ਇਸਲਾਮਾਬਾਦ : ਪਾਕਿਸਤਾਨ ਨੇ ਭਾਰਤ ਨੂੰ ਸਿੰਧੂ ਜਲ ਸੰਧੀ ਦੇ ਦਾਇਰੇ ਵਿੱਚ ਰਹਿ ਕੇ ਮੁੜ ਉਸਾਰੂ ਗੱਲਬਾਤ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ। ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਤਾਹਿਰ ਅੰਦਰਾਬੀ ਨੇ ਇਹ ਬਿਆਨ ਉਸ ਸਮੇਂ ਜਾਰੀ ਕੀਤਾ, ਜਦੋਂ ਭਾਰਤ ਨੇ ਸਥਾਈ ਸਾਲਸੀ ਅਦਾਲਤ ਦੇ ਉਸ ਹੁਕਮ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ, ਜਿਸ ਵਿੱਚ ਅਦਾਲਤ ਨੇ ਭਾਰਤ ਵੱਲੋਂ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਨ ਦੇ ਫੈਸਲੇ ਨੂੰ ਰੱਦ ਕਰ ਦਿੱਤਾ ਸੀ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਪ੍ਰੈਲ ਵਿੱਚ ਪਹਿਲਗਾਮ ਵਿਖੇ ਹੋਏ ਇੱਕ ਅੱਤਵਾਦੀ ਹਮਲੇ ਤੋਂ ਬਾਅਦ, ਜਿਸ ਵਿੱਚ 26 ਨਾਗਰਿਕਾਂ ਦੀ ਜਾਨ ਚਲੀ ਗਈ ਸੀ, ਭਾਰਤ ਨੇ ਕਈ ਕੂਟਨੀਤਕ ਅਤੇ ਆਰਥਿਕ ਕਦਮਾਂ ਦੇ ਤਹਿਤ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਨ ਦਾ ਫ਼ੈਸਲਾ ਲਿਆ ਸੀ। ਭਾਰਤ ਦੇ ਇਸ ਕਦਮ ਨੂੰ ਚੁਣੌਤੀ ਦੇਣ ਅਤੇ ਸੰਧੀ ਦੀ ਕਾਨੂੰਨੀ ਸਥਿਤੀ ਤੈਅ ਕਰਨ ਲਈ ਪਾਕਿਸਤਾਨ ਨੇ ਇਸੇ ਸਾਲ ਮਾਰਚ ਵਿੱਚ ਹੇਗ ਸਥਿਤ ਸਥਾਈ ਸਾਲਸੀ ਅਦਾਲਤ ਦਾ ਰੁਖ਼ ਕੀਤਾ ਸੀ।
ਬੁਲਾਰੇ ਤਾਹਿਰ ਅੰਦਰਾਬੀ ਨੇ ਦੱਸਿਆ ਕਿ ਸਥਾਈ ਸਾਲਸੀ ਅਦਾਲਤ ਨੇ ਆਪਣੇ ਫ਼ੈਸਲੇ ਵਿੱਚ ਇਹ ਸਾਫ਼ ਕਰ ਦਿੱਤਾ ਹੈ ਕਿ ਸਿੰਧੂ ਜਲ ਸੰਧੀ ਪੂਰੀ ਤਰ੍ਹਾਂ ਲਾਗੂ ਅਤੇ ਦੋਵਾਂ ਦੇਸ਼ਾਂ 'ਤੇ ਪਾਬੰਦ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਇਸ ਅੰਤਰਰਾਸ਼ਟਰੀ ਅਦਾਲਤ ਦੇ ਫ਼ੈਸਲੇ ਨੂੰ ਪੂਰੀ ਤਰ੍ਹਾਂ ਲਾਗੂ ਕਰਵਾਉਣ ਲਈ ਸਾਰੇ ਸੰਭਵ ਕਦਮ ਚੁੱਕੇਗਾ।
ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਮੁੜ ਹੋਇਆ ਵਾਧਾ, ਪਾਕਿਸਤਾਨ 'ਚ ਮਹਿੰਗਾਈ ਦੀ ਮਾਰ
NEXT STORY