ਟੋਰਾਂਟੋ(ਏਜੰਸੀ)— ਕੈਨੇਡਾ 'ਚ ਬੀਤੇ ਦਿਨੀਂ ਚੀਨ ਦੀ ਟੈਲੀਕੌਮ ਕੰਪਨੀ ਹੁਵੇਈ ਦੀ ਮੁੱਖ ਵਿੱਤੀ ਅਧਿਕਾਰੀ (ਸੀ. ਐੱਫ. ਓ.) ਮੇਂਗ ਵਾਨਝੋਉ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਮਗਰੋਂ ਉਸ ਦੀ ਅਮਰੀਕਾ ਨੂੰ ਕੀਤੀ ਜਾਣ ਵਾਲੀ ਹਵਾਲਗੀ ਨਾਲ ਸਟਾਕ ਮਾਰਕਿਟ ਨੂੰ ਝਟਕਾ ਲੱਗਾ ਹੈ। ਇਸ ਸਬੰਧੀ ਗੱਲ ਕਰਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਕੈਨੇਡਾ ਦੇ ਨਿਆਂ ਅਧਿਕਾਰੀਆਂ ਦੇ ਇਸ ਫੈਸਲੇ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਮੇਂਗ ਵਾਨਝੋਉ ਦੀ ਗ੍ਰਿਫਤਾਰੀ ਸਹੀ ਅਧਿਕਾਰੀਆਂ ਵੱਲੋਂ ਹੀ ਕੀਤੀ ਗਈ ਹੈ। ਮਾਂਟਰੀਅਲ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇਸ ਲਈ ਕੁੱਝ ਦਿਨ ਪਹਿਲਾਂ ਨੋਟਿਸ ਵੀ ਦਿੱਤਾ ਗਿਆ ਤੇ ਇਹ ਸੰਭਾਵਨਾ ਸੀ ਕਿ ਇਸ ਤਰ੍ਹਾਂ ਦੀ ਕੋਈ ਗੱਲ ਚੱਲ ਰਹੀ ਸੀ। ਪਿਛਲੇ ਹਫਤੇ ਟਰੂਡੋ ਅਰਜਨਟੀਨਾ ਵਿੱਚ ਜੀ-20 ਸਿਖਰ ਵਾਰਤਾ ਵਿੱਚ ਹਿੱਸਾ ਲੈਣ ਲਈ ਗਏ ਹੋਏ ਸਨ। ਉਸ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਚੀਨ ਦੇ ਰਾਸ਼ਟਰਪਤੀ ਜ਼ੀ ਜ਼ਿੰਨਪਿੰਗ ਨਾਲ ਉਨ੍ਹਾਂ ਦੀ ਮੁਲਾਕਾਤ ਹੋਈ। ਉਸ ਦਿਨ ਹੀ ਮੇਂਗ ਨੂੰ ਗ੍ਰਿਫਤਾਰ ਕੀਤਾ ਗਿਆ, ਜੋ ਹੁਵੇਈ ਕੰਪਨੀ ਦੇ ਬਾਨੀ ਰੈਨ ਜ਼ੈਂਗਫੇਈ ਦੀ ਧੀ ਹੈ। ਇਸ ਦੌਰਾਨ ਹੀ ਟੈਰਿਫ ਦੀ ਚੱਲ ਰਹੀ ਜੰਗ, ਜਿਸ ਕਾਰਨ ਦੁਨੀਆ ਭਰ ਵਿੱਚ ਮੰਦਵਾੜਾ ਸ਼ੁਰੂ ਹੋਣ ਦੇ ਆਸਾਰ ਬਣ ਗਏ ਹਨ, ਵਿਚਕਾਰ ਆਰਜ਼ੀ ਸੰਧੀ ਵੀ ਕੀਤੀ ਗਈ।
ਇਸ ਸੰਧੀ ਸਬੰਧੀ ਖਬਰ ਦੀ ਅਸਥਿਰਤਾ ਦੇ ਚੱਲਦਿਆਂ ਪਹਿਲਾਂ ਹੀ ਡਿੱਗ ਰਹੀ ਸਟਾਕ ਮਾਰਕਿਟ ਵਿੱਚ ਮੇਂਗ ਦੀ ਗ੍ਰਿਫਤਾਰੀ ਕਾਰਨ ਹੋਰ ਗਿਰਾਵਟ ਆ ਗਈ। ਵੀਰਵਾਰ ਰਾਤ ਨੂੰ ਸ਼ੇਅਰ ਮਾਰਕਿਟ ਨੂੰ ਥੋੜ੍ਹੀ ਰਾਹਤ ਮਿਲੀ। ਟਰੂਡੋ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਸਰਕਾਰ ਵਿੱਚ ਸਿਆਸੀ ਪੱਧਰ ਉੱਤੇ ਕੋਈ ਵੀ ਮੇਂਗ ਦੀ ਗ੍ਰਿਫਤਾਰੀ ਸਬੰਧੀ ਕਿਸੇ ਫੈਸਲੇ ਵਿੱਚ ਸ਼ਾਮਲ ਨਹੀਂ ਸੀ। ਉਨ੍ਹਾਂ ਇਹ ਵੀ ਆਖਿਆ ਕਿ ਇਸ ਮੁੱਦੇ ਉੱਤੇ ਉਨ੍ਹਾਂ ਦੀ ਵੀ ਆਪਣੇ ਕਿਸੇ ਵੀ ਕੌਮਾਂਤਰੀ ਹਮਰੁਤਬਾ ਅਧਿਕਾਰੀ ਨਾਲ ਕੋਈ ਗੱਲਬਾਤ ਨਹੀਂ ਹੋਈ। ਮੇਂਗ ਦੀ ਗ੍ਰਿਫਤਾਰੀ ਮਗਰੋਂ ਚੀਨ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਚੀਨ ਵਲੋਂ ਕਿਹਾ ਗਿਆ ਕਿ ਕੈਨੇਡਾ ਅਤੇ ਅਮਰੀਕਾ ਵਲੋਂ ਇਸ ਸਬੰਧੀ ਉਨ੍ਹਾਂ ਨਾਲ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ।
ਕੋਲੰਬੀਆ ਦੇ ਸਾਬਕਾ ਰਾਸ਼ਟਰਪਤੀ ਦਾ ਦਿਹਾਂਤ
NEXT STORY