ਇਸਲਾਮਾਬਾਦ— ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਜੇਲ 'ਚ ਬੰਦ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਤੇ ਉਨ੍ਹਾਂ ਦੀ ਬੇਟੀ ਤੇ ਜਵਾਈ ਦੀ ਦੋਸ਼-ਸਿੱਧੀ ਖਿਲਾਫ ਦਾਇਰ ਅਪੀਲ 'ਤੇ ਇਸਲਾਮਾਬਾਦ ਹਾਈ ਕੋਰਟ ਦੇ ਸੁਣਵਾਈ ਕਰਨ ਦੇ ਫੈਸਲੇ ਖਿਲਾਫ ਦੇਸ਼ ਦੇ ਭ੍ਰਿਸ਼ਟਾਚਾਰ ਰੋਕੂ ਬਿਊਰੋ ਵਲੋਂ ਦਾਇਰ ਪਟੀਸ਼ਨ ਨੂੰ ਸੋਮਵਾਰ ਨੂੰ ਬੇਬੁਨਿਆਦ ਦੱਸ ਕੇ ਖਾਰਿਜ ਕਰ ਦਿੱਤਾ। ਚੋਟੀ ਦੀ ਅਦਾਲਤ ਨੇ ਰਾਸ਼ਟਰੀ ਜਵਾਬਦੇਹੀ ਬਿਊਰੋ 'ਤੇ 20,000 ਰੁਪਏ ਦਾ ਜੁਰਮਾਨਾ ਵੀ ਲਾਇਆ ਹੈ।
ਸ਼ਰੀਫ, ਉਨ੍ਹਾਂ ਦੀ ਬੇਟੀ ਮਰਿਅਮ ਤੇ ਜਵਾਈ ਮੁਹੰਮਦ ਸਫਦਰ ਨੂੰ ਇਕ ਜਵਾਬਦੇਹੀ ਅਦਾਲਤ ਨੇ ਲੰਡਨ 'ਚ ਚਾਰ ਆਲੀਸ਼ਾਨ ਫਲੈਟਾਂ ਦੀ ਮਲਕੀਅਤ ਦੇ ਸਿਲਸਿਲੇ 'ਚ 6 ਜੁਲਾਈ ਨੂੰ ਭ੍ਰਿਸ਼ਟਾਚਾਰ ਦਾ ਦੋਸ਼ੀ ਪਾਇਆ ਸੀ। ਸਾਬਕਾ ਪ੍ਰਧਾਨ ਮੰਤਰੀ ਨੂੰ 10 ਸਾਲ ਦੀ ਜੇਲ ਦੀ ਸਜ਼ਾ ਸੁਣਾਈ ਗਈ ਸੀ ਜਦਕਿ ਉਨ੍ਹਾਂ ਦੀ ਬੇਟੀ ਮਰਿਅਮ ਤੇ ਜਵਾਈ ਸਫਦਰ ਨੂੰ ਲੜੀਵਾਰ 7 ਤੇ ਇਕ ਸਾਲ ਦੀ ਸਜ਼ਾ ਸੁਣਾਈ ਗਈ ਸੀ। ਸ਼ਰੀਫ ਨੇ ਐਵਰਫੀਲਡ ਮਾਮਲੇ 'ਤੇ ਆਪਣੇ ਫੈਸਲੇ 'ਤੇ ਰੋਕ ਲਗਾਉਣ ਲਈ ਇਸਲਾਮਾਬਾਦ ਹਾਈ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਹੈ, ਜਿਸ 'ਤੇ ਸੁਣਵਾਈ ਲਈ ਅਦਾਲਤ ਰਾਜ਼ੀ ਹੋ ਗਈ ਹੈ। ਇਸ ਦੇ ਖਿਲਾਫ ਭ੍ਰਿਸ਼ਟਾਚਾਰ ਰੋਕੂ ਵਿਭਾਗ ਨੇ ਐਤਵਾਰ ਨੂੰ ਚੋਟੀ ਦੀ ਅਦਾਲਤ ਦਾ ਰੁਖ ਕੀਤਾ ਸੀ।
