ਫਿਲੌਰ(ਭਾਖੜੀ/ਦੀਪਾ)-ਕੈਮਰੇ ਵਾਲੇ ਮੋਬਾਇਲ ਫੋਨਾਂ 'ਤੇ ਲੋਕਾਂ 'ਚ ਆਪਣੀ ਸੈਲਫੀ ਲੈਣ ਤੇ ਫਿਰ ਉਸ ਨੂੰ ਆਪਣੇ ਫੇਸਬੁਕ ਅਕਾਊਂਟ 'ਚ ਪਾ ਕੇ ਕਿੰਨੇ ਲੋਕ ਕੀ ਕੁਮੈਂਟ ਕਰਦੇ ਹਨ, ਇਸ ਦਾ ਬੁਖਾਰ ਅੱਜ ਦੀ ਪੀੜ੍ਹੀ 'ਤੇ ਇਸ ਕਦਰ ਚੜ੍ਹ ਚੁੱਕਾ ਹੈ ਕਿ ਇਕ ਵਿਆਹੁਤਾ ਔਰਤ ਨੇ ਬਿਸਤਰ 'ਤੇ ਲੇਟ ਕੇ ਆਪਣੀਆਂ ਅੱਖਾਂ ਬੰਦ ਕਰ ਕੇ ਇਸ ਤਰ੍ਹਾਂ ਨਾਲ ਸੈਲਫੀ ਖਿੱਚ ਕੇ ਫੋਟੋ ਸਮੇਤ ਆਪਣੇ ਪਤੀ ਦੇ ਫੇਸਬੁਕ ਅਕਾਊਂਟ 'ਤੇ ਪੋਸਟ ਪਾ ਦਿੱਤੀ ਕਿ ਉਸ ਦੀ ਪਤਨੀ ਦਾ ਦੇਹਾਂਤ ਹੋ ਗਿਆ। ਇਸ ਪਿੱਛੇ ਪਤਨੀ ਦਾ ਮਕਸਦ ਸੀ ਕਿ ਉਹ ਜਿਉੂਂਦੇ ਜੀਅ ਇਹ ਦੇਖਣਾ ਚਾਹੁੰਦੀ ਸੀ ਕਿ ਉਸ ਦੇ ਮਰਨ ਉਪਰੰਤ ਲੋਕ ਉਸ ਦੇ ਪਤੀ ਨੂੰ ਕੀ ਕੁਮੈਂਟ ਕਰਦੇ ਹਨ। ਪਤੀ ਨੂੰ ਪਤਨੀ ਦੀ ਇਹ ਹਰਕਤ ਪਸੰਦ ਨਹੀਂ ਆਈ ਅਤੇ ਉਸ ਨੇ ਆਪਣੀ ਪਤਨੀ ਖਿਲਾਫ ਫਿਲੌਰ ਨੇੜੇ ਪਿੰਡ ਲਸਾੜਾ ਪੁਲਸ ਚੌਕੀ 'ਚ ਸ਼ਿਕਾਇਤ ਦੇ ਦਿੱਤੀ। ਪਤੀ ਨੇ ਦੱਸਿਆ ਕਿ ਉਸ ਨੂੰ ਆਪਣੀ ਪਤਨੀ ਦੀ ਇਸ ਹਰਕਤ ਦਾ ਉਦੋਂ ਪਤਾ ਲੱਗਾ ਜਦੋਂ ਉਸ ਦੇ ਇਕ ਕਰੀਬੀ ਦੋਸਤ ਨੇ ਉਸ ਦੀ ਫੇਸਬੁਕ 'ਤੇ ਉਸ ਦੀ ਪਤਨੀ ਦੀ ਫੋਟੋ ਨੂੰ ਮ੍ਰਿਤਕ ਹਾਲਤ 'ਚ ਤੇ ਉਸ ਦੇ ਹੇਠਾਂ ਉਸ ਦੀ ਮੌਤ ਦੇ ਸਬੰਧ 'ਚ ਲਿਖਿਆ ਦੇਖ ਕੇ ਜਦੋਂ ਉਸ ਨੂੰ ਫੋਨ ਕਰ ਕੇ ਅਫਸੋਸ ਪ੍ਰਗਟ ਕੀਤਾ ਤਾਂ ਉਸ ਨੂੰ ਬਹੁਤ ਬੁਰਾ ਲੱਗਾ। ਉਸ ਦੇ ਦੋਸਤ ਦੇ ਵਾਰ-ਵਾਰ ਕਹਿਣ ਦੇ ਬਾਵਜੂਦ ਉਸ ਨੇ ਆਪਣੇ ਦੋਸਤ 'ਤੇ ਯਕੀਨ ਨਾ ਕਰ ਕੇ ਉਸ ਨਾਲ ਕਾਫੀ ਤਕਰਾਰ ਵੀ ਹੋਇਆ। ਉਸ ਨੂੰ ਹੈਰਾਨੀ ਉਦੋਂ ਹੋਈ ਜਦੋਂ ਕੁਝ ਸਮੇਂ ਬਾਅਦ ਉਸ ਦੇ ਇਕ ਹੋਰ ਕਰੀਬੀ ਦੋਸਤ ਨੇ ਉਸ ਨੂੰ ਫੋਨ ਕਰ ਕੇ ਉਸ ਦੀ ਪਤਨੀ ਦੇ ਅਚਾਨਕ ਇਸ ਸੰਸਾਰ ਤੋਂ ਚਲੇ ਜਾਣ ਦਾ ਅਫਸੋਸ ਪ੍ਰਗਟ ਕੀਤਾ ਤਾਂ ਉਸ ਨੇ ਤੁਰੰਤ ਆਪਣੀ ਫੇਸਬੁੱਕ ਖੋਲ੍ਹੀ ਤਾਂ ਆਪਣੀ ਪਤਨੀ ਦੀ ਮ੍ਰਿਤਕ ਹਾਲਤ 'ਚ ਪੋਸਟ ਪਈ ਦੇਖ ਕੇ ਉਹ ਹੱਕਾ-ਬੱਕਾ ਰਹਿ ਗਿਆ। ਉਸ ਨੇ ਆਪਣੀ ਪਤਨੀ ਨੂੰ ਫੋਨ ਕਰ ਕੇ ਅਜਿਹੀ ਹਰਕਤ ਕਰਨ ਸਬੰਧੀ ਪੁੱਛਿਆ ਤਾਂ ਜੋ ਗੱਲ ਉਸ ਨੇ ਦੱਸੀ ਉਹ ਸੁਣ ਕੇ ਪਤੀ ਦੰਦਾਂ ਹੇਠਾਂ ਜੀਭ ਦਬਾਉਣ ਲਈ ਮਜਬੂਰ ਹੋ ਗਿਆ। ਉਸ ਨੇ ਜਦੋਂ ਆਪਣੇ ਫੇਸਬੁਕ ਅਕਾਊਂਟ 'ਤੇ ਪਤਨੀ ਦੀ ਇਸ ਹਰਕਤ ਦੀ ਫੋਟੋ ਨੂੰ ਡਲੀਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਦੋਂ ਤਕ ਉਸ ਦੀ ਪਤਨੀ ਨੇ ਉਸ ਦਾ ਪਾਸਵਰਡ ਵੀ ਬਦਲ ਦਿੱਤਾ ਸੀ। ਪਤੀ ਨੇ ਤੁਰੰਤ ਘਰ ਪਹੁੰਚ ਕੇ ਪਤਨੀ ਤੋਂ ਆਪਣਾ ਨਵਾਂ ਪਾਸਵਰਡ ਪੁੱਛਿਆ ਤੇ ਫੇਸਬੁੱਕ 'ਤੇ ਉਸ ਦੀ ਮੌਤ ਦੀ ਪਾਈ ਪੋਸਟ ਨੂੰ ਡਲੀਟ ਕਰ ਕੇ ਸੁੱਖ ਦਾ ਸਾਹ ਲਿਆ। ਪਤੀ ਵੱਲੋਂ ਬੁਰਾ-ਭਲਾ ਕਹਿਣ 'ਤੇ ਪਤਨੀ ਰੁੱਸ ਕੇ ਪੇਕੇ ਘਰ ਚਲੀ ਗਈ ਤੇ ਪਤੀ ਨੇ ਲਸਾੜਾ ਪੁਲਸ ਨੂੰ ਪਤਨੀ ਦੀ ਇਸ ਹਰਕਤ ਦੀ ਅੱਜ ਸ਼ਿਕਾਇਤ ਦਿੰਦੇ ਹੋਏ ਕਿਹਾ ਕਿ ਉਸ ਨੂੰ ਅਜਿਹਾ ਲੱਗ ਰਿਹਾ ਹੈ ਕਿ ਇਸ ਪਿੱਛੇ ਜ਼ਰੂਰ ਉਸ ਨੂੰ ਫਸਾਉਣ ਦੀ ਕੋਈ ਸਾਜ਼ਿਸ਼ ਹੈ, ਜੋ ਹੁਣ ਰੁੱਸ ਕੇ ਆਪਣੇ ਪੇਕੇ ਘਰ ਜਾ ਕੇ ਬੈਠ ਗਈ ਹੈ।
ਘਰ ਦੀ ਤੀਸਰੀ ਮੰਜ਼ਿਲ ਤੋਂ 35 ਕਬੂਤਰ ਚੋਰੀ
NEXT STORY