ਇਟਲੀ (ਕੈਂਥ )— ਸਾਹਿਤ ਸੁਰ ਸੰਗਮ ਸਭਾ ਇਟਲੀ ਵਲੋਂ ਪੰਜਾਬੀਆਂ ਦੀ ਸੰਘਣੀ ਆਬਾਦੀ ਵਾਲੇ ਜ਼ਿਲਾ ਬ੍ਰੇਸ਼ੀਆ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖ ਕੇ 'ਯੂਰਪੀ ਪੰਜਾਬੀ ਕਾਨਫਰੰਸ 2018-19' ਸਤੰਬਰ ਮਹੀਨੇ ਦੀ ਪਹਿਲੀ ਤਰੀਕ ਦਿਨ ਸ਼ਨਿਚਰਵਾਰ ਨੂੰ ਕਰਵਾਈ ਜਾ ਰਹੀ ਹੈ। ਇਸ ਕਾਨਫਰੰਸ ਦਾ ਮੁੱਖ ਮੰਤਵ ਇਟਲੀ ਵਿੱਚ ਰਹਿ ਰਹੇ ਪੰਜਾਬੀ ਬੱਚਿਆਂ ਨੂੰ ਪੰਜਾਬੀ ਬੋਲੀ ਪ੍ਰਤੀ ਜਾਗਰੂਕ ਕਰਨਾ ਹੈ। ਇਸ ਲਈ ਗੁਰਦੁਆਰਾ ਸਾਹਿਬ ਵਿੱਚ ਪੰਜਾਬੀ ਪੜ੍ਹ ਰਹੇ ਬੱਚਿਆਂ ਦੇ ਇਮਤਿਹਾਨ ਵੀ ਲਏ ਜਾਣਗੇ, ਜਿਨ੍ਹਾਂ ਲਈ ਵੱਖ-ਵੱਖ ਗੁਰਦਵਾਰਾ ਸਾਹਿਬਾਨ ਵਿੱਚ ਲੋੜੀਂਦਾ ਸਿਲੇਬਸ ਪਹੁੰਚਦਾ ਕਰ ਦਿੱਤਾ ਗਿਆ ਹੈ।
ਬੱਚਿਆਂ ਦੇ ਮਾਤਾ-ਪਿਤਾ ਨੂੰ ਖਾਸ ਤੌਰ 'ਤੇ ਇਸ ਕਾਨਫਰੰਸ ਵਿੱਚ ਬੁਲਾਇਆ ਗਿਆ ਹੈ ਤਾਂ ਕਿ ਉਹ ਕਾਨਫਰੰਸ ਦੌਰਾਨ ਪੰਜਾਬੀ ਮਾਹਿਰਾਂ, ਚਿੰਤਕਾਂ ਅਤੇ ਬੁੱਧੀਜੀਵੀਆਂ ਦੇ ਵਿਚਾਰ ਸੁਣ ਸਕਣ। ਯੂਰਪ ਦੇ ਵੱਖ-ਵੱਖ ਦੇਸ਼ਾਂ ਤੋਂ ਵਿਦਵਾਨ ਅਤੇ ਬੁੱਧੀਜੀਵੀ ਲੋਕ ਖਾਸ ਤੌਰ 'ਤੇ ਬੁਲਾਏ ਗਏ ਹਨ। ਇਨ੍ਹਾਂ ਵਿੱਚ ਕੈਨੇਡਾ ਤੋਂ ਸੁੱਖੀ ਬਾਠ ਪੰਜਾਬ ਭਵਨ ਕੈਨੇਡਾ, ਮੋਤਾ ਸਿੰਘ ਸਰਾਏ ਯੂਰਪੀ ਪੰਜਾਬੀ ਸੱਥ ਯੂ. ਕੇ., ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ ਯੂ. ਕੇ., ਕੇਹਰ ਸ਼ਰੀਫ਼ ਜਰਮਨੀ, ਪ੍ਰਕਾਸ਼ ਸੋਹਲ ਯੂ. ਕੇ., ਕੁਲਵੰਤ ਕੌਰ ਢਿੱਲੋਂ ਯੂ. ਕੇ. ਅਤੇ ਕਈ ਹੋਰ ਪ੍ਰਮੁੱਖ ਸ਼ਖਸੀਅਤਾਂ ਪੁੱਜ ਰਹੀਆਂ ਹਨ। ਇਹ ਜਾਣਕਾਰੀ ਸਭਾ ਦੇ ਬੁਲਾਰੇ ਬਿੰਦਰ ਕੋਲੀਆਂਵਾਲ ਤੇ ਰਾਣਾ ਅਠੌਲਾ ਨੇ ਪ੍ਰੈੱਸ ਨੂੰ ਦਿੱਤੀ।
'ਵ੍ਹਾਈਟ ਵਾਟਰ ਕ੍ਰੀਕ' ਦੇ ਪਾਣੀ ਦਾ ਪੱਧਰ ਵਧਣ ਕਾਰਨ 8 ਦੀ ਮੌਤ
NEXT STORY