ਗੁਰਦਾਸਪੁਰ (ਹਰਮਨ) - ਹਲਕਾ ਕਾਦੀਆਂ ਦੇ ਪਿੰਡ ਰੰਧਾਵਾ ਕਾਲੋਨੀ ਦੇ 18 ਸਾਲਾ ਨੌਜਵਾਨ ਤਜਿੰਦਰ ਸਿੰਘ ਦੇ ਭੇਤਭਰੇ ਕਤਲ ਮਾਮਲੇ ਵਿਚ ਇਨਸਾਫ਼ ਦੀ ਮੰਗ ਨੂੰ ਲੈ ਕੇ ਪਿਛਲੇ 18 ਦਿਨਾਂ ਤੋਂ ਸੰਘਰਸ਼ ਕਰ ਰਹੇ ਪਰਿਵਾਰਕ ਮੈਂਬਰਾਂ ਅਤੇ ਇਲਾਕਾ ਵਾਸੀਆਂ ਨੇ ਅੱਜ ਥਾਣਾ ਕਾਹਨੂੰਵਾਨ ਦਾ ਘਿਰਾਓ ਕੀਤਾ।
ਇਸ ਰੋਸ ਪ੍ਰਦਰਸ਼ਨ ਵਿਚ ਮ੍ਰਿਤਕ ਦੀ ਮਾਤਾ ਨਰਿੰਦਰ ਕੌਰ, ਭੈਣ ਕਰਮਪ੍ਰੀਤ ਕੌਰ, ਕਿਸਾਨ ਜਥੇਬੰਦੀਆਂ, ਸਮਾਜ ਸੇਵੀ ਸੰਸਥਾਵਾਂ ਅਤੇ ਨਿਹੰਗ ਸਿੰਘ ਜਥੇਬੰਦੀਆਂ ਦੇ ਨੁਮਾਇੰਦੇ ਵੱਡੀ ਗਿਣਤੀ ਵਿਚ ਸ਼ਾਮਲ ਹੋਏ। ਧਰਨਾਕਾਰੀਆਂ ਨੇ ਥਾਣੇ ਦੇ ਬਾਹਰ ਪੰਜਾਬ ਪੁਲਸ ਅਤੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਪੁਲਸ ‘ਸਿਟ’ (ਵਿਸ਼ੇਸ਼ ਜਾਂਚ ਟੀਮ) ਦੀ ਜਾਂਚ ਦਾ ਹਵਾਲਾ ਦੇ ਕੇ ਪਰਿਵਾਰ ਨੂੰ ਲਗਾਤਾਰ ਖੱਜਲ-ਖੁਆਰ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਐੱਸ. ਐੱਸ. ਪੀ. ਦਫ਼ਤਰ ਗੁਰਦਾਸਪੁਰ ਦੇ ਘਿਰਾਓ ਸਮੇਂ ਮਿਲੇ ਭਰੋਸੇ ਦੇ 8 ਦਿਨ ਬੀਤ ਜਾਣ ਦੇ ਬਾਵਜੂਦ ਨਾ ਤਾਂ ਪੁਲਸ ਨੇ ਪਰਿਵਾਰ ਨਾਲ ਕੋਈ ਰਾਬਤਾ ਕੀਤਾ ਅਤੇ ਨਾ ਹੀ ਮਾਮਲੇ ਵਿਚ ਸ਼ਾਮਲ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਮੁੱਖ ਕਥਿਤ ਮੁਲਜ਼ਮ ਸੁਖਮਨਪ੍ਰੀਤ ਕੌਰ ਦੇ ਪੁਲਸ ਰਿਮਾਂਡ ਦੀ ਕਾਰਗੁਜ਼ਾਰੀ ’ਤੇ ਵੀ ਗੰਭੀਰ ਸਵਾਲ ਖੜ੍ਹੇ ਕੀਤੇ।
ਧਰਨਾਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਇਨਸਾਫ਼ ਨਾ ਮਿਲਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕਰਦਿਆਂ ਐੱਸ. ਐੱਸ. ਪੀ., ਆਈ. ਜੀ. ਅਤੇ ਪੰਜਾਬ ਸਰਕਾਰ ਦੇ ਮੰਤਰੀਆਂ ਦੀਆਂ ਗੱਡੀਆਂ ਰੋਕ ਕੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ।
ਦੂਜੇ ਪਾਸੇ ਥਾਣਾ ਮੁਖੀ ਕਾਹਨੂੰਵਾਨ ਕੁਲਦੀਪ ਸਿੰਘ ਨੇ ਦੱਸਿਆ ਕਿ ਪਰਿਵਾਰ ਦੀ ਮੰਗ ’ਤੇ 3 ਅਧਿਕਾਰੀਆਂ ਦੀ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਾਂਚ ਜਾਰੀ ਹੋਣ ਕਾਰਨ ਉਹ ਇਸ ਮੁੱਦੇ ’ਤੇ ਕੋਈ ਬਿਆਨ ਦੇਣ ਤੋਂ ਅਸਮਰੱਥ ਹਨ ਅਤੇ ਜਾਂਚ ਸਬੰਧੀ ਜਾਣਕਾਰੀ ਸਿਰਫ਼ ‘ਸਿਟ’ ਜਾਂ ਸੀਨੀਅਰ ਪੁਲਸ ਅਧਿਕਾਰੀ ਹੀ ਸਾਂਝੀ ਕਰ ਸਕਦੇ ਹਨ।
ਸੀ.ਐੱਮ ਦੇ OSD ਰਾਜਬੀਰ ਘੁੰਮਣ ਸਮੇਤ ਗੁਰਦਾਸਪੁਰ ਦੇ ਡਾ. ਰੋਮੀ ਰਾਜਾ ਦਾ ਨਾਮ ਵੀ ਪਰਚੇ ’ਚ ਸ਼ਾਮਲ
NEXT STORY