ਅੱਜ ਪੰਜਾਬੀ ਗਾਇਕੀ ਦਾ ਰੂਪ ਲਗਾਤਾਰ ਵਿਗੜ ਰਿਹਾ ਹੈ। ਸਾਡੇ ਅਸਲ ਜੀਵਨ ਦੀਆਂ ਤੰਗੀਆਂ-ਤੁਰਸ਼ੀਆਂ, ਸਮਾਜਿਕ ਕੁਰੀਤੀਆਂ, ਬਦਲਦੀਆਂ ਖੁਸ਼ੀਆਂ, ਮਰ ਰਹੇ ਰਿਸ਼ਤਿਆਂ ਨੂੰ ਪੰਜਾਬੀ ਗਾਇਕੀ 'ਚ ਕਿਤੇ ਪੇਸ਼ ਨਹੀਂ ਕੀਤਾ ਜਾ ਰਿਹਾ। ਇਹੀ ਕਾਰਨ ਹੈ ਕਿ ਅੱਜ ਆਮ ਲੋਕਾਂ ਦਾ ਬਹੁਤੇ ਗਾਇਕਾਂ ਤੋਂ ਮੋਹ ਭੰਗ ਹੋ ਰਿਹਾ ਹੈ। ਲੱਖਾਂ ਰੁਪਏ ਖਰਚ ਕੇ ਤਿਆਰ ਕੀਤੀ ਕੈਸੇਟ ਅੱਜ ਹਜ਼ਾਰਾਂ ਰੁਪਏ ਵੀ ਕਮਾਉਣ ਤੋਂ ਅਸਮਰੱਥ ਹੋ ਜਾਂਦੀ ਹੈ। ਅਜਿਹੇ ਦੌਰ 'ਚ ਵੀ ਕੁਝ ਅਜਿਹੇ ਗਾਇਕ ਨੇ ਜੋ ਸਾਡੇ ਸੱਭਿਆਚਾਰ, ਸਾਡੇ ਰਿਸ਼ਤਿਆਂ ਨੂੰ ਪੂਰੀ ਤਰ੍ਹਾਂ ਚੇਤੰਨ ਹੋ ਕੇ ਆਪਣੇ ਗੀਤਾਂ ਦਾ ਵਿਸ਼ਾ ਬਣਾ ਰਹੇ ਹਨ।
ਅੱਜ ਸਾਫ਼-ਸੁਥਰੇ ਅਤੇ ਅਰਥ ਭਰਪੂਰ ਗੀਤਾਂ ਵਾਲੀ ਦੋਗਾਣਾ ਜੋੜੀ 'ਰਾਜਾ ਮਰਖਾਈ-ਬੀਬੀ ਦੀਪ ਕਿਰਨ ' ਨਾਲ ਮਿਲਾਉਂਦਾ ਹਾਂ। ਜੇਕਰ ਗੀਤਕਾਰ ਤੋਂ ਗਾਇਕ ਬਣੇ ਰਾਜਾ ਮਰਖਾਈ ਬਾਰੇ ਗੱਲ ਕਰੀਏ ਤਾਂ ਰਾਜਾ ਮਰਖਾਈ ਦੇ ਲਿਖੇ ਗੀਤਾਂ ਨੂੰ ਦੀਦਾਰ ਸੰਧੂ ਦੀ ਗਾਇਕੀ ਦੇ ਵਾਰਿਸ ਮਨਜੀਤ ਸੰਧੂ-ਕੁਲਵੰਤ ਕੌਰ, ਲੋਕ ਗਾਇਕ ਕੁਲਵਿੰਦਰ ਕੰਵਲ, ਸੁਖਮਾਨ, ਬਿੱਟੂ ਸ਼ਰਮਾ, ਮਿੱਠਾ ਬੰਡਾਲਵੀ ਸਮੇਤ ਕਈ ਗਾਇਕਾਂ ਨੇ ਗਾਇਆ। ਇਨ੍ਹਾਂ ਗੀਤਾਂ ਨੂੰ ਸਰੋਤਿਆਂ ਦੇ ਮਿਲੇ ਪਿਆਰ ਨੇ ਰਾਜਾ ਮਰਖਾਈ ਦਾ ਨਾਂ ਗੀਤਕਾਰਾਂ 'ਚ ਸ਼ਾਮਲ ਕਰ ਦਿੱਤਾ। ਬਤੌਰ ਗੀਤਕਾਰ ਮਿਲੇ ਪਿਆਰ ਨੂੰ ਵੇਖਦਿਆਂ ਉਸ ਨੇ ਗਾਇਕੀ 'ਚ ਪੈਰ ਧਰਨ ਦਾ ਫ਼ੈਸਲਾ ਕੀਤਾ ਤੇ 2010 'ਚ ਰਾਜਾ ਮਰਖਾਈ ਤੇ ਬੀਬੀ ਦੀਪ ਕਿਰਨ ਦੀ ਪਹਿਲੀ ਕੈਸੇਟ 'ਬੰਦੇ ਦਾ ਕੰਮ ਕਮਾਈ' ਮਾਰਕੀਟ 'ਚ ਆਈ ਤੇ ਸਰੋਤਿਆਂ ਦਾ ਢੇਰ ਸਾਰਾ ਪਿਆਰ ਪ੍ਰਾਪਤ ਕਰਨ 'ਚ ਸਫ਼ਲ ਰਹੀ। ਸਾਡੇ ਪੰਜਾਬੀਆਂ ਦੇ ਜੀਵਨ ਦੇ ਵਰਤਾਰੇ, ਬਹੁਤ ਸਾਰੇ ਰਿਸ਼ਤਿਆਂ ਦੀਆਂ ਬਾਤਾਂ ਪਾਉਣ ਵਾਲੀ ਇਸ ਕੈਸੇਟ 'ਚ ਰਾਜਾ ਮਰਖਾਈ-ਬੀਬਾ ਦੀਪ ਕਿਰਨ ਨੇ ਆਪਣੇ ਉਸਤਾਦ ਮਨਜੀਤ ਸੰਧੂ ਸੁੱਖਣਵਾਲੀਆ ਤੋਂ ਪ੍ਰਾਪਤ ਤਾਲੀਮ ਅਤੇ ਕੀਤੀ ਸਖ਼ਤ ਮਿਹਨਤ ਨਾਲ ਸਥਾਪਤੀ ਵੱਲ ਪਹਿਲਾ ਕਦਮ ਬੜੀ ਸਫ਼ਲਤਾ ਨਾਲ ਪੁੱਟ ਲਿਆ। ਫ਼ਿਰ ਇਸ ਜੋੜੀ ਦੀ ਦੂਸਰੀ ਕੈਸੇਟ 'ਜੱਟ ਹੁੰਦੇ ਫ਼ਸਲਾਂ ਦੇ ਨਾਲ ' ਮਾਰਕੀਟ ਵਿਚ ਆਈ। ਦੋਹਾਂ ਕੈਸੇਟਾਂ ਦੀ ਸਭ ਤੋਂ ਵੱਡੀ ਖਾਸੀਅਤ ਇਹ ਰਹੀ ਹੈ ਕਿ ਇਨ੍ਹਾਂ 'ਚ ਸਾਡੇ ਰਿਸ਼ਤਿਆਂ ਦੀ ਪਵਿੱਤਰਤਾ ਨੂੰ ਬੜੇ ਸੋਹਣੇ ਅੰਦਾਜ਼ 'ਚ ਬਿਆਨ ਕੀਤਾ ਗਿਆ। ਫ਼ਿਰ ਨਾਮਵਰ ਪੇਸ਼ਕਾਰ/ਗੀਤਕਾਰ ਗੁਰਤੇਜ ਉੱਗੋਕੇ ਅਤੇ ਗੋਇਲ ਕੰਪਨੀ ਬਠਿੰਡਾ ਵਲੋਂ ਰਾਜਾ ਮਰਖਾਈ-ਦੀਪ ਕਿਰਨ ਦੀ ਕੈਸੇਟ 'ਵਟਸਐਪ' ਮਾਰਕੀਟ 'ਚ ਉਤਾਰੀ ਗਈ। ਇਸ ਕੈਸੇਟ ਨਾਲ ਇਹ ਜੋੜੀ ਪੰਜਾਬੀ ਗਾਇਕੀ 'ਚ ਨਿਵੇਕਲੀ ਪਛਾਣ ਬਣਾਉਣ 'ਚ ਕਾਮਯਾਬ ਹੋਈ।
ਅੱਜਕਲ ਰਾਜਾ ਮਰਖਾਈ ਤੇ ਬੀਬਾ ਦੀਪ ਕਿਰਨ ਆਪਣੀ ਕੈਸੇਟ 'ਸਿਫ਼ਤਾਂ' ਦੀ ਤਿਆਰੀ 'ਚ ਰੁੱਝੇ ਹੋਏ ਹਨ। ਉਨ੍ਹਾਂ ਦੱਸਿਆ ਕਿ 9 ਦੋਗਾਣਿਆਂ ਦੀ ਇਸ ਕੈਸੇਟ ਦਾ ਸੰਗੀਤ ਵਿਕਟਰ ਕੰਬੋਜ ਨੇ ਤਿਆਰ ਕੀਤਾ ਹੈ ਅਤੇ ਇਸ ਨੂੰ ਗੋਇਲ ਮਿਊਜ਼ਿਕ ਕੰਪਨੀ ਵਲੋਂ ਮਾਰਕੀਟ 'ਚ ਭੇਜਿਆ ਜਾ ਰਿਹਾ ਹੈ। ਇਸ ਦੇ ਗੀਤਾਂ ਨੂੰ ਮਨਜੀਤ ਸੰਧੂ ਸੁੱਖਣਵਾਲੀਆ, ਹਾਕਮ ਬਖਤੜੀਵਾਲਾ, ਸੇਖੋਂ ਜੰਡਵਾਲਾ, ਪ੍ਰੀਤ ਕਾਲਝਰਾਣੀ, ਜਿੰਦ ਸਵਾੜਾ, ਮਲਕੀਤ ਮਲਕਾਣਾ ਵਰਗੇ ਨਾਮੀ ਗੀਤਕਾਰਾਂ ਨੇ ਬਾਖੂਬੀ ਸਿਰਜਿਆ ਹੈ।
— ਜਸਬੀਰ ਜੱਸੀ ਫ਼ਰੀਦਕੋਟ
ਸੱਜਣਾਂ-ਮਿੱਤਰਾਂ ਦਾ ਮੇਲਾ-ਗੇਲਾ
NEXT STORY