ਕਾਠਮੰਡੂ - ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਦੇ ਇਕ ਬਿਆਨ ਨਾਲ ਵਿਵਾਦ ਖੜ੍ਹਾ ਹੋ ਗਿਆ ਹੈ। ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੇ ਕਿਹਾ ਹੈ ਕਿ ਭਾਰਤੀ ਨਕਲੀ ਅਯੁੱਧਿਆ ਖੜ੍ਹਾ ਕਰਕੇ ਸਭਿਆਚਾਰਕ ਅਤੇ ਇਤਿਹਾਸਕ ਤੱਥਾਂ ਦੇ ਨਾਲ ਛੇੜਛਾੜ ਕਰ ਰਿਹਾ ਹੈ। ਆਪਣੇ ਸਰਕਾਰੀ ਆਵਾਸ 'ਤੇ ਕਵੀ ਭਾਨੁਭਗਤ ਦੇ ਜਨਮਦਿਨ 'ਤੇ ਹੋਏ ਪ੍ਰੋਗਰਾਮ ਵਿਚ ਕੇਪੀ ਸ਼ਰਮਾ ਓਲੀ ਨੇ ਇਹ ਬਿਆਨ ਦਿੱਤਾ। ਭਾਰਤ ਅਤੇ ਨੇਪਾਲ ਵਿਚਾਲੇ ਪਹਿਲਾਂ ਤੋਂ ਹੀ ਤਣਾਅ ਚੱਲ ਰਿਹਾ ਹੈ। ਕੇਪੀ ਸ਼ਰਮਾ ਓਲੀ ਨੇ ਦਾਅਵਾ ਕੀਤਾ ਕਿ ਅਸਲੀ ਅਯੁੱਧਿਆ ਨੇਪਾਲ ਦੇ ਬੀਰਗੰਜ ਨੇੜੇ ਇਕ ਪਿੰਡ ਹੈ, ਜਿਥੇ ਭਗਵਾਨ ਰਾਮ ਦਾ ਜਨਮ ਹੋਇਆ ਸੀ।
ਨੇਪਾਲ ਵਿਚ ਰਾਸ਼ਟਰੀ ਪ੍ਰਜਾਤੰਤਰ ਪਾਰਟੀ ਦੇ ਨੇਤਾ ਕਮਲ ਥਾਪਾ ਨੇ ਪ੍ਰਧਾਨ ਮੰਤਰੀ ਕੇਪੀ ਓਲੀ ਦੇ ਬਿਆਨ 'ਤੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਆਖਿਆ ਕਿ ਕਿਸੇ ਵੀ ਪ੍ਰਧਾਨ ਮੰਤਰੀ ਲਈ ਇਸ ਤਰ੍ਹਾਂ ਦਾ ਆਧਾਰਹੀਣ ਅਤੇ ਅਪ੍ਰਮਾਣਿਤ ਬਿਆਨ ਦੇਣਾ ਉਚਿਤ ਨਹੀਂ ਹੈ। ਉਨ੍ਹਾਂ ਨੇ ਆਪਣੇ ਟਵੀਟ ਵਿਚ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਓਲੀ ਭਾਰਤ ਅਤੇ ਨੇਪਾਲ ਦੇ ਰਿਸ਼ਤਿਆਂ ਨੂੰ ਵਿਗਾੜਣਾ ਚਾਹੁੰਦੇ ਹਨ, ਜਦਕਿ ਉਨ੍ਹਾਂ ਨੂੰ ਤਣਾਅ ਘੱਟ ਕਰਨ ਲਈ ਕੰਮ ਕਰਨਾ ਚਾਹੀਦਾ ਹੈ। ਭਾਰਤ ਅਤੇ ਨੇਪਾਲ ਵਿਚ ਪਿਛਲੇ ਕੁਝ ਮਹੀਨਿਆਂ ਤੋਂ ਤਣਾਅ ਚੱਲ ਰਿਹਾ ਹੈ। ਨੇਪਾਲ ਨੇ 20 ਮਈ ਨੂੰ ਆਪਣਾ ਨਵਾਂ ਨਕਸ਼ਾ ਜਾਰੀ ਕੀਤਾ ਸੀ ਜਿਸ ਵਿਚ ਲਿਪੁਲੇਖ, ਲਿਮਪੀਯਾਧੁਰਾ ਅਤੇ ਕਾਲਾਪਾਣੀ ਨੂੰ ਆਪਣਾ ਇਲਾਕਾ ਦਿਖਾਇਆ ਸੀ। ਇਹ ਤਿੰਨੋਂ ਇਲਾਕੇ ਅਜੇ ਭਾਰਤ ਵਿਚ ਹਨ ਪਰ ਨੇਪਾਲ ਦਾਅਵਾ ਕਰਦਾ ਹੈ ਕਿ ਇਹ ਉਸ ਦਾ ਇਲਾਕਾ ਹੈ।
ਇਸ ਤੋਂ ਬਾਅਦ ਦੋਹਾਂ ਦੇਸ਼ਾਂ ਵਿਚ ਤਣਾਅ ਵੱਧਦਾ ਗਿਆ। ਹਾਲਾਂਕਿ ਇਸ ਤੋਂ ਪਹਿਲਾਂ ਭਾਰਤ ਨੇ ਪਿਛਲੇ ਸਾਲ ਨਵੰਬਰ ਵਿਚ ਜੰਮੂ ਕਸ਼ਮੀਰ ਨੂੰ 2 ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਏ ਜਾਣ ਤੋਂ ਬਾਅਦ ਆਪਣਾ ਨਕਸ਼ਾ ਅਪਡੇਟ ਕੀਤਾ ਸੀ। ਇਸ ਨਕਸ਼ੇ ਵਿਚ ਇਹ ਤਿੰਨੋਂ ਇਲਾਕੇ ਸਨ। ਭਾਰਤ ਦਾ ਆਖਣਾ ਹੈ ਕਿ ਉਸ ਨੇ ਕਿਸੇ ਨਵੇਂ ਇਲਾਕੇ ਨੂੰ ਨਕਸ਼ੇ ਵਿਚ ਸ਼ਾਮਲ ਨਹੀਂ ਕੀਤਾ ਹੈ ਬਲਕਿ ਇਹ ਤਿੰਨੋਂ ਇਲਾਕੇ ਪਹਿਲਾਂ ਤੋਂ ਹੀ ਹਨ। ਪਿਛਲੇ ਦਿਨੀਂ ਭਾਰਤੀ ਮੀਡੀਆ ਦੀ ਭੂਮਿਕਾ ਨੂੰ ਲੈ ਕੇ ਵੀ ਨੇਪਾਲ ਵਿਚ ਸਖਤ ਨਰਾਜ਼ਗੀ ਜਤਾਈ ਗਈ ਸੀ। ਕਈ ਭਾਰਤੀ ਚੈਨਲਾਂ ਨੇ ਪ੍ਰਧਾਨ ਮੰਤਰੀ ਕੇਪੀ ਓਲੀ ਅਤੇ ਚੀਨੀ ਰਾਜਦੂਤ ਹੋਓ ਯਾਂਕੀ ਨੂੰ ਲੈ ਕੇ ਸਨਸਨੀਖੇਜ ਦਾਅਵੇ ਕੀਤੇ। ਕੁਝ ਚੈਨਲਾਂ ਨੇ ਇਹ ਸਟੋਰੀ ਚਲਾਈ ਕਿ ਓਲੀ ਨੂੰ ਹਨੀ ਟ੍ਰੈਪ ਵਿਚ ਫਸਾ ਦਿੱਤਾ ਗਿਆ ਹੈ। ਨੇਪਾਲ ਨੇ ਇਨਾਂ ਰਿਪੋਰਟਾਂ 'ਤੇ ਸਖਤ ਇਤਰਾਜ਼ ਦਰਜ ਕਰਾਇਆ ਅਤੇ ਕੇਬਲ ਆਪ੍ਰੇਟਰਾਂ ਨੂੰ ਕਿਹਾ ਕਿ ਅਜਿਹੇ ਭਾਰਤੀ ਨਿਊਜ਼ ਚੈਨਲਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਪ੍ਰਸਾਰਣ ਤੋਂ ਰੋਕੇ। ਨੇਪਾਲ ਦੇ ਵਿਦੇਸ਼ ਮੰਤਰੀ ਪ੍ਰਦੀਪ ਗਿਆਵਾਲੀ ਨੇ ਕਿਹਾ ਕਿ ਉਨ੍ਹਾਂ ਨੇ ਭਾਰਤ ਵਿਚ ਨੇਪਾਲ ਦੇ ਰਾਜਦੂਤ ਨੀਲਾਂਬਰ ਆਚਾਰੀਆ ਨੂੰ ਭਾਰਤੀ ਵਿਦੇਸ਼ ਮੰਤਰਾਲੇ ਦੇ ਸਾਹਮਣੇ ਸਖਤ ਇਤਰਾਜ਼ ਦਰਜ ਕਰਾਉਣ ਲਈ ਕਿਹਾ ਹੈ। ਨੀਲਾਂਬਰ ਨੇ ਕਿਹਾ ਕਿ ਭਾਰਤੀ ਮੀਡੀਆ ਨੇਪਾਲ ਅਤੇ ਭਾਰਤ ਦੇ 2-ਪੱਖੀ ਸਬੰਧਾਂ ਨੂੰ ਹੋਰ ਖਰਾਬ ਕਰ ਰਿਹਾ ਹੈ। ਹਾਲਾਂਕਿ ਚੀਨ ਦੀ ਰਾਜਦੂਤ ਦੀ ਸਰਗਰਮਤਾ ਨੂੰ ਲੈ ਕੇ ਨੇਪਾਲ ਵਿਚ ਵਿਰੋਧ ਵੀ ਦਰਜ ਹੋਇਆ ਹੈ। ਨੇਪਾਲ ਵਿਚ ਵਿਰੋਧੀ ਧਿਰ ਨੂੰ ਲੈ ਕੇ ਮੀਡੀਆ ਤੱਕ ਵਿਚ ਸਵਾਲ ਚੁੱਕਿਆ ਕਿ ਘਰੇਲੂ ਰਾਜਨੀਤੀ ਵਿਚ ਕਿਸੇ ਰਾਜਦੂਤ ਦੀ ਅਜਿਹੀ ਸਰਗਰਮਤਾ ਠੀਕ ਨਹੀਂ ਹੈ। ਮੁਲਾਕਾਤਾਂ ਦਾ ਇਹ ਦੌਰ ਪਿਛਲੇ ਢਾਈ ਮਹੀਨੇ ਤੋਂ ਚੱਲ ਰਿਹਾ ਹੈ।
PM ਓਲੀ ਦਾ ਵੱਡਾ ਦਾਅਵਾ, 'ਭਾਰਤ ਨੇ ਬਣਾਇਆ ਨਕਲੀ ਅਯੁੱਧਿਆ, ਅਸਲੀ ਨੇਪਾਲ 'ਚ'
NEXT STORY