ਕੋਲੰਬੋ— ਸ਼੍ਰੀਲੰਕਾ 'ਚ ਈਸਟਰ ਸੰਡੇ 'ਤੇ ਹੋਏ ਲੜੀਵਾਰ ਧਮਾਕਿਆਂ ਦੀ ਜਾਂਚ ਦੌਰਾਨ ਵੱਡੇ ਖੁਲਾਸੇ ਹੋ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਹਮਲਾਵਰਾਂ 'ਚ ਦੇਸ਼ ਦੇ ਕਰੋੜਪਤੀ ਮਸਾਲਾ ਵਪਾਰੀ ਮੁਹੰਮਦ ਯੂਸਫ ਇਬਰਾਹਿਮ ਦੇ ਦੋ ਪੁੱਤ ਵੀ ਸ਼ਾਮਲ ਸਨ। ਦੱਸ ਦਈਏ ਕਿ ਹੁਣ ਤਕ 359 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 500 ਜ਼ਖਮੀ ਹਨ।
ਇਸ ਕਰੋੜਪਤੀ ਵਪਾਰੀ ਦੇ ਦੋਵੇਂ ਪੁੱਤਰਾਂ ਇਲਹਾਮ ਇਬਰਾਹਿਮ ਅਤੇ ਇੰਸਾਫ ਨੇ ਕੋਲੰਬੋ 'ਚ ਸ਼ਾਂਗਰੀ-ਲਾ ਅਤੇ ਸਿਨਾਮੋਨ ਗ੍ਰਾਂਡ ਹੋਟਲ 'ਚ ਨਾਸ਼ਤੇ ਲਈ ਲਾਈਨ 'ਚ ਲੱਗੇ ਮਹਿਮਾਨਾਂ ਦੇ ਸਾਹਮਣੇ ਖੁਦ ਨੂੰ ਉਡਾ ਲਿਆ ਸੀ।
ਰਿਪੋਰਟ ਮੁਤਾਬਕ ਇਹ ਲੋਕ ਖੁਦ ਦਾ ਪਰਿਵਾਰਕ ਸੈੱਲ ਚਲਾਉਂਦੇ ਸਨ ਅਤੇ ਇਨ੍ਹਾਂ ਦੀ ਉਮਰ 25-30 ਸਾਲ ਦੇ ਵਿਚਕਾਰ ਸੀ। ਇਸ ਦੇ ਨਾਲ ਹੀ ਇਹ ਦੋਵੇਂ ਇਸਲਾਮਕ ਸੰਗਠਨ ਨੈਸ਼ਨਲ ਤੌਹੀਦ ਜਮਾਤ ਦੇ ਮੈਂਬਰ ਸਨ, ਜਿਸ ਨੂੰ ਸ਼੍ਰੀਲੰਕਾ ਸਰਕਾਰ ਹਮਲਿਆਂ 'ਚ ਸ਼ਾਮਲ ਦੱਸ ਰਹੀ ਹੈ।
ਹੁਣ ਤਕ ਤਕਰੀਬਨ 58 ਸ਼ੱਕੀਆਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਇਨ੍ਹਾਂ ਦੋਹਾਂ ਦੇ ਖੁਦ ਨੂੰ ਹੋਟਲ 'ਚ ਉਡਾਉਣ ਦੇ ਬਾਅਦ ਪੁਲਸ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਨ੍ਹਾਂ 'ਚੋਂ ਇਕ ਨੇ ਠੀਕ ਤੇ ਦੂਜੇ ਨੇ ਗਲਤ ਪਤਾ ਲਿਖਵਾਇਆ ਸੀ। ਇਸ ਮਗਰੋਂ ਪੁਲਸ ਕੋਲੰਬੋ ਸਥਿਤ ਇਨ੍ਹਾਂ ਦੇ ਘਰ ਪੁੱਜੀ।
ਛਾਪੇ 'ਚ ਅੱਤਵਾਦੀ ਦੀ ਪਤਨੀ ਨੇ ਖੁਦ ਨੂੰ ਉਡਾਇਆ—
ਪੁਲਸ ਨੇ ਦੱਸਿਆ ਕਿ ਜਦ ਪੁਲਸ ਨੇ ਉਨ੍ਹਾਂ ਦੇ ਘਰ ਛਾਪਾ ਮਾਰਿਆ ਤਾਂ ਇਲਹਾਮ ਇਬਰਾਹਿਮ ਦੀ ਪਤਨੀ ਫਾਤਿਮਾ ਉੱਥੇ ਮੌਜੂਦ ਸੀ ਪਰ ਪੁਲਸ ਦੀ ਜਾਣਕਾਰੀ ਮਿਲਦਿਆਂ ਹੀ ਉਸ ਨੇ ਖੁਦ ਨੂੰ ਉਡਾ ਲਿਆ। ਇਸ ਨਾਲ ਉਸ ਦੇ ਦੋ ਬੱਚੇ ਵੀ ਮਾਰੇ ਗਏ। ਇਕ ਹੋਰ ਰਿਪੋਰਟ 'ਚ ਕਿਹਾ ਗਿਆ ਹੈ ਕਿ ਇਸ ਘਟਨਾ 'ਚ ਪੁਲਸ ਦੇ ਤਿੰਨ ਕਮਾਂਡੋਜ਼ ਦੀ ਵੀ ਮੌਤ ਹੋ ਗਈ ਹੈ। ਇਸ ਪਰਿਵਾਰ ਦਾ ਬੰਬ ਧਮਾਕਿਆਂ 'ਚ ਵੱਡਾ ਹੱਥ ਮੰਨਿਆ ਜਾ ਰਿਹਾ ਹੈ। ਗ੍ਰਿਫਤਾਰ ਕੀਤੇ ਗਏ ਲੋਕਾਂ 'ਚੋਂ ਬਹੁਤੇ ਇਸੇ ਪਰਿਵਾਰ ਦੇ ਹਨ।
ਪਰਿਵਾਰ ਚਲਾ ਰਿਹਾ ਸੀ ਅੱਤਵਾਦੀ ਸੈੱਲ-
ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਇਕੱਲੇ ਪਰਿਵਾਰ ਵਲੋਂ ਇਹ ਸੈੱਲ ਚਲਾਇਆ ਜਾ ਰਿਹਾ ਸੀ। ਇਨ੍ਹਾਂ ਕੋਲ ਪੈਸੇ ਦੀ ਕੋਈ ਕਮੀ ਨਹੀਂ ਸੀ। ਇਨ੍ਹਾਂ ਨੇ ਇਸ ਸੈੱਲ ਦਾ ਸੰਚਾਲਨ ਵੀ ਕੀਤਾ ਤੇ ਪਰਿਵਾਰਕ ਮੈਂਬਰਾਂ ਨੂੰ ਵੀ ਪ੍ਰਭਾਵਿਤ ਕੀਤਾ।
ਮੈਡੀਕਲ ਉਦੇਸ਼ ਲਈ 'ਭੰਗ' ਦੀ ਬਰਾਮਦਗੀ ਕਰੇਗਾ ਉਰੂਗਵੇ
NEXT STORY