ਵਾਸ਼ਿੰਗਟਨ (ਬਿਊਰੋ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਰੁੱਧ ਇਤਿਹਾਸਿਕ ਮਹਾਦੋਸ਼ ਮਾਮਲੇ ਵਿਚ ਸੁਣਵਾਈ ਸ਼ੁਰੂ ਹੋ ਗਈ ਹੈ। ਰਾਸ਼ਟਰਪਤੀ ਟਰੰਪ ਦੇ ਬਚਾਅ ਵਿਚ ਜਿਹੜੀਆਂ ਦਲੀਲਾਂ ਦਿੱਤੀਆ ਗਈਆਂ ਹਨ, ਵ੍ਹਾਈਟ ਹਾਊਸ ਨੇ ਉਹਨਾਂ ਨੂੰ ਜਨਤਕ ਕੀਤਾ ਹੈ। ਟਰੰਪ ਵੱਲੋਂ ਬਚਾਅ ਵਿਚ ਕਿਹਾ ਗਿਆ ਹੈ ਕਿ ਡੈਮੋਕ੍ਰੇਟਸ ਨੇ ਜਿਹੜੇ ਵੀ ਦੋਸ਼ ਲਗਾਏ ਹਨ ਉਹਨਾਂ ਨੂੰ ਸਾਬਤ ਕਰਨ ਲਈ ਕੋਈ ਵੀ ਸਬੂਤ ਮੌਜੂਦ ਨਹੀਂ ਹਨ। ਉਂਝ ਟਰੰਪ ਪਿਛਲੇ ਕਈ ਮਹੀਨਿਆਂ ਤੋਂ ਮਹਾਦੋਸ਼ ਦੀ ਪ੍ਰਕਿਰਿਆ 'ਤੇ ਹੀ ਸਵਾਲ ਚੁੱਕ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਇਹ ਕਾਰਵਾਈ ਪੂਰੀ ਤਰ੍ਹਾਂ ਨਾਲ ਪੱਖਪਾਤੀ ਹੈ।
ਸੁਣਵਾਈ ਦੌਰਾਨ ਵ੍ਹਾਈਟ ਹਾਊਸ ਨੇ ਟਰੰਪ ਦੇ ਪੱਖ ਵਿਚ ਦਲੀਲਾਂ ਪੇਸ਼ ਕਰਦਿਆਂ ਕਿਹਾ ਕਿ ਡੈਮੋਕ੍ਰੇਟ ਦੇ ਪ੍ਰਭਾਵ ਵਾਲੀ ਪ੍ਰਤੀਨਿਧੀ ਸਭਾ ਮਹਾਦੋਸ਼ ਦੇ ਅਪਰਾਧ ਦੀ ਪਛਾਣ ਕਰਨ ਵਿਚ ਅਸਫਲ ਰਹੀ ਹੈ। ਪ੍ਰਤੀਨਿਧੀ ਸਭਾ ਨੇ ਸ਼ਕਤੀ ਦੀ ਦੁਰਵਰਤੋਂ ਦੇ ਸਿਧਾਂਤ 'ਤੇ ਕੰਮ ਕਰਦਿਆਂ ਉੱਚ ਅਪਰਾਧ ਦੇ ਮਿਆਰ ਨੂੰ ਦਬਾ ਦਿੱਤਾ। ਪ੍ਰਤੀਨਿਧੀ ਸਭਾ ਨੇ ਨੀਤੀਗਤ ਅਸਹਿਮਤੀ ਦੇ ਆਧਾਰ 'ਤੇ ਮਹਾਦੋਸ਼ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਸ ਦੀ ਕੋਸ਼ਿਸ਼ ਰਾਸ਼ਟਰਪਤੀ ਅਹੁਦੇ ਨੂੰ ਸਥਾਈ ਰੂਪ ਨਾਲ ਕਮਜ਼ੋਰ ਕਰਨ ਵਾਲੀ ਹੈ।
