ਮੈਰੀਲੈਂਡ, (ਰਾਜ ਗੋਗਨਾ)— ਵਾਸ਼ਿੰਗਟਨ ਮੈਟਰੋਪੁਲਿਟਨ ਦੀਆਂ ਅਹਿਮ ਸਿੱਖ ਸਖਸ਼ੀਅਤਾਂ ਵਲੋਂ ਇੰਡੀਆ ਪੈਲੇਸ ਵਿਖੇ ਇੱਕ ਮੀਟਿੰਗ ਕੀਤੀ ਗਈ। ਇਸ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਅਤੇ ਉੱਘੀਆਂ ਸਿੱਖ ਸਖਸ਼ੀਅਤਾਂ ਨੇ ਸ਼ਮੂਲੀਅਤ ਕੀਤੀ। ਇਸ ਮੀਟਿੰਗ ਦੀ ਸ਼ੁਰੂਆਤ ਮਾਸਟਰ ਧਰਮਪਾਲ ਸਿੰਘ ਨੇ ਕੀਤੀ, ਜਿਨ੍ਹਾਂ ਨੇ ਜਲ੍ਹਿਆਂ ਵਾਲੇ ਬਾਗ਼ ਦੇ ਸਾਕੇ ਅਤੇ 23 ਮਾਰਚ ਦੇ ਸ਼ਹੀਦਾਂ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀਆਂ ਕੁਰਬਾਨੀਆਂ ਤੋਂ ਜਾਣੂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ 1919 ਦੇ ਜਲ੍ਹਿਆਂ ਵਾਲੇ ਸਾਕੇ ਦੀ ਸੌ ਸਾਲਾ ਸ਼ਤਾਬਦੀ ਨੂੰ ਮੈਰੀਲੈਂਡ ਵਿਖੇ ਮਨਾਇਆ ਜਾਵੇ।
ਇੱਥੇ ਦੱਸਣਾ ਜ਼ਰੂਰੀ ਹੈ ਕਿ ਸਰਬਸੰਮਤੀ ਨਾਲ ਸਾਰਿਆਂ ਨੇ ਪ੍ਰਵਾਨਗੀ ਦਿੱਤੀ ਅਤੇ ਕਿਹਾ ਕਿ ਵਧੀਆ ਬੁਲਾਰਿਆਂ ਨੂੰ ਬੁਲਾਇਆ ਜਾਵੇ ਅਤੇ ਇਸ ਸ਼ਤਾਬਦੀ ਦੀ ਅਹਿਮੀਅਤ ਅਤੇ ਇਸ ਦੀ ਜਾਣਕਾਰੀ ਨੌਜਵਾਨ ਪੀੜ੍ਹੀ ਨੂੰ ਦਿੱਤੀ ਜਾਵੇ। ਇਸ ਦੀ ਰੂਪ-ਰੇਖਾ ਉਲੀਕਣ ਲਈ ਇੱਕ ਪ੍ਰੀਜੀਡੀਅਮ ਦਾ ਗਠਨ ਕੀਤਾ ਗਿਆ ਜਿਸ ਵਿੱਚ ਸੁਖਵਿੰਦਰ ਸਿੰਘ ਸਿੱਧੂ ਕੇ. ਕੇ., ਡਾ. ਸੁਰਿੰਦਰ ਸਿੰਘ ਗਿੱਲ, ਮਾਸਟਰ ਧਰਮਪਾਲ ਸਿੰਘ, ਜੱਸੀ ਧਾਲੀਵਾਲ, ਪ੍ਰਮਿੰਦਰ ਸਿੰਘ, ਸਮਰਾ ਸਾਹਿਬ, ਦਲਵੀਰ ਸਿੰਘ ਅਤੇ ਗੁਰਦੇਵ ਸਿੰਘ ਨੂੰ ਸ਼ਾਮਲ ਕੀਤਾ ਗਿਆ। ਇੱਥੇ ਹਾਜ਼ਰੀਨਾਂ ਨੇ ਇਸ ਦੇ ਬਜਟ ਸਬੰਧੀ ਅਤੇ 4 ਮਈ, 2019 ਨੂੰ ਸੌ ਸਾਲਾ ਸ਼ਤਾਬਦੀ ਮਨਾਉਣ ਦੀ ਪ੍ਰਵਾਨਗੀ ਦਿੱਤੀ । ਉਨ੍ਹਾਂ ਭਗਤ ਸਿੰਘ ਨੂੰ ਸਰਕਾਰੀ ਤੌਰ 'ਤੇ ਸ਼ਹੀਦ ਐਲਾਨਣ ਦਾ ਮਤਾ ਵੀ ਪਾਸ ਕੀਤਾ। ਇਹ ਵੀ ਕਿਹਾ ਗਿਆ ਕਿ ਭਾਰਤੀ ਅੰਬੈਸੀ ਨੂੰ ਅੱਜ ਦੇ ਮਤੇ ਸਬੰਧੀ ਜਾਣੂ ਕਰਵਾਇਆ ਜਾਵੇ ਤਾਂ ਜੋ ਕੇਂਦਰ ਸਰਕਾਰ ਸਰਦਾਰ ਭਗਤ ਸਿੰਘ ਨੂੰ ਸ਼ਹੀਦ ਐਲਾਨੇ। ਮੀਟਿੰਗ ਵਿੱਚ ਵੱਖ-ਵੱਖ ਜਥੇਬੰਦੀਆਂ ਤੋਂ ਤੀਹ ਦੇ ਕਰੀਬ ਨੁਮਾਇੰਦੇ ਹਾਜ਼ਰ ਸਨ, ਜਿਨ੍ਹਾਂ ਵਿੱਚ ਮੁੱਖ ਤੌਰ 'ਤੇ ਜੱਸੀ ਧਾਲੀਵਾਲ, ਅਵਤਾਰ ਸਿੰਘ, ਰਤਨ ਸਿੰਘ, ਦਲਵੀਰ ਸਿੰਘ, ਕੇ.ਕੇ. ਸਿੱਧੂ, ਜਿੰਦਰਪਾਲ ਸਿੰਘ ਬਰਾੜ, ਰਜਿੰਦਰ ਸਿੰਘ, ਪਰਮਿੰਦਰ ਸਿੰਘ, ਬਹਾਦਰ ਸਿੰਘ, ਸੋਹੀ ਸਾਹਿਬ, ਸੁਖਦੇਵ ਸਿੰਘ ਚੱਠਾ, ਮਨਜੀਤ ਸਿੰਘ ਕੈਰੋਂ, ਸਮਰਾ ਸਾਹਿਬ, ਗੋਗੀ, ਸੁਖਜਿੰਦਰ ਸਿੰਘ, ਟੀਟੂ, ਅਤੇ ਚੰਚਲ ਸਿੰਘ ਖਾਸ ਤੌਰ 'ਤੇ ਸ਼ਾਮਲ ਹੋਏ।
ਵਿਸਾਖੀ ਸਬੰਧੀ ਵਾਸ਼ਿੰਗਟਨ ਵਿਖੇ ਸਜਾਇਆ ਜਾਵੇਗਾ ਨਗਰ ਕੀਰਤਨ, ਤਿਆਰੀਆਂ ਸ਼ੁਰੂ
NEXT STORY