ਅੰਮ੍ਰਿਤਸਰ (ਜਸ਼ਨ)- ਥਾਣਾ ਕੈਂਟੋਨਮੈਂਟ ਅਧੀਨ ਆਉਂਦੇ ਗੁਰੂ ਅਮਰਦਾਸ ਐਵੀਨਿਊ ਇਲਾਕੇ ਵਿਚ ਜਾਇਦਾਦ ਅਤੇ ਮਕਾਨ ਦੇ ਵਿਵਾਦ ਨੂੰ ਲੈ ਕੇ ਭਰਾ-ਭਰਜਾਈ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਘਰ ’ਤੇ ਹਮਲਾ ਕਰਨ ਅਤੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਕੈਂਟੋਨਮੈਂਟ ਦੀ ਪੁਲਸ ਨੇ ਪੀੜਤ ਦੀ ਸ਼ਿਕਾਇਤ ’ਤੇ ਮੁਲਜ਼ਮਾਂ ਸਰਬਜੀਤ ਸਿੰਘ ਵਾਸੀ ਹੋਲੀ ਇਨਕਲੇਵ, ਸੰਦੀਪ ਕੌਰ ਅਤੇ ਅਮਰਦੀਪ ਸਿੰਘ ਵਾਸੀ ਜੈਂਤੀਪੁਰ ਖ਼ਿਲਾਫ਼ ਗੰਭੀਰ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ-ਪੰਜਾਬ: ਵੱਡੇ ਹਾਦਸੇ ਨੇ ਉਜਾੜ'ਤਾ ਪਰਿਵਾਰ, ਘਰ 'ਚ ਪਿਓ-ਪੁੱਤ ਦੇ ਵਿੱਛੇ ਸੱਥਰ
ਪੁਲਸ ਨੂੰ ਦਿੱਤੇ ਗਏ ਬਿਆਨ ਵਿਚ ਸੁਖਪਾਲ ਸਿੰਘ ਵਾਸੀ ਮਕਾਨ ਨੰਬਰ 64-ਏ, ਗਲੀ ਨੰਬਰ 05, ਗੁਰੂ ਅਮਰਦਾਸ ਐਵੀਨਿਊ, ਏਅਰਪੋਰਟ ਰੋਡ, ਅੰਮ੍ਰਿਤਸਰ ਨੇ ਦੱਸਿਆ ਕਿ ਉਹ ਪਿਛਲੇ ਕੁਝ ਸਮੇਂ ਤੋਂ ਆਪਣੀ ਮਾਤਾ ਮਹਿੰਦਰ ਕੌਰ ਨਾਲ ਉਕਤ ਮਕਾਨ ਵਿਚ ਰਹਿ ਰਿਹਾ ਹੈ, ਜੋ ਕਿ ਉਸ ਦੀ ਮਾਤਾ ਨੇ ਉਸ ਦੇ ਨਾਂ ਕਰ ਦਿੱਤਾ ਸੀ। ਸ਼ਿਕਾਇਤਕਰਤਾ ਅਨੁਸਾਰ ਬੀਤੀ 8 ਅਕਤੂਬਰ 2026 ਨੂੰ ਦੁਪਹਿਰ ਲਗਭਗ 12:30 ਵਜੇ ਉਸ ਦਾ ਭਰਾ ਸਰਬਜੀਤ ਸਿੰਘ ਅਤੇ ਭਰਜਾਈ ਵਾਹਨਾਂ ’ਤੇ ਸਵਾਰ ਹੋ ਕੇ ਆਏ ਅਤੇ ਮੁੱਖ ਦਰਵਾਜ਼ਾ ਖੜਕਾਉਣ ਲੱਗੇ। ਜਦੋਂ ਅੰਦਰੋਂ ਦਰਵਾਜ਼ਾ ਨਹੀਂ ਖੋਲ੍ਹਿਆ ਗਿਆ, ਤਾਂ ਭਰਾ ਕੰਧ ਟੱਪ ਕੇ ਅੰਦਰ ਦਾਖ਼ਲ ਹੋਇਆ ਅਤੇ ਕਹੀ ਦੇ ਦਸਤੇ ਨਾਲ ਹਮਲਾ ਕਰ ਦਿੱਤਾ। ਬਚਾਅ ਕਰਦੇ ਸਮੇਂ ਇਹ ਵਾਰ ਸੁਖਪਾਲ ਸਿੰਘ ਦੀ ਗੁੱਟ ’ਤੇ ਲੱਗਿਆ। ਇਸ ਤੋਂ ਬਾਅਦ ਮੁਲਜ਼ਮਾਂ ਨੇ ਲਾਬੀ ਦਾ ਦਰਵਾਜ਼ਾ ਤੋੜ ਕੇ ਅੰਦਰ ਪ੍ਰਵੇਸ਼ ਕੀਤਾ ਅਤੇ ਕੁੱਟਮਾਰ ਕੀਤੀ, ਜਿਸ ਨਾਲ ਸੁਖਪਾਲ ਸਿੰਘ ਅਤੇ ਉਸ ਦੀ ਮਾਤਾ ਨੂੰ ਸੱਟਾਂ ਆਈਆਂ। ਵਿਚ-ਬਚਾਅ ਕਰਨ ਆਈ ਉਸ ਦੀ ਭੈਣ ਪ੍ਰਭਜੋਤ ਕੌਰ ਨਾਲ ਵੀ ਕੁੱਟਮਾਰ ਕਰਕੇ ਉਨ੍ਹਾਂ ਨੂੰ ਘਰੋਂ ਬਾਹਰ ਕੱਢ ਦਿੱਤਾ ਗਿਆ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਦੀ ਖਾਸ ਅਪਡੇਟ, ਜਾਣੋ ਆਉਣ ਵਾਲੇ ਦਿਨਾਂ ਦਾ ਹਾਲ
ਪੀੜਤ ਅਨੁਸਾਰ ਵਿਵਾਦ ਦੀ ਮੁੱਖ ਵਜ੍ਹਾ ਇਹ ਹੈ ਕਿ ਮੁਲਜ਼ਮ ਭਰਾ ਉਸ ਮਕਾਨ ’ਤੇ ਕਬਜ਼ਾ ਕਰਨਾ ਚਾਹੁੰਦਾ ਹੈ, ਜਿਸ ਦੇ ਚੱਲਦਿਆਂ ਉਹ ਲਗਾਤਾਰ ਉਨ੍ਹਾਂ ਨਾਲ ਕੁੱਟਮਾਰ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਘਰੋਂ ਬੇਦਖ਼ਲ ਕਰਨਾ ਚਾਹੁੰਦਾ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰ ਪਾਰਿਵਾਰਿਕ ਪੱਧਰ ’ਤੇ ਸਮਝੌਤੇ ਦੇ ਯਤਨ ਕੀਤੇ ਗਏ, ਜੋ ਅਸਫ਼ਲ ਰਹੇ। ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੀੜਤ ਦੇ ਬਿਆਨਾਂ ਅਤੇ ਮੈਡੀਕਲ ਰਿਪੋਰਟ ਦੇ ਆਧਾਰ ’ਤੇ ਮੁਲਜ਼ਮਾਂ ਖਿਲਾਫ ਬੀ. ਐੱਨ. ਐੱਸ. ਦੀਆਂ ਧਾਰਾਵਾਂ 333, 115 (2), 351 (2), ਅਤੇ 3 (5) ਤਹਿਤ ਥਾਣਾ ਕੈਂਟੋਨਮੈਂਟ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ। ਪੁਲਸ ਨੇ ਮਾਮਲੇ ਦੀ ਅੱਗੇ ਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
ਸਰਹੱਦ ਨੇੜਿਓਂ 4 ਕਿਲੋ ਹੈਰੋਇਨ, ਪਿਸਤੌਲ ਤੇ ਜ਼ਿੰਦਾ ਰੌਂਦ ਬਰਾਮਦ
NEXT STORY