ਇਸਲਾਮਾਬਾਦ : ਆਰਥਿਕ ਸੰਕਟ ਅਤੇ ਅੰਤਰਰਾਸ਼ਟਰੀ ਕਰਜ਼ਿਆਂ 'ਤੇ ਨਿਰਭਰ ਪਾਕਿਸਤਾਨ ਸਾਲ 2027 ਵਿੱਚ ਅੰਤਰਰਾਸ਼ਟਰੀ ਮੁਦਰਾ ਕੋਸ਼ (IMF) ਅਤੇ ਵਿਸ਼ਵ ਬੈਂਕ ਸਮੂਹ (World Bank Group) ਦੇ ਬੋਰਡ ਆਫ਼ ਗਵਰਨਰਜ਼ ਦੀ ਚੇਅਰਮੈਨਸ਼ਿਪ (ਪ੍ਰਧਾਨਗੀ) ਸੰਭਾਲੇਗਾ। ਪਾਕਿਸਤਾਨ ਦੇ ਆਰਥਿਕ ਮਾਮਲਿਆਂ ਦੇ ਮੰਤਰਾਲੇ ਵੱਲੋਂ ਇਸ ਦੀ ਅਧਿਕਾਰਤ ਘੋਸ਼ਣਾ ਕੀਤੀ ਗਈ ਹੈ। ਸਾਲ 1953 ਤੋਂ ਬਾਅਦ ਪਹਿਲੀ ਵਾਰ ਹੈ ਜਦੋਂ ਪਾਕਿਸਤਾਨ ਨੂੰ ਇਹ ਮਹੱਤਵਪੂਰਨ ਜ਼ਿੰਮੇਵਾਰੀ ਮਿਲੀ ਹੈ।
ਬੈਂਕਾਕ ਵਿੱਚ ਆਯੋਜਿਤ 'WBG-IMF' ਦੀ 2026 ਦੀ ਸਾਲਾਨਾ ਬੈਠਕ ਦੇ ਪੂਰਨ ਸੈਸ਼ਨ ਦੌਰਾਨ ਇਹ ਐਲਾਨ ਕੀਤਾ ਗਿਆ। ਇਸ ਦੌਰਾਨ ਪਾਕਿਸਤਾਨ ਦੇ ਆਰਥਿਕ ਮਾਮਲਿਆਂ ਦੇ ਮੰਤਰੀ ਅਤੇ ਵਿਸ਼ਵ ਬੈਂਕ ਵਿੱਚ ਦੇਸ਼ ਦੇ ਗਵਰਨਰ ਅਹਦ ਖਾਨ ਚੀਮਾ ਨੂੰ ਰਸਮੀ ਤੌਰ 'ਤੇ 2027 ਲਈ ਅਗਲਾ ਚੇਅਰਮੈਨ ਚੁਣਿਆ ਗਿਆ ਹੈ। ਪਾਕਿਸਤਾਨੀ ਮੰਤਰਾਲੇ ਨੇ ਇਸ ਨਿਯੁਕਤੀ ਨੂੰ ਇੱਕ ਇਤਿਹਾਸਕ ਪ੍ਰਾਪਤੀ ਦੱਸਿਆ ਹੈ, ਜਿਸ ਨਾਲ ਦੇਸ਼ ਨੂੰ ਗਲੋਬਲ ਆਰਥਿਕ ਨੀਤੀਆਂ ਅਤੇ ਵਿਕਾਸ ਸਬੰਧੀ ਚਰਚਾਵਾਂ ਵਿੱਚ ਆਪਣੀ ਭੂਮਿਕਾ ਨਿਭਾਉਣ ਦਾ ਮੌਕਾ ਮਿਲੇਗਾ।
ਜ਼ਿਕਰਯੋਗ ਹੈ ਕਿ ਇਹ ਜ਼ਿੰਮੇਵਾਰੀ ਪਾਕਿਸਤਾਨ ਨੂੰ ਅਜਿਹੇ ਸਮੇਂ ਮਿਲੀ ਹੈ ਜਦੋਂ ਉਸ ਦੀ ਆਪਣੀ ਅਰਥਵਿਵਸਥਾ ਪੂਰੀ ਤਰ੍ਹਾਂ ਅੰਤਰਰਾਸ਼ਟਰੀ ਵਿੱਤੀ ਸਹਾਇਤਾ 'ਤੇ ਟਿਕੀ ਹੋਈ ਹੈ। ਪਾਕਿਸਤਾਨ ਇਸ ਸਮੇਂ ਆਈ.ਐੱਮ.ਐੱਫ. ਦੇ ਦੋ ਵਿੱਤੀ ਪ੍ਰੋਗਰਾਮਾਂ—7 ਅਰਬ ਡਾਲਰ ਦੇ 'ਐਕਸਟੈਂਡਡ ਫੰਡ ਫੈਸਿਲਿਟੀ' (EFF) ਅਤੇ 1.4 ਅਰਬ ਡਾਲਰ ਦੇ 'ਰੇਜ਼ੀਲੀਐਂਸ ਐਂਡ ਸਸਟੇਨੇਬਿਲਟੀ ਫੈਸਿਲਿਟੀ' (RSF) 'ਤੇ ਨਿਰਭਰ ਹੈ। ਇਸ ਤੋਂ ਇਲਾਵਾ ਪਾਕਿਸਤਾਨ ਨੂੰ ਆਈ.ਐੱਮ.ਐੱਫ. ਤੋਂ 1.2 ਅਰਬ ਡਾਲਰ ਦੀ ਹੋਰ ਵਿੱਤੀ ਮਦਦ ਮਿਲਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ।
ਭਾਰਤ 'ਚ ਖੇਤੀਬਾੜੀ, ਸਿੱਖਿਆ ਅਤੇ ਛੋਟੇ ਕਾਰੋਬਾਰਾਂ 'ਚ AI ਦਾ ਵਿਸਤਾਰ ਕਰਨ ਲਈ Google ਦੀ ਪਹਿਲ
NEXT STORY