ਅੰਮ੍ਰਿਤਸਰ (ਛੀਨਾ): ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਪੰਜਾਬ ਸਰਕਾਰ ਦੇ ਕੰਮਾਂ ’ਚ ਬੇਲੋੜੀ ਦਖ਼ਲ ਅੰਦਾਜ਼ੀ ਕਰਨ ਦੀ ਬਜਾਏ ਕਾਂਗਰਸ ਪਾਰਟੀ ਨੂੰ ਸੰਭਾਲਣ ਵੱਲ ਧਿਆਨ ਦੇਣ ਕਿਉਂਕਿ ਕਾਂਗਰਸ ਹਾਈਕਮਾਨ ਨੇ ਬੜੇ ਸੁਲਝੇ ਹੋਏ ਲੀਡਰਾਂ ਹੱਥ ਸਰਕਾਰ ਦੀ ਵਾਂਗਡੋਰ ਸੌਂਪੀ ਹੈ। ਇਹ ਵਿਚਾਰ ਇੰਡੀਅਨ ਓਵਰਸੀਜ਼ ਕੈਲੀਫੋਰਨੀਆ ਚੈਪਟਰ ਦੇ ਪ੍ਰਧਾਨ ਤੇ ਪੰਜਾਬ ਸਰਕਾਰ ਵਲੋਂ ਯੂ.ਐੱਸ.ਏ. ’ਚ ਅਫੇਅਰਜ਼ ਵਿਭਾਗ ਦੇ ਕੋਆਰਡੀਨੇਟਰ ਸਰਬਜੀਤ ਸਿੰਘ ਮਾਨ ਤੇ ਉਨ੍ਹਾਂ ਦੇ ਸਾਥੀਆਂ ਨੇ ਜਗ ਬਾਣੀ ਨਾਲ ਫੋਨ ’ਤੇ ਗੱਲਬਾਤ ਕਰਦਿਆਂ ਪ੍ਰਗਟਾਏ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਸੁੱਖੀ ਰੰਧਾਵਾ ਤੇ ਓਮ ਪ੍ਰਕਾਸ਼ ਸੋਨੀ ਨੂੰ ਨਵਜੋਤ ਸਿੱਧੂ ਹੁਣ ਖ਼ੁਦ ਸਰਕਾਰ ਚਲਾਉਣ ਦੇਣ ਕਿਉਂਕਿ ਲੋੜ ਤੋਂ ਵੱਧ ਕਿਸੇ ਦੀ ਵੀ ਦਖ਼ਲ ਅੰਦਾਜ਼ੀ ਨਾਲ ਫੈਸਲੇ ਲੈਣੇ ’ਤੇ ਕੰਮ ਕਰਨਾ ਔਖਾ ਹੋ ਜਾਂਦਾ ਹੈ। ਮਾਨ ਨੇ ਨਵਜੋਤ ਸਿੱਧੂ ਨੂੰ ਲੰਮੇ ਹੱਥੀਂ ਲੈਂਦਿਆ ਕਿਹਾ ਕਿ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ’ਤੇ ਉਹ (ਸਿੱਧੂ) ਬੜੀਆਂ ਵੱਡੀਆਂ-ਵੱਡੀਆਂ ਗੱਲਾ ਕਰਦਾ ਨਹੀਂ ਥੱਕਦਾ ਸੀ ਕਿ ਮੇਰਾ ਬਿਸਤਰਾ ਮੇਰੀ ਗੱਡੀ ’ਚ ਹੋਵੇਗਾ ਤੇ ਮੈਂ ਪਾਰਟੀ ਨੂੰ ਬੁਲੰਦੀਆਂ ’ਤੇ ਪਹੁੰਚਾਵਾਂਗਾ ਪਰ ਸਿੱਧੂ ਦੇ ਪ੍ਰਧਾਨ ਬਣਨ ਤੋਂ ਬਾਅਦ ਹੁਣ ਤੱਕ ਉਸ ਦੀ ਕਾਰਗੁਜ਼ਾਰੀ ਜ਼ੀਰੋ ਹੀ ਨਜ਼ਰ ਆ ਰਹੀ ਹੈ, ਜਿਸ ਕਾਰਨ ਐੱਨ.ਆਰ.ਆਈਜ਼ ਵੀ ਉਸ ਤੋਂ ਕੋਈ ਬਹੁਤੇ ਖੁਸ਼ ਨਹੀਂ ਹਨ। ਮਾਨ ਨੇ ਸਿੱਧੂ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਹੁਣ ਪੰਜਾਬ ਦੇ ਮੁੱਖ ਮੰਤਰੀ ਹਨ, ਜਿਸ ਕਾਰਨ ਨਵਜੋਤ ਸਿੱਧੂ ਉਨ੍ਹਾਂ ਨੂੰ ਚੰਨੀ ਬਾਈ ਕਹਿ ਕੇ ਪੁਕਾਰਣ ਦੀ ਬਜਾਏ ਸਤਿਕਾਰ ਨਾਲ ਨਾਮ ਲੈਣਾ ਸਿੱਖ ਲੈਣ। ਮਾਨ ਨੇ ਕਿਹਾ ਕਿ ਸਿੱਧੂ ਨੇ ਜੇਕਰ ਕਾਂਗਰਸ ਹਾਈਕਮਾਨ ਦਾ ਕੋਈ ਸੁਨੇਹਾ ਦੇਣਾ ਹੋਵੇ ਤਾਂ ਉਸ ਲਈ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਨਾਲ ਮੀਟਿੰਗ ਤੈਅ ਕੀਤੀ ਜਾ ਸਕਦੀ ਹੈ ਪਰ ਹਰ ਵੇਲੇ ਕਿਸੇ ਦੇ ਮੋਢਿਆਂ ’ਤੇ ਚੜੇ ਰਹਿਣਾ ਠੀਕ ਗੱਲ ਨਹੀਂ।
ਕੈਪਟਨ ਖੇਮੇ ਨੂੰ ਝਟਕਾ, ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਦਾ ਚੇਅਰਮੈਨ ਬਦਲਿਆ
NEXT STORY