ਗੁਰਦਾਸਪੁਰ/ਕਰਾਚੀ(ਵਿਨੋਦ)— ਪਾਕਿਸਤਾਨ 'ਚ ਇਕ ਮਾਂ-ਪਿਉ ਨੇ ਇਸਲਾਮੀ ਕਾਰੋ-ਕਾਰੀ ਪ੍ਰੰਪਰਾ ਅਧੀਨ ਆਪਣੀ ਬੇਟੀ ਦੀ ਇਸ ਲਈ ਹੱਤਿਆ ਕਰ ਦਿੱਤੀ, ਕਿਉਂਕਿ ਉਸ ਨੇ ਆਪਣੀ ਮਰਜ਼ੀ ਨਾਲ ਕਿਸੇ ਲੜਕੇ ਨਾਲ ਵਿਆਹ ਕਰਵਾਇਆ ਸੀ ਪਰ ਜਦ ਮ੍ਰਿਤਕਾ ਦੇ ਪਤੀ ਦੀ ਸ਼ਿਕਾਇਤ 'ਤੇ ਪੁਲਸ ਨੇ ਉਨ੍ਹਾਂ ਨੂੰ ਫੜਿਆ ਤਾਂ ਬੇਟੀ ਦੀ ਹੱਤਿਆ ਕਰਨ ਵਾਲੇ ਮਾਂ-ਪਿਉ ਨੇ ਆਪਣੀ ਦੂਸਰੀ ਵਿਆਹੁਤਾ ਬੇਟੀ ਨੂੰ ਮ੍ਰਿਤਕ ਦੇ ਸਥਾਨ 'ਤੇ ਖੜ੍ਹਾ ਕਰ ਕੇ ਪੁਲਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਵੀ ਕੀਤੀ।
ਸਰਹੱਦ ਪਾਰ ਸੂਤਰਾਂ ਅਨੁਸਾਰ ਇਕ ਲੜਕੀ ਅਮਨਾ ਪੁੱਤਰੀ ਕਾਦਿਰ ਬਖਸ਼ ਨਿਵਾਸੀ ਮੋਜਾ ਝੰਗੀ ਲਗਭਗ ਚਾਰ ਮਹੀਨੇ ਪਹਿਲਾਂ ਆਪਣੇ ਪ੍ਰੇਮੀ ਹਾਸ਼ਿਮ ਖੁਸ਼ਕ ਨਾਲ ਫਰਾਰ ਹੋ ਗਈ ਤੇ ਬਹਲਾਵਲਪੁਰ ਅਦਾਲਤ 'ਚ ਜਾ ਕੇ ਦੋਹਾਂ ਨੇ ਵਿਆਹ ਕਰ ਲਿਆ ਪਰ ਅਮਨਾ ਦੇ ਮਾਂ-ਪਿਓ ਇਸ ਵਿਆਹ ਤੋਂ ਖੁਸ਼ ਨਹੀਂ ਸਨ ਤੇ ਜਦ ਤੋਂ ਉਹ ਲਾਪਤਾ ਹੋਈ ਸੀ, ਉਸ ਸਮੇਂ ਤੋਂ ਹੀ ਉਸ ਦੀ ਤਲਾਸ਼ ਕਰ ਰਹੇ ਸਨ। ਬੀਤੇ ਦਿਨ ਇਹ ਮਾਂ-ਪਿਉ ਅਮਨਾ ਨੂੰ ਸਿੰਧ ਸੂਬੇ ਤੋਂ ਲੱਭਣ 'ਚ ਸਫਲ ਹੋ ਗਿਆ। ਹਾਸ਼ਿਮ ਦੀ ਗੈਰ-ਹਾਜ਼ਰੀ 'ਚ ਉਹ ਅਮਨਾ ਨੂੰ ਆਪਣੀ ਦੂਸਰੀ ਬੇਟੀ ਦੇ ਪਿੰਡ ਡੱਬੀ ਲੈ ਗਏ। ਜਦ ਹਾਸ਼ਿਮ ਘਰ ਵਾਪਿਸ ਆਇਆ ਤਾਂ ਉਸ ਨੇ ਜਦ ਆਪਣੀ ਪਤਨੀ ਅਮਨਾ ਨੂੰ ਘਰ 'ਚ ਨਹੀਂ ਪਾਇਆ ਤਾਂ ਇਸ ਦੀ ਜਾਣਕਾਰੀ ਪ੍ਰਾਪਤ ਕਰਨ 'ਤੇ ਗੁਆਂਢੀਆਂ ਤੋਂ ਉਸ ਨੂੰ ਪਤਾ ਚੱਲਿਆ ਕਿ ਅਮਨਾ ਨੂੰ ਉਸ ਦੇ ਮਾਂ-ਪਿਓ ਆਪਣੇ ਨਾਲ ਲੈ ਗਏ, ਜਿਸ 'ਤੇ ਇਸ ਨੇ ਇਸ ਦੀ ਸ਼ਿਕਾਇਤ ਪੁਲਸ ਚੌਕੀ 'ਤੇ ਕੀਤੀ।
