ਜਕਾਰਤਾ (ਏਜੰਸੀ)- ਇੰਡੋਨੇਸ਼ੀਆ ਦੇ ਬਾਲੀ ਟਾਪੂ ਵਿਚ ਭੂਚਾਲ ਕਾਰਨ ਮੰਗਲਵਾਰ ਨੂੰ 7 ਲੋਕ ਜ਼ਖਮੀ ਹੋ ਗਏ ਅਤੇ ਕਈ ਇਮਾਰਤਾਂ ਨੁਕਸਾਨੀਆਂ ਗਈਆਂ। ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 6.0 ਮਾਪੀ ਗਈ। ਇੰਡੋਨੇਸ਼ੀਆ ਦੇ ਐਮਰਜੈਂਸੀ ਮੈਨੇਜਮੈਂਟ ਏਜੰਸੀ ਦੇ ਕਾਰਵਾਈ ਡਵੀਜ਼ਨ ਦੇ ਮੁਖੀ ਮਡੇ ਰੇਂਟਿਨ ਨੇ ਦੱਸਿਆ ਕਿ ਅੰਤਿਮ ਸੂਚਨਾ ਮਿਲਣ ਤੱਕ ਬਾਕੀ ਦੇ ਬਡੂੰਗ ਖੇਤਰ ਵਿਚ ਪੰਜ ਲੋਕ ਜ਼ਖਮੀ ਹੋਏ ਹਨ ਅਤੇ ਦੋ ਲੋਕ ਜੇਮਬ੍ਰਨਾ ਖੇਤਰ ਵਿਚ ਜ਼ਖਮੀ ਹੋਏ ਹਨ। ਭੂਚਾਲ ਦੌਰਾਨ ਸੈਲਾਨੀ ਹੋਟਲਾਂ ਅਤੇ ਸਥਾਨਕ ਲੋਕ ਘਰਾਂ ਤੋਂ ਬਾਹਰ ਨਿਕਲ ਆਏ ਸਨ।
ਉਨ੍ਹਾਂ ਨੇ ਦੱਸਿਆ ਕਿ ਮੰਦਰਾਂ, ਹੋਟਲ, ਸਕੂਲਾਂ, ਘਰਾਂ, ਦੁਕਾਨਾਂ ਅਤੇ ਹਸਪਤਾਲਾਂ ਸਣੇ 44 ਇਮਾਰਤਾਂ ਭੂਚਾਲ ਕਾਰਨ ਢਹਿ-ਢੇਰੀ ਹੋ ਗਈਆਂ ਹਨ। ਉਨ੍ਹਾਂ ਨੇ ਦੱਸਿਆ ਕਿ ਭੂਚਾਲ ਕਾਰਨ ਟਾਪੂ 'ਤੇ ਸਥਿਤ ਕੌਮਾਂਤਰੀ ਹਵਾਈ ਅੱਡਿਆਂ ਰਾਹੀਂ ਜਹਾਜ਼ਾਂ ਦੀ ਆਵਾਜਾਈ 'ਤੇ ਕੋਈ ਅਸਰ ਨਹੀਂ ਪਿਆ ਹੈ ਅਤੇ ਰੁਕੀਆਂ ਹੋਈਆਂ ਸਾਰੀਆਂ ਗਤੀਵਿਧੀਆਂ ਆਮ ਹੋ ਗਈਆਂ ਹਨ। ਰਾਸ਼ਟਰੀ ਐਮਰਜੈਂਸੀ ਮੈਨੇਜਮੈਂਟ ਦੇ ਬੁਲਾਰੇ ਆਗੁਸ ਵਿਬੋਵੋ ਨੇ ਦੱਸਿਆ ਕਿ ਭੂਚਾਲ ਦੇ ਝਟਕੇ ਬਾਲੀ ਟਾਪੂ ਨੇੜੇ ਪੂਰਬੀ ਜਾਵਾ ਸੂਬੇ ਵਿਚ ਮਹਿਸੂਸ ਕੀਤੇ ਗਏ, ਜਿਥੇ 13 ਇਮਾਰਤਾਂ ਨੁਕਸਾਨੀਆਂ ਗਈਆਂ ਹਨ। ਸਥਾਨਕ ਸਮੇਂ ਮੁਤਾਬਕ ਸਵੇਰੇ 7-18 ਵਜੇ ਮਹਿਸੂਸ ਕੀਤੇ ਗਏ ਭੂਚਾਲ ਦਾ ਕੇਂਦਰ ਨੂਸਾ ਦੁਆ ਤੋਂ 83 ਕਿਲੋਮੀਟਰ ਦੱਖਣ-ਪੱਛਮੀ ਵਿਚ ਧਰਤੀ ਦੀ ਸਤ੍ਹਾ ਤੋਂ 68 ਕਿਲੋਮੀਟਰ ਡੂੰਘਾਈ ਵਿਚ ਸਥਿਤ ਸੀ।
ਕੈਨੇਡੀਅਨ ਪੰਜਾਬੀ ਨੇ ਅਮਰੀਕਾ 'ਚ ਰਹਿੰਦੀ ਪਤਨੀ ਨੂੰ ਦਿੱਤੀ ਦਰਦਨਾਕ ਮੌਤ
NEXT STORY