ਪਿਛਲੇ ਦਿਨੀਂ ਸੋਸ਼ਲ ਮੀਡੀਆ ਵਿਚ ਇਕ ਅਖ਼ਬਾਰ 'ਚ ਛਪੀ ਖ਼ਬਰ ਬੜੀ ਚਰਚਾ ਦਾ ਵਿਸ਼ਾ ਬਣੀ ਰਹੀ। ਵਿਸ਼ੇਸ਼ ਕਰਕੇ ਸਰਕਾਰੀ ਸਕੂਲਾਂ ਵਿਚ ਪੜ੍ਹਾਉਣ ਵਾਲੇ ਮਾਸਟਰ-ਭੈਣਜੀਆਂ ਦੀਆਂ ਅੱਖਾਂ ਵਿਚ ਇਸ ਖ਼ਬਰ ਨੇ ਰੜਕ ਪਾਈ ਰੱਖੀ। ਅਸਲ ਵਿਚ ਇਹ ਖ਼ਬਰ ਕਿਸੇ ਸੂਬੇ ਵਿਚ ਸਰਕਾਰ ਵਲੋਂ ਸਰਕਾਰੀ ਸਕੂਲਾਂ ਵਿਚ ਮੱਝਾਂ ਰੱਖਣ ਦੀ ਤਜਵੀਜ਼ ਬਾਰੇ ਸੀ।
ਇਸ ਖ਼ਬਰ ਦੀ ਸੱਚਾਈ ਬਾਰੇ ਤਾਂ ਕੁਝ ਨਹੀਂ ਕਿਹਾ ਜਾ ਸਕਦਾ ਪਰ ਇਸ ਵਿਚ ਸਾਫ-ਸਾਫ਼ ਲਿਖਿਆ ਸੀ ਕਿ ਵਿਦਿਆਰਥੀਆਂ ਨੂੰ ਰਿਸ਼ਟ-ਪੁਸ਼ਟ ਕਰਨ ਲਈ, ਚੁਆਵਾਂ ਦੁੱਧ ਪਿਆਉਣ ਲਈ 25 ਵਿਦਿਆਰਥੀਆਂ ਪਿੱਛੇ ਇਕ ਮੱਝ ਸਕੂਲ ਨੂੰ ਦਿੱਤੀ ਜਾਵੇਗੀ। ਮਿਡ-ਡੇ ਮੀਲ ਸਕੀਮ ਬਾਰੇ ਤਾਂ ਸਾਰੇ ਹੀ ਜਾਣਦੇ ਨੇ ਕਿ ਸਰਕਾਰ ਰੋਜ਼ਾਨਾ ਸੌ ਡੇਢ ਸੌ ਗ੍ਰਾਮ ਰਾਸ਼ਨ ਅਤੇ ਤਿੰਨ-ਚਾਰ ਰੁਪਏ ਬਣਵਾਈ ਦੇ ਕੇ ਸਰਕਾਰੀ ਸਕੂਲਾਂ ਦੇ ਨਿਆਣਿਆਂ ਦੇ ਸੁਡੌਲ ਸਰੀਰ ਬਣਾਉਣ 'ਚ ਤਨਦੇਹੀ ਨਾਲ ਲੱਗੀ ਹੋਈ ਹੈ।
ਖ਼ਬਰ ਭਾਵੇਂ ਕਿਸੇ ਹੋਰ ਸੂਬੇ ਦੀ ਸੀ ਪਰ ਬਾਕੀ ਸੂਬਿਆਂ ਦੇ ਸਰਕਾਰੀ ਮਾਸਟਰਾਂ ਦੇ ਵੀ ਸਾਹ ਸੁੱਕਣੇ ਸ਼ੁਰੂ ਹੋ ਗਏ। ਕੀ ਪਤਾ ਸੂਬਾ ਸਰਕਾਰ ਦਾ, ਜਿਹੜੀ ਉਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਯੋਜਨਾ ਨੂੰ ਸਫਲ ਕਰਾਰ ਦੇ ਕੇ ਲਾਗੂ ਕਰਨ ਦਾ ਮਨ ਬਣਾ ਲਵੇ। ਖ਼ਬਰ ਵਿਚ ਸਪੱਸ਼ਟ ਸੀ ਕਿ ਮੱਝਾਂ ਰੱਖਣ ਲਈ ਬਜਟ ਦਾ ਪ੍ਰਬੰਧ ਸੂਬਾ ਸਰਕਾਰ ਕਰੇਗੀ ਅਤੇ ਅਧਿਆਪਕਾਂ ਨੂੰ ਮੱਝਾਂ ਦੀ ਸਾਂਭ-ਸੰਭਾਲ ਲਈ ਵਿਸ਼ੇਸ਼ ਟ੍ਰੇਨਿੰਗ ਦਿੱਤੀ ਜਾਵੇਗੀ। ਹੁਣ ਜੇ ਇਕ ਸੂਬੇ ਦੇ ਨਿਆਣੇ ਦੁੱਧ ਪੀ ਕੇ ਕੱਛਾਂ ਵਜਾਉਣ ਤਾਂ ਬਾਕੀ ਸੂਬੇ ਕਿਉਂ ਪਿੱਛੇ ਰਹਿਣ?
ਭਾਵੇਂ ਕਿ ਸੁਪਰੀਮ ਕੋਰਟ ਨੇ ਸਰਕਾਰਾਂ ਨੂੰ ਸਖ਼ਤ ਤਾੜਨਾ ਕੀਤੀ ਹੋਈ ਹੈ ਕਿ ਅਧਿਆਪਕਾਂ ਤੋਂ ਗੈਰ-ਵਿੱਦਿਅਕ ਕੰਮ ਨਾ ਲਏ ਜਾਣ ਪਰ ਫਿਰ ਵੀ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਸਰਕਾਰ ਦੀ ਮਿਲੀਭੁਗਤ ਨਾਲ ਗਲ ਵਿਚ ਢੋਲ ਪੁਆ ਕੇ ਵਜਵਾ ਹੀ ਲੈਂਦੇ ਹਨ। ਨਿਆਣੇ ਨਾ ਪੜ੍ਹਨ ਤਾਂ ਮਾਸਟਰਾਂ ਦਾ ਕਸੂਰ ਤਾਂ ਹੁੰਦਾ ਹੀ ਹੈ ਪਰ ਹੋਰ ਵੀ ਬਹੁਤ ਸਾਰੇ ਪਹਿਲੂ ਹਨ, ਜਿਨ੍ਹਾਂ ਦੀ ਜ਼ਿੰਮੇਵਾਰੀ ਨਿਰੋਲ ਮਾਸਟਰਾਂ ਦੀ ਹੀ ਮੰਨੀ ਜਾਂਦੀ ਹੈ, ਜਿਵੇਂ ਜੇ ਨਿਆਣਿਆਂ ਦੇ ਢਿੱਡ ਵਿਚ ਕੀੜੇ ਹੋਣ ਤਾਂ ਉਨ੍ਹਾਂ ਨੂੰ ਮਾਰਨ ਦੀ ਡਿਊਟੀ ਮਾਸਟਰ ਦੀ, ਜੇ ਸਕੂਲ 'ਚ ਰੋਟੀ-ਸਬਜ਼ੀ ਸੁਆਦ ਨਾ ਬਣੀ ਤਾਂ ਮਾਸਟਰ ਦੀ ਖੈਰ ਨਹੀਂ, ਜੇ ਸਕੂਲ 'ਚ ਸਫ਼ਾਈ ਨਹੀਂ ਤਾਂ ਗਲਤੀ ਮਾਸਟਰ ਦੀ, ਮਾਂ-ਪਿਓ ਨਿਆਣੇ ਸਕੂਲ ਨਾ ਭੇਜਣ ਤਾਂ ਕਸੂਰਵਾਰ ਮਾਸਟਰ, ਸ਼ਰਾਰਤੀ ਤੱਤ ਸਕੂਲ ਦੇ ਰੁੱਖ-ਬੂਟੇ ਮਰੋੜ ਦੇਣ ਜਾਂ ਟੂਟੀਆਂ-ਨਲਕੇ ਖੋਲ੍ਹ ਕੇ ਲੈ ਜਾਣ ਤਾਂ ਟੈਨਸ਼ਨ ਮਾਸਟਰ ਨੂੰ, ਕੋਈ ਸਿਲੰਡਰ ਜਾਂ ਆਟਾ-ਚੌਲ ਚੋਰੀ ਕਰ ਕੇ ਲੈ ਜਾਵੇ ਤਾਂ ਮਾਸਟਰ ਹੋਰੀਂ ਥਾਣੇ ਗੇੜੀਆਂ ਕੱਢਦੇ ਫਿਰਨ।
ਜੇ ਕਦੇ ਸਕੂਲ 'ਚ ਕੋਈ ਕਮਰਾ, ਟਾਇਲਟ ਦਾ ਨਿਰਮਾਣ ਕਰਨਾ ਹੋਵੇ ਤਾਂ ਮਾਸਟਰ ਹੋਰੀਂ ਰੇਤਾ-ਬੱਜਰੀ ਤੇ ਇੱਟਾਂ ਦੀ ਰਾਖੀ ਕਰਦੇ ਫਿਰਦੇ ਨੇ। ਕਦੇ ਵੋਟਾਂ ਪੁਆਉਣ ਲਈ ਬਕਸੇ ਚੁੱਕੀ ਫਿਰਦੇ ਨੇ ਤੇ ਕਦੇ ਜਨਗਣਨਾ ਕਰਨ ਲਈ ਦੇਰ-ਸਵੇਰ ਲੋਕਾਂ ਦੇ ਬੂਹੇ ਖੜਕਾਉਂਦੇ ਫਿਰਦੇ ਨੇ। ਕਦੇ ਨਿਆਣਿਆਂ ਦੇ ਬੈਂਕ ਖਾਤੇ ਤੇ ਕਦੇ ਆਧਾਰ ਕਾਰਡ ਲਈ ਮਾਂ-ਪਿਓ ਦੇ ਤਰਲੇ ਕੱਢਦੇ ਫਿਰਦੇ ਨੇ। ਵਿਚਾਰੇ ਮਾਸਟਰ....ਫਿਰ ਵੀ ਲੋਕ ਵਿਹਲੇ ਤੇ ਐਸ਼ ਕਰਨ ਵਾਲੇ ਸਮਝਦੇ ਨੇ।
ਵੈਸੇ ਜੇ ਸਕੂਲਾਂ ਵਿਚ ਮੱਝਾਂ ਰੱਖਣ ਦੀ ਯੋਜਨਾ ਸ਼ੁਰੂ ਹੋ ਗਈ ਤਾਂ ਨਿਆਣਿਆਂ ਦੀ ਸਿਹਤ ਬਣੇ ਭਾਵੇਂ ਨਾ ਬਣੇ ਪਰ ਮਾਸਟਰ ਭੈਣਜੀਆਂ ਦੀ ਸਿਹਤ ਜ਼ਰੂਰ ਵਿਗੜ ਜਾਣੀ ਹੈ। ਕਈ ਤਰ੍ਹਾਂ ਦੇ ਨਵੇਂ ਰਜਿਸਟਰ ਸਕੂਲ ਵਿਚ ਲੱਗਣਗੇ ਅਤੇ ਲੰਬੇ ਪ੍ਰਫਾਰਮਿਆਂ ਦੇ ਰੂਪ ਵਿਚ ਵਿਭਾਗ ਤੁਰੰਤ ਡਾਕ ਮੰਗਿਆ ਕਰੇਗਾ। ਸਕੂਲ ਵਿਚ ਮੱਝਾਂ ਦੀ ਗਿਣਤੀ, ਮੱਝਾਂ ਦੇ ਕੱਟੇ/ਕੱਟੀਆਂ ਦੀ ਗਿਣਤੀ, ਮੱਝਾਂ ਦੀ ਕਿਸਮ, ਕੱਟੇ/ਕੱਟੀਆਂ ਦੀ ਕਿਸਮ, ਰੋਜ਼ ਪਾਏ ਜਾਂਦੇ ਪੱਠੇ ਅਤੇ ਫੀਡ ਦੀ ਮਾਤਰਾ, ਕੱਟੇ/ਕੱਟੀ ਨੂੰ ਚੁੰਘਾਇਆ ਦੁੱਧ, ਚੋਇਆ ਗਿਆ ਦੁੱਧ, ਵਰਤਿਆ ਗਿਆ ਦੁੱਧ, ਬਾਕੀ ਬਚਿਆ ਦੁੱਧ, ਧਾਰ ਕੱਢਣ ਵਾਲੇ ਦੇ ਹਸਤਾਖਰ, ਪੱਠੇ ਪਾਉਣ ਵਾਲੇ ਦੇ ਹਸਤਾਖਰ, ਖੁਰਲੀ ਸਾਫ ਕਰਨ ਵਾਲੇ ਦੇ ਹਸਤਾਖਰ ਵਰਗੇ ਰਿਕਾਰਡ ਅਪਡੇਟ ਕਰਨੇ ਪੈਣਗੇ। ਹੋ ਸਕਦਾ ਹੈ ਕਿ ਗੋਹੇ ਦੇ ਰਿਕਾਰਡ ਲਈ ਅਲੱਗ ਰਜਿਸਟਰ ਹੋਵੇ ਕਿਉਂਕਿ ਇਹ ਵੀ ਇਕ ਕੀਮਤੀ ਚੀਜ਼ ਹੈ। ਇਸ ਦੀਆਂ ਜਾਂ ਤਾਂ ਪਾਥੀਆਂ ਬਣਾਈਆਂ ਜਾਣਗੀਆਂ ਜਾਂ ਫਿਰ ਖਾਦ ਨੂੰ ਨਿਲਾਮ ਕਰਕੇ ਰਾਸ਼ੀ ਕਿਸੇ ਸਰਕਾਰੀ ਖਾਤੇ 'ਚ ਜਮ੍ਹਾ ਕਰਵਾਉਣੀ ਪਿਆ ਕਰੇਗੀ।
ਪੱਠੇ ਪਾਉਣ, ਧਾਰ ਕੱਢਣ, ਮੱਝ ਨੂੰ ਨੁਹਾਉਣ-ਧੁਆਉਣ, ਪਾਣੀ ਪਿਆਉਣ, ਧੁੱਪੇ-ਛਾਵੇਂ ਕਰਨ ਦੀ ਵਿਭਾਗ ਵਲੋਂ ਬਕਾਇਦਾ ਸਮਾਂ-ਸਾਰਣੀ ਜਾਰੀ ਕੀਤੀ ਜਾਵੇਗੀ। ਹਰ ਕੰਮ ਕਰਨ ਉਪਰੰਤ ਅਧਿਆਪਕ ਆਪਣੇ ਰਜਿਸਟਰਡ ਮੋਬਾਈਲ ਨੰਬਰ ਤੋਂ ਵਿਭਾਗ ਨੂੰ ਐੱਸ. ਐੱਮ. ਐੱਸ. ਰਾਹੀਂ ਸੂਚਿਤ ਕਰੇਗਾ। ਜੇਕਰ ਮੱਝ, ਕੱਟੇ/ਕੱਟੀ ਨੂੰ ਮੋਕ ਲੱਗੀ, ਅਫਾਰਾ ਪਿਆ, ਕਿਸੇ ਦਾ ਸਿੰਙ ਟੁੱਟਿਆ, ਕੱਟੇ/ਕੱਟੀਆਂ ਦੇ ਢਿੱਡ ਵਿਚ ਮਲੱ੍ਹਪ ਪਏ, ਚਿੱਚੜ ਜਾਂ ਜੂੰਆਂ ਪਈਆਂ, ਕਿਸੇ ਦੀ ਪੂਛ ਨੂੰ ਕੀੜਾ ਲੱਗਾ ਤਾਂ ਨਿਰੋਲ ਅਧਿਆਪਕ ਜ਼ਿੰਮੇਵਾਰ ਹੋਵੇਗਾ। ਜੇਕਰ ਮੱਝ ਸੰਗਲ ਤੁੜਵਾ ਕੇ ਕੋਈ ਜਾਨੀ-ਮਾਲੀ ਨੁਕਸਾਨ ਕਰਦੀ ਹੈ ਤਾਂ ਵੀ ਅਧਿਆਪਕ ਕਸੂਰਵਾਰ ਹੋਵੇਗਾ।
ਅਧਿਆਪਕਾਂ ਦੀ ਟ੍ਰੇਨਿੰਗ ਅਤੇ ਸੈਮੀਨਾਰ ਵਿਚ ਵੀ ਭਾਰੀ ਬਦਲਾਅ ਆਉਣ ਦੀ ਸੰਭਾਵਨਾ ਹੈ। ਰਿਸੋਰਸ ਪਰਸਨਜ਼ ਧਾਰ ਕੱਢਣ ਦੇ ਵੱਖ-ਵੱਖ ਤਰੀਕੇ, ਮੱਝਾਂ ਨੁਹਾਉਣ ਦੇ ਢੰਗ, ਕੱਟਾ/ਕੱਟੀ ਮੁੰਨਣ ਦੀ ਸਹੀ ਤਕਨੀਕ, ਪਾਥੀਆਂ ਪੱਥਣ ਦੀਆਂ ਵੱਖ-ਵੱਖ ਵਿਧੀਆਂ, ਪੂਛ ਦਾ ਕੀੜਾ ਮਾਰਨ ਲਈ ਸਰ੍ਹੋਂ ਦਾ ਤੇਲ ਗਰਮ ਕਰਨ ਦਾ ਤਰੀਕਾ, ਸਿੰਙਾਂ ਨੂੰ ਤੇਲ ਲਾਉਣ ਦਾ ਢੰਗ ਆਦਿ ਪਹਿਲੂਆਂ 'ਤੇ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਟ੍ਰੇਨਿੰਗ ਸਥਾਨ 'ਤੇ ਮੱਝਾਂ ਅਤੇ ਕੱਟੇ-ਕੱਟੀਆਂ ਦਾ ਪ੍ਰਬੰਧ ਖ਼ੁਦ ਰਿਸੋਰਸ ਪਰਸਨਜ਼ ਕਰਿਆ ਕਰਨਗੇ।
ਸਕੂਲਾਂ ਦੀ ਚੈਕਿੰਗ ਲਈ ਉੱਡਣ-ਦਸਤਿਆਂ ਨੂੰ ਵੀ ਵਿਸ਼ੇਸ਼ ਹਦਾਇਤਾਂ ਜਾਰੀ ਹੋਣਗੀਆਂ। ਨਿਰੀਖਣ ਉਪਰੰਤ ਅਧਿਆਪਕਾਂ ਨੂੰ ਵੱਖ-ਵੱਖ ਤਰ੍ਹਾਂ ਦੇ ਸਪੱਸ਼ਟੀਕਰਨ ਆਇਆ ਕਰਨਗੇ, ਜਿਵੇਂ ਧਾਰ ਕੱਢਣ ਤੋਂ ਪਹਿਲਾਂ ਮੈਡਮ ਨੇ ਲੇਵਾ ਚੰਗੀ ਤਰ੍ਹਾਂ ਕਿਉਂ ਨਹੀਂ ਧੋਤਾ? ਮੱਝ ਜੁਗਾਲੀ ਕਿਉਂ ਨਹੀਂ ਕਰ ਰਹੀ ਸੀ। ਮੱਝ ਦੇ ਸਿੰਙ ਚਮਕ ਕਿਉਂ ਨਹੀਂ ਮਾਰਦੇ? ਮੱਝ ਨੂੰ ਖੜ੍ਹੇ ਹੋਣ ਦਾ ਸਲੀਕਾ ਕਿਉਂ ਨਹੀਂ ਸੀ? ਕੱਟਾ ਕਮਜ਼ੋਰ ਕਿਉਂ ਲੱਗ ਰਿਹਾ ਸੀ? ਵਿਚਾਰੇ ਮਾਸਟਰ-ਭੈਣਜੀਆਂ ਜਵਾਬ ਵਿਚ ਲਿਖਿਆ ਕਰਨਗੇ ਕਿ ਅੱਗੇ ਤੋਂ ਅਜਿਹੀ ਕੁਤਾਹੀ ਨਹੀਂ ਹੋਵੇਗੀ। ਹੋਰ ਜ਼ਿੰਮੇਵਾਰੀ ਨਾਲ ਕੰਮ ਕੀਤਾ ਜਾਵੇਗਾ।
ਵੈਸੇ ਕਿੰਨਾ ਚੰਗਾ ਹੋਵੇ, ਜੇ ਅਧਿਆਪਕਾਂ ਕੋਲੋਂ ਸਿਰਫ ਨਿਆਣੇ ਪੜ੍ਹਾਉਣ ਦਾ ਹੀ ਕੰਮ ਲਿਆ ਜਾਵੇ। ਨਿਆਣੇ ਨਾ ਪੜ੍ਹਾਉਣ ਦਾ ਉਸ ਕੋਲ ਕੋਈ ਬਹਾਨਾ ਹੀ ਨਾ ਹੋਵੇ। ਜੇ ਫਿਰ ਵੀ ਸੁਹਿਰਦਤਾ ਨਾਲ ਨਿਆਣੇ ਨਾ ਪੜ੍ਹਾਏ ਤਾਂ ਨੌਕਰੀਓਂ ਬਾਹਰ ਕੱਢ ਕੇ ਸਖ਼ਤ ਸਜ਼ਾ ਦੇਣੀ ਚਾਹੀਦੀ ਹੈ। ਰਹੀ ਗੱਲ ਦੁੱਧ ਦੀ, ਉਹ ਤਾਂ ਉਨ੍ਹਾਂ ਸਕੂਲਾਂ ਦੇ ਨਿਆਣੇ ਵੀ ਪੀਂਦੇ ਨੇ, ਜਿਥੇ ਵੱਡੇ-ਵੱਡੇ ਲੋਕਾਂ ਦੇ ਨਿਆਣੇ ਪੜ੍ਹਦੇ ਨੇ ਪਰ ਉਨ੍ਹਾਂ ਸਕੂਲਾਂ ਵਿਚ ਮੱਝਾਂ ਤਾਂ ਕੀ ਰੱਖਣੀਆਂ, ਚਪੜਾਸੀ ਵੀ ਸੋਚ-ਸਮਝ ਕੇ ਰੱਖਿਆ ਜਾਂਦਾ ਹੈ।
- ਪਰਦੀਪ ਸਿੰਘ ਮੌਜੀ
ਫਰਹਾਨ ਨੇ ਮਾਰਿਆ ਜ਼ੋਇਆ ਨੂੰ ਮੁੱਕਾ
NEXT STORY