ਇਸ ਦੌਰਾਨ ਸ਼ੱਕ ਦੇ ਆਧਾਰ 'ਤੇ ਹਾਸ਼ਿਮ ਖੁਸ਼ਕ ਜਦ ਅਮਨਾ ਦੀ ਭੈਣ ਸ਼ੀਦਾ ਪਤਨੀ ਸ਼ੌਕਤ ਦੇ ਘਰ ਪਹੁੰਚਿਆ ਤਾਂ ਘਰ 'ਚ ਬੈਠੇ ਅਮਨਾ ਦੇ ਪਿਉ ਤੇ ਹੋਰ ਲੋਕਾਂ ਨੇ ਉਸ 'ਤੇ ਹਮਲਾ ਕਰ ਉਸ ਦੀ ਹੱਤਿਆ ਕਰਨੀ ਚਾਹੀ ਪਰ ਉਹ ਬਚ ਕੇ ਭੱਜਣ 'ਚ ਸਫਲ ਹੋ ਗਿਆ। ਉਸ ਨੇ ਪੁਲਸ ਨੂੰ ਸਾਰੀ ਜਾਣਕਾਰੀ ਦਿੱਤੀ ਤਾਂ ਪੁਲਸ ਨੇ ਅਮਨਾ ਦੇ ਮਾਂ-ਪਿਓ ਨੂੰ ਆਪਣੀ ਬੇਟੀ ਅਮਨਾ ਨੂੰ ਪੁਲਸ ਸਟੇਸ਼ਨ ਪੇਸ਼ ਕਰਨ ਨੂੰ ਕਿਹਾ। ਫਿਰ ਮਾਂ-ਪਿਉ ਨੇ ਅਮਨਾ ਦੀ ਜਗ੍ਹਾ ਸ਼ੀਦਾ ਨੂੰ ਪੁਲਸ ਦੇ ਅੱਗੇ ਪੇਸ਼ ਕਰ ਕੇ ਇਹ ਬਿਆਨ ਦਵਾ ਦਿੱਤਾ ਕਿ ਹਾਸ਼ਿਕ ਖੁਸ਼ਕ ਉਸ ਨਾਲ ਜ਼ਬਰਦਸਤੀ ਆਪਣੇ ਨਾਲ ਲੈ ਗਿਆ ਸੀ ਤੇ ਉਸ ਨੂੰ ਇਕ ਕਮਰੇ 'ਚ ਬੰਦ ਕਰ ਕੇ ਰੱਖਿਆ ਹੈ ਤੇ ਉਸ ਨਾਲ ਕੁੱਟ-ਮਾਰ ਕਰਦਾ ਆ ਰਿਹਾ ਹੈ। ਇਸ ਬਿਆਨ ਦੇ ਆਧਾਰ 'ਤੇ ਪੁਲਸ ਨੇ ਹਾਸ਼ਿਮ ਖੁਸ਼ਕ ਨੂੰ ਪੁਲਸ ਸਟੇਸ਼ਨ ਬੁਲਾਇਆ ਤਾਂ ਉਸ ਦੇ ਆਉਣ ਤੋਂ ਪਹਿਲਾਂ ਹੀ ਅਮਨਾ ਦੇ ਮਾਂ-ਪਿਉ ਆਪਣੀ ਬੇਟੀ ਸ਼ੀਦਾ ਸਮੇਤ ਉਥੋਂ ਖਿਸਕ ਗਏ। ਹਾਸ਼ਿਮ ਨੇ ਪੁਲਸ ਨੂੰ ਦੱਸਿਆ ਕਿ ਅਮਨਾ ਦੀ ਉਸ ਦੇ ਮਾਂ-ਪਿਓ ਨੇ ਹੱਤਿਆ ਕਰ ਦਿੱਤੀ ਹੈ ਤੇ ਜਿਸ ਲੜਕੀ ਨੂੰ ਪੁਲਸ ਸਟੇਸ਼ਨ ਤੋਂ ਵਾਪਿਸ ਜਾਂਦੇ ਉਸ ਨੇ ਦੇਖਿਆ ਹੈ ਉਹ ਤਾਂ ਉਸ ਦੀ ਵੱਡੀ ਸਾਲੀ ਸ਼ੀਦਾ ਹੈ। ਜਿਸ 'ਤੇ ਪੁਲਸ ਨੇ ਪਿੱਛਾ ਕਰ ਕੇ ਫਿਰ ਅਮਨਾ ਦੇ ਮਾਂ-ਪਿਉ ਤੇ ਸ਼ੀਦਾ ਨੂੰ ਗ੍ਰਿਫਤਾਰੀ 'ਚ ਲੈ ਕੇ ਪੁਲਸ ਸਟੇਸ਼ਨ ਲਿਆਂਦਾ ਤੇ ਪੁੱਛਗਿੱਛ 'ਚ ਇਨ੍ਹਾਂ ਤਿੰਨਾਂ ਨੇ ਕਬੂਲ ਕੀਤਾ ਕਿ ਅਮਨਾ ਦੀ ਬੀਤੀ ਰਾਤ ਹੱਤਿਆ ਕਰ ਦਿੱਤੀ ਗਈ ਹੈ ਤੇ ਉਸ ਦੀ ਲਾਸ਼ ਨਹਿਰ ਦੇ ਪਾਣੀ 'ਚ ਰੋੜ੍ਹ ਦਿੱਤੀ ਗਈ ਹੈ। ਪੁਲਸ ਨੇ ਬੇਸ਼ੱਕ ਇਨ੍ਹਾਂ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਪਰ ਅਮਨਾ ਦੀ ਲਾਸ਼ ਬਰਾਮਦ ਨਹੀਂ ਹੋ ਸਕੀ ਹੈ।
ਸਾਵਧਾਨ! ਵਿਗੜੀ ਹੋਈ ਰੁਟੀਨ ਕਾਰਨ ਹੋ ਸਕਦੈ ਕੈਂਸਰ
NEXT STORY