ਵ੍ਹਾਈਟ ਹਾਊਸ ਵੱਲੋਂ ਇਹ ਵੀ ਕਿਹਾ ਗਿਆ ਕਿ ਮਹਾਦੋਸ਼ ਨੂੰ ਲੈਕੇ ਚੱਲੀ ਜਾਂਚ ਸ਼ੁਰੂ ਤੋਂ ਹੀ ਗਲਤ ਸੀ। ਸਦਨ ਨੇ ਕਦੇ ਵੀ ਪੂਰਨ ਸਦਨ ਦੀ ਵੋਟਿੰਗ ਦੇ ਬਿਨਾਂ ਰਾਸ਼ਟਰਪਤੀ ਵਿਰੁੱਧ ਮਹਾਦੋਸ਼ ਦੀ ਜਾਂਚ ਸ਼ੁਰੂ ਨਹੀਂ ਕੀਤੀ। ਹਾਊਸ ਡੈਮੋਕ੍ਰੇਟਸ ਨੇ ਆਪਣੀ ਪੂਰੀ ਕਾਰਵਾਈ ਵਿਚ ਇਕ ਅਣਸੁਣੀ ਪ੍ਰਕਿਰਿਆ ਨੂੰ ਸਵੀਕਾਰ ਕੀਤਾ। ਇੱਥੋਂ ਤੱਕ ਕਿ ਇਸ ਵਿਚ ਰਾਸ਼ਟਰਪਤੀ ਤੱਕ ਨੂੰ ਹਿੱਸਾ ਨਹੀਂ ਲੈਣ ਦਿੱਤਾ ਗਿਆ। ਪ੍ਰਤੀਨਿਧੀ ਸਭਾ ਦੇ ਨਿਸ਼ਾਨੇ 'ਤੇ ਰਾਸ਼ਟਰਪਤੀ ਟਰੰਪ ਸਨ। ਪੂਰੀ ਪ੍ਰਕਿਰਿਆ ਵਿਚ ਹਾਊਸ ਡੈਮੋਕ੍ਰੇਟਸ ਦਾ ਇਰਾਦਾ ਕਦੇ ਵੀ ਸੱਚਾਈ ਦਾ ਪਤਾ ਲਗਾਉਣਾ ਨਹੀਂ ਸੀ।
ਵ੍ਹਾਈਟ ਹਾਊਸ ਵੱਲੋਂ ਟਰੰਪ ਦੇ ਪੱਖ ਵਿਚ ਸਭ ਤੋਂ ਮਜ਼ਬੂਤ ਦਲੀਲ ਇਹ ਪੇਸ਼ ਕੀਤੀ ਗਈ ਕਿ ਰਾਸ਼ਟਰਪਤੀ ਵਿਰੁੱਧ ਲਗਾਏ ਗਏ ਦੋਸ਼ਾਂ ਨੂੰ ਸਾਬਤ ਕਰਨ ਲਈ ਡੈਮੋਕ੍ਰੇਟਸ ਕੋਲ ਕੋਈ ਵੀ ਸਬੂਤ ਨਹੀਂ ਹਨ। ਡੈਮੋਕ੍ਰੇਟਸ ਦੀ ਅਗਵਾਈ ਵਾਲੀ ਪ੍ਰਤੀਨਿਧੀ ਸਭਾ ਨੇ ਟਰੰਪ 'ਤੇ ਇਹ ਝੂਠਾ ਦੋਸ਼ ਲਗਾਇਆ ਕਿ ਉਹਨਾਂ ਨੇ ਯੂਕਰੇਨ ਨੂੰ ਸ਼ਰਤ ਸਮੇਤ ਮਿਲਟਰੀ ਮਦਦ ਦੀ ਪੇਸ਼ਕਸ਼ ਕੀਤੀ ਸੀ। ਇੱਥੇ ਦੱਸ ਦਈਏ ਕਿ ਪ੍ਰਤੀਨਿਧੀ ਸਭਾ ਦੀ ਸਪੀਕਰ ਨੈਨਸੀ ਪੇਲੋਸੀ ਨੇ ਇਕ ਅਮਰੀਕੀ ਵ੍ਹੀਸਲ ਬਲੋਅਰ ਦੀ ਸ਼ਿਕਾਇਤ 'ਤੇ ਟਰੰਪ ਵਿਰੁੱਧ ਮਹਾਦੋਸ਼ ਚਲਾਉਣ ਲਈ ਜਾਂਚ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਵ੍ਹੀਸਲ ਬਲੋਅਰ ਨੇ ਆਪਣੀ ਸ਼ਿਕਾਇਤ ਵਿਚ ਦੋਸ਼ ਲਗਾਇਆ ਹੈ ਕਿ ਟਰੰਪ ਨੇ ਰਾਸ਼ਟਰਪਤੀ ਚੋਣਾਂ ਜਿੱਤਣ ਲਈ ਵਿਦੇਸ਼ੀ ਮਦਦ ਲੈਣ ਦੀ ਕੋਸ਼ਿਸ਼ ਕੀਤੀ ਸੀ। ਭਾਵੇਂਕਿ ਟਰੰਪ ਲਗਾਏ ਗਏ ਦੋਸ਼ਾਂ ਦਾ ਬਾਰ-ਬਾਰ ਖੰਡਨ ਕਰਦੇ ਰਹੇ ਹਨ।
ਸਪੇਨ 'ਚ ਤੂਫਾਨ 'ਗਲੋਰੀਆ' ਕਾਰਨ 4 ਲੋਕਾਂ ਦੀ ਮੌਤ, 9 ਸੂਬਿਆ 'ਚ ਰੈੱਡ ਅਲਰਟ ਜਾਰੀ
NEXT STORY