ਤਰਨਤਾਰਨ, (ਆਹਲੂਵਾਲੀਆ)- ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰ ਯੂਨੀਅਨ ਜ਼ਿਲਾ ਤਰਨਤਾਰਨ ਕਮੇਟੀ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਦਫਤਰ ਸਿਵਲ ਸਰਜਨ ਤਰਨਤਾਰਨ ਅੱਗੇ ਆਗੂ ਹਰਜੀਤ ਕੌਰ ਚੋਹਲਾ ਸਾਹਿਬ ਦੀ ਅਗਵਾਈ ਹੇਠ ਰੋਸ ਧਰਨਾ ਦਿੱਤਾ ਗਿਆ।
ਧਰਨੇ ਨੂੰ ਸੰਬੋਧਨ ਕਰਦਿਆਂ ਡੀ. ਐੱਮ.ਐੱਫ. ਦੇ ਜ਼ਿਲਾ ਪ੍ਰਧਾਨ ਨਛੱਤਰ ਸਿੰਘ, ਸਕੱਤਰ ਕਰਮਜੀਤ ਸਿੰਘ ਕਲੇਰ, ਤਸਵੀਰ ਸਿੰਘ, ਗੁਲਜਾਰ ਸਿੰਘ ਲੌਹਕਾ ਨੇ ਕਿਹਾ ਕਿ ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰ ਸਿਹਤ ਵਿਭਾਗ ਦੀ ਰੀਡ਼ ਦੀ ਹੱਡੀ ਹਨ। ਜਿਨ੍ਹਾਂ ਦੀ ਮਿਹਨਤ ਸਦਕਾ ਆਮ ਲੋਕਾਂ ਦਾ ਵਿਭਾਗ ’ਚ ਹੋਰ ਭਰੋਸਾ ਵਧਿਆ ਹੈ। ਪਰ ਇਸ ਦੇ ਬਾਵਜੂਦ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀਆਂ ਲੰਮੇ ਸਮੇਂ ਤੋਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਨੇ ਸਰਕਾਰ ਪਾਸੋਂ ਮੰਗ ਕੀਤੀ ਕਿ ਹੋਰ ਮੰਗਾਂ ਤੋਂ ਇਲਾਵਾ ਆਸ਼ਾ ਵਰਕਰ ਨੂੰ ਘੱਟੋ-ਘੱਟ ਉਜਰਤਾ ਦੇ ਕਾਨੂੰਨ ਤਹਿਤ 8403 ਰੁਪਏ ਤੇ ਫੈਸਿਲੀਟੇਟਰਾਂ ਨੂੰ 18000 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇ। ਫਰਵਰੀ 2018 ਵਿਚ ਕਰਵਾਈ ਟ੍ਰੇਨਿੰਗ ਦਾ ਟੀ. ਏ., ਡੀ. ਏ. ਦੀ ਅਦਾਇਗੀ ਕੀਤੀ ਜਾਵੇ। ਵਾਧੂ ਕੰਮ ਲੈਣੇ ਬੰਦ ਕੀਤੇ ਜਾਣ। ਇਨਸੇਨਟਿਵ ਹਰ ਮਹੀਨੇ ਦੀ 7 ਤਰੀਕ ਤੋਂ ਪਹਿਲਾਂ ਦਿੱਤਾ ਜਾਵੇ ਆਦਿ।
ਇਸ ਮੌਕੇ ਮੁੱਖ ਮੰਤਰੀ ਤੇ ਸਿਹਤ ਮੰਤਰੀ ਪੰਜਾਬ ਦੇ ਨਾਂ ਮੰਗ-ਪੱਤਰ ਸਿਵਲ ਸਰਜਨ ਡਾ. ਸ਼ਮਸ਼ੇਰ ਸਿੰਘ ਨੂੰ ਸੌਂਪਿਆ। ਜਿਨ੍ਹਾਂ ਨੇ ਭਰੋਸਾ ਦਿੱਤਾ ਕਿ ਜ਼ਿਲੇ ਪੱਧਰੀ ਲੋਕਲ ਮੰਗਾਂ ਦਾ ਉਹ ਜਲਦੀ ਹੱਲ ਕਰਨਗੇ ਅਤੇ ਉਨ੍ਹਾਂ ਦਾ ਮੰਗ ਪੱਤਰ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਪੰਜਾਬ ਨੂੰ ਭੇਜ ਦਿੱਤੇ ਜਾਣਗੇ। ਇਸ ਮੌਕੇ ਹਰਜਿੰਦਰ ਕੌਰ, ਮਨਜੀਤ ਕੌਰ, ਕੁਲਵਿੰਦਰ ਕੌਰ, ਪਰਮਿੰਦਰ ਕੌਰ, ਦਲਬੀਰ ਕੌਰ, ਬਲਜੀਤ ਕੌਰ, ਸੁਮਨਪ੍ਰੀਤ ਕੌਰ, ਲਖਵਿੰਦਰ ਕੌਰ, ਸੰਦੀਪ ਕੌਰ, ਕੰਵਲਪ੍ਰੀਤ ਕੌਰ, ਅਮਰਜੀਤ ਕੌਰ, ਬਲਜਿੰਦਰ ਕੌਰ, ਕੁਲਦੀਪ ਕੌਰ ਆਦਿ ਹਾਜ਼ਰ ਸਨ।
ਪੰਜਾਬੀ ਅਖਬਾਰ ਦੇ ਪੱਤਰਕਾਰ ’ਤੇ ਕਾਤਲਾਨਾ ਹਮਲਾ
NEXT STORY