ਐਕਸਪ੍ਰੈੱਸ ਟ੍ਰਿਬਿਊਨ ਨੇ ਖਬਰ ਦਿੱਤੀ ਹੈ ਕਿ ਸੁਪਰੀਮ ਕੋਰਟ ਨੇ ਇਸਲਾਮਾਬਾਦ ਹਾਈ ਕੋਰਟ ਦੇ ਸਾਹਮਣੇ ਐਵਨਫੀਲਡ ਮਾਮਲੇ ਦੇ ਫੈਸਲੇ 'ਤੇ ਰੋਕ ਲਈ ਦਾਇਰ ਸ਼ਰੀਫ ਦੀ ਅਪੀਲ 'ਤੇ ਸੁਣਵਾਈ 'ਤੇ ਰੋਕ ਲਗਾਉਣ ਦੀ ਮੰਗ ਕਰਨ ਵਾਲੀ ਐੱਨ.ਏ.ਬੀ. ਦੀ ਪਟੀਸ਼ਨ ਨੂੰ ਬੇਬੁਨਿਆਦ ਦੱਸ ਕੇ ਖਾਰਿਜ ਕਰ ਦਿੱਤਾ ਹੈ ਤੇ ਇਸ ਦੇ ਨਾਲ ਹੀ ਭ੍ਰਿਸ਼ਟਾਚਾਰ ਰੋਕੂ ਬਿਊਰੋ 'ਤੇ 20,000 ਰੁਪਏ ਦਾ ਜੁਰਮਾਨਾ ਵੀ ਲਾਇਆ ਹੈ। ਐੱਨ.ਏ.ਬੀ. ਦੇ ਪ੍ਰਧਾਨ ਜਾਵੇਦ ਇਕਬਾਲ ਵਲੋਂ ਚੋਟੀ ਦੀ ਅਦਾਲਤ 'ਚ ਦਾਇਰ ਪਟੀਸ਼ਨ 'ਚ ਕਿਹਾ ਗਿਆ ਹੈ ਕਿ ਸ਼ਰੀਫ ਪਰਿਵਾਰ ਦੇ ਮੈਂਬਰਾਂ ਨੇ ਐਵਨਫੀਲਡ ਜਾਇਦਾਦ ਮਾਮਲੇ 'ਚ ਆਪਣੀ ਦੋਸ਼-ਸਿੱਧੀ ਖਿਲਾਫ ਅਪੀਲ ਕੀਤੀ ਹੈ ਤੇ ਉਨ੍ਹਾਂ ਦੀ ਜਮਾਨਤ ਦੀਆਂ ਪਟੀਸ਼ਨਾਂ 'ਤੇ ਇਕੱਠੇ ਸੁਣਵਾਈ ਨਹੀਂ ਹੋ ਸਕਦੀ ਹੈ।
ਪਟੀਸ਼ਨ 'ਚ ਕਿਹਾ ਗਿਆ ਕਿ ਹਾਈ ਕੋਰਟ ਨੇ ਸੁਣਵਾਈ ਲਈ ਸ਼ਰੀਫ ਪਰਿਵਾਰ ਦੀ ਪਟੀਸ਼ਨ ਸਵਿਕਾਰ ਕਰਨ ਤੋਂ ਪਹਿਲਾਂ ਐੱਨ.ਏ.ਬੀ. ਨੂੰ ਨੋਟਿਸ ਨਹੀਂ ਭੇਜਿਆ। ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਹਾਈ ਕੋਰਟ ਐੱਨ.ਏ.ਬੀ. ਦਾ ਨਜ਼ਰੀਆ ਜਾਣੇ ਬਿਨਾਂ ਸ਼ਰੀਫ ਪਰਿਵਾਰ ਦੀ ਪਟੀਸ਼ਨ 'ਤੇ ਫੈਸਲਾ ਨਹੀਂ ਕਰ ਸਕਦੀ। ਐੱਨ.ਏ.ਬੀ. ਦੇ ਪ੍ਰਧਾਨ ਨੇ ਪਟੀਸ਼ਨ 'ਚ ਕਿਹਾ ਕਿ ਪਟੀਸ਼ਨ ਨੂੰ ਰੱਦ ਕਰਨ 'ਤੇ ਫੈਸਲੇ ਦਾ ਅਧਿਕਾਰ ਹਾਈ ਕੋਰਟ ਕੋਲ ਨਹੀਂ ਹੈ। ਇਸ ਲਈ ਇਸਲਾਮਾਬਾਦ ਹਾਈ ਕੋਰਟ ਨੂੰ ਸਾਰੀਆਂ ਪਟੀਸ਼ਨਾਂ 'ਤੇ ਸੁਣਵਾਈ ਕਰਨ ਤੋਂ ਰੋਕਿਆ ਜਾਣਾ ਚਾਹੀਦਾ ਹੈ। ਇਸੇ ਦੌਰਾਨ ਇਸਲਾਮਾਬਾਦ ਹਾਈ ਕੋਰਟ ਦੀ ਬੈਂਚ ਨੇ ਸ਼ਰੀਫ ਦੀ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਉਨ੍ਹਾਂ ਦੇ 10 ਸਤੰਬਰ ਦੇ ਹੁਕਮ ਨੂੰ ਚੁਣੌਤੀ ਦੇਣ 'ਤੇ ਹੈਰਾਨੀ ਜਤਾਈ।
ਪਾਕਿ : ਇਮਰਾਨ ਸਰਕਾਰ ਨੇ ਨੀਲਾਮ ਕੀਤੀਆਂ 70 ਲਗਜ਼ਰੀ ਕਾਰਾਂ
NEXT STORY