ਵਾਸ਼ਿੰਗਟਨ : ਅਮਰੀਕਾ ਦੇ ਟੈਕਸਾਸ ਸੂਬੇ ਵਿੱਚ ਆਗਾਮੀ ਮਿਡਟਰਮ ਚੋਣਾਂ ਤੋਂ ਪਹਿਲਾਂ ਧਾਰਮਿਕ ਅਤੇ ਸਿਆਸੀ ਬਹਿਸ ਕਾਫ਼ੀ ਗਰਮਾ ਗਈ ਹੈ। ਇੱਥੇ ਸ਼ੂਗਰ ਲੈਂਡ ਸਥਿਤ ਅਸ਼ਟਲਕਸ਼ਮੀ ਮੰਦਰ ਵਿੱਚ ਲਗਾਈ ਗਈ ਭਗਵਾਨ ਹਨੂੰਮਾਨ ਦੀ 90 ਫੁੱਟ ਉੱਚੀ ਮੂਰਤੀ 'ਸਟੈਚੂ ਆਫ਼ ਦ ਯੂਨੀਅਨ' ਨੂੰ ਤੋੜਨ ਦੀ ਧਮਕੀ ਦਿੱਤੀ ਗਈ ਹੈ। ਅਗਸਤ 2024 ਵਿੱਚ ਸਥਾਪਿਤ ਕੀਤੀ ਗਈ ਇਹ ਮੂਰਤੀ ਸ਼ੁਰੂ ਤੋਂ ਹੀ ਚਰਚਾ ਦਾ ਕੇਂਦਰ ਰਹੀ ਹੈ, ਪਰ ਚੋਣਾਂ ਨੇੜੇ ਆਉਂਦਿਆਂ ਹੀ ਇਸ ਨੂੰ ਸਿਆਸੀ ਬਹਿਸ ਦੇ ਕੇਂਦਰ ਵਿੱਚ ਲਿਆ ਖੜ੍ਹਾ ਕੀਤਾ ਗਿਆ ਹੈ।
ਇੱਕ ਕੱਟੜਪੰਥੀ ਯੂਟਿਊਬਰ ਜੈਸੀ ਹਿਊਜ਼ ਨੇ ਭਗਵਾਨ ਹਨੂੰਮਾਨ ਦੀ ਇਸ ਵੱਡੀ ਮੂਰਤੀ ਦੀ ਤਸਵੀਰ ਸਾਂਝੀ ਕਰਦਿਆਂ ਦਾਅਵਾ ਕੀਤਾ ਕਿ ਚੋਣਾਂ ਜਿੱਤਣ ਤੋਂ ਬਾਅਦ ਉਹ ਇਸ ਨੂੰ ਡੇਗ ਦੇਣਗੇ। ਇਸ ਬਿਆਨ ਤੋਂ ਬਾਅਦ ਅਮਰੀਕੀ ਹਿੰਦੂ ਭਾਈਚਾਰੇ ਵਿੱਚ ਭਾਰੀ ਰੋਸ ਫੈਲ ਗਿਆ ਹੈ। ਅਮਰੀਕੀ ਫ਼ੌਜ ਦੇ ਸਾਬਕਾ ਸੈਨਿਕ ਰੁਚਿਰ ਬਖਸ਼ੀ ਨੇ ਇਸ ਧਮਕੀ ਦਾ ਸਖ਼ਤ ਵਿਰੋਧ ਕਰਦਿਆਂ ਕਿਹਾ ਕਿ ਕਿਸੇ ਹੋਰ ਧਾਰਮਿਕ ਭਾਈਚਾਰੇ ਦੇ ਪੂਜਾ ਸਥਾਨ ਨੂੰ ਨੁਕਸਾਨ ਪਹੁੰਚਾਉਣ ਦੀ ਗੱਲ ਕਰਨਾ ਹਿੰਦੂ ਧਰਮ ਖ਼ਿਲਾਫ਼ ਸਿੱਧੀ ਧਮਕੀ ਹੈ ਅਤੇ ਅਮਰੀਕਾ ਵਿੱਚ ਹਿੰਦੂਆਂ ਪ੍ਰਤੀ ਵਧ ਰਹੀ ਨਫ਼ਰਤ ਚਿੰਤਾ ਦਾ ਵਿਸ਼ਾ ਹੈ।
ਰੁਚਿਰ ਬਖਸ਼ੀ ਦੇ ਇਸ ਬਿਆਨ ਨੂੰ 'ਕੋਆਲਿਸ਼ਨ ਆਫ਼ ਹਿੰਦੂਜ਼ ਆਫ਼ ਨੌਰਥ ਅਮਰੀਕਾ' (CoHNA) ਅਤੇ ਅਮਰੀਕੀ ਫ਼ੌਜ ਦੇ ਸਾਬਕਾ ਸੈਨਿਕ ਤੇ ਰਾਜਨੀਤਿਕ ਟਿੱਪਣੀਕਾਰ ਕਾਰਲ ਵੀਲਸ ਦਾ ਵੀ ਸਮਰਥਨ ਮਿਲਿਆ ਹੈ। CoHNA ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਪੋਸਟ ਕਰਕੇ ਕਿਹਾ ਕਿ ਉਹ ਇਸ ਤਰ੍ਹਾਂ ਦੇ ਧਾਰਮਿਕ ਵਿਤਕਰੇ ਤੋਂ ਹੈਰਾਨ ਹਨ ਅਤੇ ਇਸ ਵਿਰੁੱਧ ਇਕਜੁੱਟ ਹੋ ਕੇ ਲੜਨਗੇ। ਜ਼ਿਕਰਯੋਗ ਹੈ ਕਿ ਟੈਕਸਾਸ ਵਿੱਚ 5 ਲੱਖ ਤੋਂ ਵੱਧ ਭਾਰਤੀ-ਅਮਰੀਕੀ ਰਹਿੰਦੇ ਹਨ, ਅਤੇ ਚੋਣਾਂ ਦੌਰਾਨ ਪ੍ਰਵਾਸੀਆਂ ਤੇ ਦੱਖਣੀ ਏਸ਼ਿਆਈ ਭਾਈਚਾਰੇ ਵਿਰੁੱਧ ਨਸਲੀ ਟਿੱਪਣੀਆਂ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ।
'ਈਰਾਨ ਦੀ ਨਹੀਂ ਚੱਲੇਗੀ ਮਨਮਾਨੀ', UNGA 'ਚ ਬੋਲੇ ਰਾਸ਼ਟਰਪਤੀ ਡੋਨਾਲਡ ਟਰੰਪ
NEXT STORY