ਕਪੂਰਥਲਾ (ਗੁਰਵਿੰਦਰ ਕੌਰ)-ਹਿੰਦੂ ਕੰਨਿਆ ਕਾਲਜ ਕਪੂਰਥਲਾ ਦੇ ਫਿਲਾਸਫੀ ਵਿਭਾਗ ਵਲੋਂ ਪ੍ਰਿੰ. ਡਾ. ਅਰਚਨਾ ਗਰਗ ਦੀ ਪ੍ਰਧਾਨਗੀ ਹੇਠ ‘ਮਨੁੱਖੀ ਅਧਿਕਾਰ ਤੇ ਨੈਤਿਕ ਕਰਤੱਵ’ ਵਿਸ਼ੇ ’ਤੇ ਇਕ ਐਕਸਟੈਂਸ਼ਨ ਲੈਕਚਰ ਕਰਵਾਇਆ ਗਿਆ, ਜਿਸ ’ਚ ਸਾਬਕਾ ਚੇਅਰਪਰਸਨ ਫਿਲਾਸਫੀ ਵਿਭਾਗ ਪੰਜਾਬ ਯੂਨੀਵਰਸਿਟੀ ਚੰਡੀਗਡ਼੍ਹ ਡਾ. ਲੱਲਨ ਸਿੰਘ ਬਘੇਲ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਜਿਨ੍ਹਾਂ ਨੇ ਵਿਦਿਆਰਥਣਾਂ ਨਾਲ ਉਨ੍ਹਾਂ ਦੇ ਤੇ ਅੌਰਤਾਂ ਦੇ ਮਨੁੱਖੀ ਅਧਿਕਾਰਾਂ ਬਾਰੇ ਚਰਚਾ ਕੀਤੀ ਤੇ ਕਿਹਾ ਕਿ ਅੌਰਤਾਂ ਨੂੰ ਅਜੇ ਵੀ ਨਾ-ਬਰਾਬਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਪਿਤਾ-ਪੁਰਖੀ ਸਮਾਜ ’ਚ ਅਜੇ ਵੀ ਪੂਰਾ ਮਾਨ-ਸਨਮਾਨ ਨਹੀਂ ਮਿਲਦਾ। ਉਨ੍ਹਾਂ ਕਿਹਾ ਕਿ ਸਮਾਜਕ, ਆਰਥਿਕ, ਰਾਜਨੀਤਕ, ਅਧਿਆਤਮਕ, ਰਾਸ਼ਟਰੀ ਤੇ ਅੰਤਰਾਰਸ਼ਟਰੀ ਪੱਧਰ ’ਤੇ ਅਧਿਕਾਰਾਂ ਪ੍ਰਤੀ ਜਾਗਰੂਕਤਾ ਲਿਆਉਣ ਦੀ ਲੋਡ਼ ਹੈ। ਇਸ ਪ੍ਰਤੀ ਨੈਤਿਕ ਕਰਤੱਵ ਵੀ ਮਹਤੱਵਪੂਰਨ ਭੂਮਿਕਾ ਨਿਭਾ ਸਕਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਮਹਾਤਮਾ ਗਾਂਧੀ, ਸਵਾਮੀ ਵਿਵੇਕਾਨੰਦ ਤੇ ਸ੍ਰੀ ਵਲੱਭ ਭਾਈ ਪਟੇਲ ਦੀ ਦਾਰਸ਼ਨਿਕਤਾ ਨੂੰ ਚੰਗੀ ਤਰ੍ਹਾਂ ਪਡ਼੍ਹਨ ਤੇ ਸਮਝਣ ਲਈ ਕਿਹਾ। ਉਨ੍ਹਾਂ ਵਿਦਿਆਰਥੀਆਂ ਦੇ ਸੁਆਲਾਂ ਦੇ ਜੁਆਬ ਵੀ ਦਿੱਤੇ ਤੇ ਕਿਹਾ ਕਿ ਅਧਿਕਾਰਾਂ ਦੀ ਸੁਰੱਖਿਆ ਨਾਲ ਹੀ ਮਾਨਸਿਕ, ਸਰੀਰਕ ਤੇ ਜਜ਼ਬਾਤੀ ਵਿਤਕਰਾ ਖਤਮ ਹੋ ਸਕਦਾ ਹੈ। ਇਸ ਦੌਰਾਨ ਡਾ. ਲੱਲਨ ਸਿੰਘ ਬਘੇਲ ਕਾਲਜ ਦੀ ਸਟਾਫ ਅਕਾਦਮੀ ਵਲੋਂ ਆਯੋਜਿਤ ਇਕ ਮਿਲਣੀ ’ਚ ਕਾਲਜ ਦੇ ਸਾਰੇ ਅਧਿਆਪਕਾਂ ਨਾਲ ਰੂ-ਬ-ਰੂ ਵੀ ਹੋਏ ਤੇ ਅਧਿਆਪਨ ’ਚ ਨੈਤਿਕਤਾ ਵਿਸ਼ੇ ਬਾਰੇ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਅਧਿਆਪਕ ਆਪਣੀ ਗਿਆਨ ਪ੍ਰਣਾਲੀ ਨੂੰ ਨੈਤਿਕਤਾ ਨਾਲ ਹੀ ਵਿਕਸਤ ਕਰ ਸਕਦੇ ਹਨ। ਅਜੋਕੇ ਮਸ਼ੀਨੀ ਯੁੱਗ ’ਚ ਅਧਿਆਪਕਾਂ ਤੇ ਵਿਦਿਆਰਥੀਆਂ ’ਚ ਸੰਵਾਦ ਕਾਫੀ ਘੱਟ ਗਿਆ ਹੈ। ਜਿਸ ਕਾਰਨ ਨੈਤਿਕ ਕਦਰਾਂ ਕੀਮਤਾਂ ’ਚ ਨਿਘਾਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਨੂੰ ਰੋਲ ਮਾਡਲ ਹੋਣਾ ਚਾਹੀਦਾ ਹੈ ਤੇ ਲਗਾਤਾਰ ਉਨ੍ਹਾਂ ਨੂੰ ਵਿਦਿਆਰਥੀਆਂ ਨਾਲ ਨੈਤਿਕ ਕਦਰਾਂ ਕੀਮਤਾਂ ’ਤੇ ਵਿਚਾਰ ਕਰਨਾ ਚਾਹੀਦਾ ਹੈ। ਆਪਣੇ ਸੰਬੋਧਨ ’ਚ ਪ੍ਰਿੰ. ਡਾ. ਅਰਚਨਾ ਗਰਗ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਤੇ ਉਨ੍ਹਾਂ ਵੱਲੋਂ ਦਿੱਤੀ ਮਹੱਤਵਪੂਰਵਕ ਜਾਣਕਾਰੀ ਲਈ ਧੰਨਵਾਦ ਕੀਤਾ। ਕਾਲਜ ਪ੍ਰਬੰਧਕ ਕਮੇਟੀ ਵੱਲੋਂ ਮੁੱਖ ਮਹਿਮਾਨ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਫਿਲਾਸਫੀ ਵਿਭਾਗ ਦੇ ਮੁਖੀ ਡਾ. ਕੁਲਵਿੰਦਰ ਸਿੰਘ ਸਮੇਤ ਹੋਰ ਅਧਿਆਪਕ ਵੀ ਹਾਜ਼ਰ ਸਨ।
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ’ਚ ਪ੍ਰਵਾਸੀ ਮਜ਼ਦੂਰ ਵੀ ਜੁਟੇ
NEXT STORY