ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਕੁਝ ਸਥਾਨਕ ਲੋਕਾਂ ਨੇ ਓਕਾਫ ਵਿਭਾਗ ਦੇ ਅਧਿਕਾਰੀਆਂ ਦੀ ਕਥਿਤ ਮੌਨ ਸਹਿਮਤੀ ਨਾਲ ਸਦੀਆਂ ਪੁਰਾਣੇ 'ਗੁਰੂ ਨਾਨਕ ਮਹਿਲ' ਦਾ ਵੱਡਾ ਹਿੱਸਾ ਤੋੜ ਦਿੱਤਾ। ਇਸ ਦੇ ਨਾਲ ਹੀ ਉਸ ਦੀਆਂ ਕੀਮਤੀ ਖਿੜਕੀਆਂ ਅਤੇ ਦਰਵਾਜੇ ਵੇਚ ਦਿੱਤੇ। ਇਕ ਅੰਗਰੇਜ਼ੀ ਅਖਬਾਰ ਦੀ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ। ਰਿਪੋਰਟ ਮੁਤਾਬਕ ਇਸ ਚਾਰ ਮੰਜ਼ਿਲਾ ਇਮਾਰਤ ਦੀਆਂ ਕੰਧਾਂ 'ਤੇ ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਦੇ ਇਲਾਵਾ ਹਿੰਦੂ ਸ਼ਾਸਕਾਂ ਅਤੇ ਰਾਜਕੁਮਾਰਾਂ ਦੀਆਂ ਤਸਵੀਰਾਂ ਸਨ।
ਰਿਪੋਰਟ ਮੁਤਾਬਕ ਦੱਸਿਆ ਗਿਆ ਹੈ ਕਿ 'ਬਾਬਾ ਗੁਰੂ ਨਾਨਕ ਮਹਿਲ' ਚਾਰ ਸਦੀ ਪਹਿਲਾਂ ਬਣਾਇਆ ਗਿਆ ਸੀ ਅਤੇ ਇਸ ਵਿਚ ਭਾਰਤ ਸਮੇਤ ਦੁਨੀਆ ਭਰ ਤੋਂ ਸਿੱਖ ਆਇਆ ਕਰਦੇ ਹਨ। ਇਸ ਵਿਚ ਦੱਸਿਆ ਗਿਆ ਹੈ ਕਿ ਸੂਬਾਈ ਰਾਜਧਾਨੀ ਲਾਹੌਰ ਤੋਂ ਕਰੀਬ 100 ਕਿਲੋਮੀਟਰ ਦੂਰ ਨਾਰੋਵਾਲ ਸ਼ਹਿਰ ਵਿਚ ਬਣੇ ਇਸ ਮਹਿਲ ਵਿਚ 16 ਕਮਰੇ ਸਨ ਅਤੇ ਹਰੇਕ ਕਮਰੇ ਵਿਚ ਘੱਟੋ-ਘੱਟ ਤਿੰਨ ਨਾਜ਼ੁਕ ਦਰਵਾਜੇ ਅਤੇ ਚਾਰ ਰੋਸ਼ਨਦਾਨ ਸਨ। ਰਿਪੋਰਟ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਓਕਾਫ ਵਿਭਾਗ ਦੇ ਅਧਿਕਾਰੀਆਂ ਦੀ ਕਥਿਤ ਮੌਨ ਸਹਿਮਤੀ ਨਾਲ ਸਥਾਨਕ ਲੋਕਾਂ ਦੇ ਇਕ ਸਮੂਹ ਨੇ ਮਹਿਲ ਦੇ ਅੰਸ਼ਕ ਹਿੱਸੇ ਨੂੰ ਢਹਿ ਢੇਰੀ ਕਰ ਦਿੱਤਾ ਅਤੇ ਉਸ ਦੀਆਂ ਕੀਮਤੀ ਖਿੜਕੀਆਂ, ਦਰਵਾਜੇ ਤੇ ਰੋਸ਼ਨਦਾਨ ਵੇਚ ਦਿੱਤੇ। ਅਧਿਕਾਰੀਆਂ ਨੂੰ ਇਸ ਮਹਿਲ ਦੇ ਮਾਲਕ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਸਥਾਨਕ ਵਸਨੀਕ ਮੁਹੰਮਦ ਅਸਲਮ ਨੇ ਕਿਹਾ,''ਇਸ ਪੁਰਾਣੀ ਇਮਾਰਤ ਨੂੰ ਬਾਬਾ ਗੁਰੂ ਨਾਨਕ ਮਹਿਲ ਕਿਹਾ ਜਾਂਦਾ ਹੈ ਅਤੇ ਅਸੀਂ ਉਸ ਨੂੰ ਮਹਲਾਂ ਨਾਮ ਦਿੱਤਾ ਹੈ। ਭਾਰਤ ਸਮੇਤ ਦੁਨੀਆ ਭਰ ਤੋਂ ਸਿੱਖ ਇੱਥੇ ਆਇਆ ਕਰਦੇ ਹਨ।'' ਇਕ ਹੋਰ ਸਥਾਨਕ ਵਸਨੀਕ ਮੁਹੰਮਦ ਅਸ਼ਰਫ ਨੇ ਕਿਹਾ,''ਓਕਾਫ ਵਿਭਾਗ ਨੂੰ ਇਸ ਬਾਰੇ ਵਿਚ ਦੱਸਿਆ ਗਿਆ ਕਿ ਕੁਝ ਪ੍ਰਭਾਵਸ਼ਾਲੀ ਲੋਕ ਇਮਾਰਤ ਵਿਚ ਭੰਨ-ਤੋੜ ਕਰ ਰਹੇ ਹਨ ਪਰ ਕਿਸੇ ਵੀ ਅਧਿਕਾਰੀ ਨੇ ਕੋਈ ਕਾਰਵਾਈ ਨਹੀਂ ਕੀਤੀ ਅਤੇ ਨਾ ਹੀ ਉੱਥੇ ਕੋਈ ਪਹੁੰਚਿਆ।'' ਇਕ ਅਖਬਾਰ ਨੇ ਦੱਸਿਆ ਕਿ ਉਸ ਨੇ ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ (ਈ.ਟੀ.ਪੀ.ਬੀ.) ਦੇ ਡਿਪਟੀ ਕਮਿਸ਼ਨਰ ਤੋਂ ਲੈ ਕੇ ਇਮਾਰਤ ਵਿਚ ਰਹਿਣ ਵਾਲੇ ਪਰਿਵਾਰ ਦੇ ਕਈ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਮਾਰਤ ਦੀ ਕਾਨੂੰਨੀ ਸਥਿਤੀ ਕੀ ਹੈ, ਇਸ ਦਾ ਮਾਲਕ ਕੌਣ ਹੈ ਅਤੇ ਕਿਹੜੀ ਸਰਕਾਰੀ ਏਜੰਸੀ ਇਸ ਦਾ ਰਿਕਾਰਡ ਰੱਖਦੀ ਹੈ ਪਰ ਸਾਨੂੰ ਕੋਈ ਜਾਣਕਾਰੀ ਨਹੀਂ ਮਿਲ ਸਕੀ।
ਨਾਰੋਵਾਲ ਦੇ ਡਿਪਟੀ ਕਮਿਸ਼ਨਰ ਵਹੀਦ ਅਸਗਰ ਨੇ ਕਿਹਾ,''ਮਾਲੀਆ ਰਿਕਾਰਡ ਵਿਚ ਇਸ ਇਮਾਰਤ ਦਾ ਕੋਈ ਜ਼ਿਕਰ ਨਹੀਂ ਹੈ। ਇਹ ਇਮਾਰਤ ਇਤਿਹਾਸਿਕ ਪ੍ਰਤੀਤ ਹੁੰਦੀ ਹੈ ਅਤੇ ਅਸੀਂ ਨਗਰਪਾਲਿਕਾ ਕਮੇਟੀ ਦੇ ਰਿਕਾਰਡ ਦੀ ਜਾਂਚ ਕਰਰਹੇ ਹਾਂ।'' ਈ.ਟੀ.ਪੀ.ਬੀ. ਸਿਆਲਕੋਟ ਖੇਤਰ ਦੇ ਰੈਂਟ ਕੁਲੈਕਟਰ ਰਾਣਾ ਵਹੀਦ ਨੇ ਕਿਹਾ,''ਸਾਡੀ ਟੀਮ ਗੁਰੂ ਨਾਨਕ ਮਹਿਲ ਬਾਟਨਵਾਲਾ ਦੇ ਸੰਬੰਧ ਵਿਚ ਜਾਂਚ ਕਰ ਰਹੀ ਹੈ। ਜੇਕਰ ਇਹ ਜਾਇਦਾਦ ਈ.ਟੀ.ਪੀ.ਬੀ. ਦੀ ਹੈ ਤਾਂ ਇਸ ਵਿਚ ਭੰਨ-ਤੋੜ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਲਾਕੇ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਭੰਨ-ਤੋੜ ਲਈ ਜ਼ਿੰਮੇਵਾਰ ਲੋਕਾਂ ਵਿਰੁੱਧ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।
ਚੀਨ 'ਚ ਫੈਕਟਰੀ ਦੀ ਛੱਤ ਡਿੱਗੀ, 2 ਲੋਕਾਂ ਦੀ ਮੌਤ ਤੇ 15 ਜ਼ਖਮੀ
NEXT STORY