ਕਾਲਾ ਸੰਘਿਆਂ, (ਨਿੱਝਰ)—ਪੰਜਾਬ ਸਰਕਾਰ ਵਲੋਂ ਨਸ਼ਿਆਂ ਦੇ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਸਥਾਨਕ ਕਸਬੇ 'ਚ ਸਥਿਤ ਇਕ ਪੈਲੇਸ 'ਚ ਐੱਸ. ਐੱਚ. ਓ. ਕਪੂਰਥਲਾ ਸਦਰ ਗਿਆਨ ਸਿੰਘ ਤੇ ਕਾਲਾ ਸੰਘਿਆਂ ਪੁਲਸ ਚੌਕੀ ਦੇ ਇੰਚਾਰਜ ਏ. ਐੱਸ. ਆਈ. ਅਵਤਰ ਸਿੰਘ ਦੀ ਅਗਵਾਈ 'ਚ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਸੈਮੀਨਾਰ ਕਰਵਾਇਆ ਗਿਆ। ਜਿਸ 'ਚ ਕਾਲਾ ਸੰਘਿਆਂ ਦੇ ਨਜ਼ਦੀਕੀ ਪਿੰਡਾਂ ਦੇ ਸਰਪੰਚਾਂ, ਪੰਚਾਂ ਤੋਂ ਇਲਾਵਾ ਆਮ ਲੋਕਾਂ ਨੇ ਹਿੱਸਾ ਲਿਆ ਸੈਮੀਨਾਰ 'ਚ ਡੀ. ਐੱਸ. ਪੀ. ਸਬ ਡਵੀਜ਼ਨ ਕਪੂਰਥਲਾ ਗੁਰਮੀਤ ਸਿੰਘ ਕਿੰਗਰਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ।
ਡੀ. ਐੱਸ. ਪੀ. ਗੁਰਮੀਤ ਸਿੰਘ ਕਿੰਗਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਵਾਨੀ ਨੂੰ ਬਚਾਉਣ ਲਈ ਸਮਾਜ ਨੂੰ ਨਸ਼ਾ ਮੁਕਤ ਬਣਾਉਣਾ ਸਮੇਂ ਦੀ ਲੋੜ ਹੈ, ਇਸ ਕੋਹੜ ਰੂਪੀ ਵੱਡੀ ਸਮੱਸਿਆ ਤੋਂ ਨਿਜ਼ਾਤ ਪਾਉਣ ਲਈ ਸਰਕਾਰ ਤੇ ਪ੍ਰਸ਼ਾਸਨ ਦੇ ਨਾਲ ਆਮ ਲੋਕਾਂ ਨੂੰ ਵੀ ਅੱਗੇ ਆਉਣਾ ਪਵੇਗਾ ਤੇ ਇਹ ਸ਼ੁਰੂਆਤ ਮਾਪਿਆਂ ਨੂੰ ਘਰਾਂ ਤੋਂ ਕਰਨੀ ਹੋਵੇਗੀ ਤੇ ਉਹ ਆਪਣੇ ਬੱਚਿਆਂ ਦੀਆਂ ਗਤੀਵਿਧੀਆਂ ਦੇ ਵਧੇਰੇ ਧਿਆਨ ਦੇਣ ਦੇ ਬੱਚਿਆਂ ਨੂੰ ਦਿੱਤੇ ਜਾਂਦੇ ਜੇਬ ਖਰਚ ਦਾ ਹਿਸਾਬ ਰੱਖਣ ਦੇ ਲੋੜ ਮੁਤਾਬਿਕ ਹੀ ਬੱਚਿਆਂ ਨੂੰ ਖਰਚ ਦਿੱਤਾ ਜਾਵੇ ਲੋੜ ਤੋਂ ਜ਼ਿਆਦਾ ਖੁਲ੍ਹ ਵੀ ਬੱਚਿਆਂ ਦੇ ਕੁਰਾਹੇ ਪੈਣ ਦਾ ਇਕ ਮੁੱਖ ਕਾਰਨ ਹੈ। ਉਨ੍ਹਾਂ ਕਿਹਾ ਕਿ ਜੇਕਰ ਤੁਹਾਡੇ ਪਿੰਡ ਜਾਂ ਇਲਾਕੇ 'ਚ ਕੋਈ ਨਸ਼ਾ ਵੇਚਦਾ ਹੈ ਤਾਂ ਇਸਦੀ ਜਾਣਕਾਰੀ ਪੁਲਸ ਨੂੰ ਦਿੱਤੀ ਜਾਵੇ ਤੇ ਸੂਚਨਾ ਦੇਣ ਵਾਲੇ ਦਾ ਨਾਂ ਤੇ ਪਤਾ ਗੁਪਤ ਰੱਖਿਆ ਜਾਵੇਗਾ ਤੇ ਨਸ਼ਾ ਵੇਚਣ ਵਾਲੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਡੈਪੂ ਦੇ ਮੈਂਬਰ ਪਿਆਰਾ ਸਿੰਘ ਖਾਲਸਾ ਨੇ ਕਿਹਾ ਕਿ ਪੰਜਾਬ 'ਚ ਵਗਦੇ ਨਸ਼ਿਆਂ ਦੇ ਛੇਵੇਂ ਦਰਿਆ ਲਈ ਜਿਥੇ ਕੁਝ ਸਿਆਸੀ ਲੋਕ ਜ਼ਿੰਮੇਵਾਰ ਹਨ, ਉਥੇ ਹੀ ਉਹ ਲੋਕ ਵੀ ਬਰਾਬਰ ਦੇ ਭਾਗੀਦਾਰ ਹਨ, ਜੋ ਪਹਿਲਾਂ ਤਾਂ ਨਸ਼ਿਆਂ ਵਿਰੁੱਧ ਰੌਲਾ ਪਾਉਂਦੇ ਹਨ ਤੇ ਵੋਟਾਂ ਦੇ ਦਿਨਾਂ 'ਚ ਉਹੀ ਲੋਕ ਨਸ਼ੇ ਵੰਡਦੇ ਤੇ ਨਸ਼ੇ ਕਰਦੇ ਦੇਖੇ ਜਾ ਸਕਦੇ ਹਨ। ਇਸ ਸਮੇਂ ਡਾ. ਪਰਮਜੀਤ ਪੰਮਾ, ਸਰਪੰਚ ਬਲਵਿੰਦਰ ਸਿੰਘ ਸੰਧੂ ਚੱਠਾ, ਕਸ਼ਮੀਰ ਸਿੰਘ ਮਾਛੀਪਾਲ ਨੇ ਵੀ ਵਿਚਾਰ ਸਾਂਝੇ ਕੀਤੇ। ਦਲਜੀਤ ਸਿੰਘ ਬਡਿਆਲ ਵਲੋਂ ਮੰਚ ਸੰਚਾਲਨ ਕੀਤਾ ਗਿਆ।
ਇਸ ਮੌਕੇ ਡਾ. ਸਤਪਾਲ ਸਿੰਘ, ਜਸਵੀਰ ਸਿੰਘ ਟੌਹਰ, ਲਹਿੰਬਰ ਸਿੰਘ ਢਿੱਲੋਂ, ਸ਼੍ਰੋਮਣੀ ਰੰਘਰੇਟਾ ਦਲ ਦੇ ਦੁਆਬਾ ਪ੍ਰਧਾਨ ਸਾਬੀ ਰਸੂਲਪੁਰੀ, ਸਰਪੰਚ ਤਰਲੋਚਨ ਸਿੰਘ ਗੋਸ਼ੀ, ਸਰਪੰਚ ਰਣਜੀਤ ਸਿੰਘ ਸਿੱਧਪੁਰ, ਸਰਪੰਚ ਗੁਰਦਾਵਰ ਸਿੰਘ ਕੇਸਰਪੁਰ, ਜਸਵੰਤ ਸਿੰਘ ਸੋਹਲ, ਸੋਹਣ ਭੰਵਰਾ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ ਆਗੂ ਤੇ ਲੋਕ ਹਾਜ਼ਰ ਸਨ।
Box Office : ਓਪਨਿੰਗ ਵੀਕੈਂਡ 'ਚ ਸਫਲ ਰਹੀ 'ਵੀਰੇ ਦੀ ਵੈਡਿੰਗ', ਜਾਣੋ ਕਲੈਕਸ਼ਨ
NEXT STORY