਹਾ,''ਮੈਨੂੰ ਨਹੀਂ ਲੱਗਦਾ ਕਿ ਕੋਈ ਇਹ ਸੋਚਦਾ ਹੋਵੇਗਾ ਕਿ ਉਨ੍ਹਾਂ ਦੇ 21 ਬੱਚੇ ਹੋਣਗੇ। ਅਸੀਂ ਵੀ ਇਹੀਂ ਸੋਚਿਆ ਸੀ ਕਿ ਸਾਡੇ ਸਿਰਫ 3 ਬੱਚੇ ਹੋਣਗੇ।''
ਇੰਝ ਇਕੱਠੇ ਰਹਿੰਦੇ ਹਨ ਸਾਰੇ ਬੱਚੇ
ਸੂ ਰੈਡਫੋਰਡ ਨੇ ਕਿਹਾ ਕਿ ਪਰਿਵਾਰ ਲਈ ਘਰ ਨੂੰ 10 ਬੈੱਡਰੂਮ ਵਾਲੇ ਘਰ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਇਸ ਦੇ ਬਾਵਜੂਦ ਵੀ ਘਰ ਛੋਟਾ ਪੈਂਦਾ ਹੈ ਪਰ ਸਾਰੇ ਮੈਂਬਰ ਪਿਆਰ ਨਾਲ ਇਕੱਠੇ ਰਹਿੰਦੇ ਹਨ। ਸੂ ਰੈਡਫੋਰਡ ਹੁਣ ਆਪਣੇ ਬੱਚਿਆਂ ਅਤੇ ਪੋਤੇ-ਪੋਤੀਆਂ ਨਾਲ ਖੇਡਣ ਲਈ ਤਿਆਰ ਹੈ। ਇੱਥੇ ਦੱਸ ਦਈਏ ਕਿ ਸੂ ਅਤੇ ਨੋਏਲ ਦੇ 3 ਬੱਚਿਆਂ ਦਾ ਵਿਆਹ ਹੋ ਚੁੱਕਾ ਹੈ ਅਤੇ ਉਨ੍ਹਾਂ ਦੇ ਵੀ ਬੱਚੇ ਹਨ।
ਲੰਡਨ : ਸਿੱਖ ਫੌਜੀਆਂ ਨੂੰ ਸ਼ਰਧਾਂਜਲੀ ਦੇਣ ਲਈ ਲਗਾਇਆ ਗਿਆ ਸਟੈਚੂ
NEXT STORY