ਰਾਜਾਸਾਂਸੀ (ਨਿਰਵੈਲ) - ਪੰਜਾਬ ’ਚ ਕਣਕ ਦੀ ਕਟਾਈ ਤੋਂ ਬਾਅਦ ਕਿਸਾਨਾਂ ਦੁਆਰਾ ਨਾੜ ਨੂੰ ਖੇਤਾਂ ਵਿੱਚ ਸਾੜਨਾ ਸ਼ੁਰੂ ਕਰ ਦਿੱਤਾ ਜਾਂਦਾ ਹੈ, ਜਿਸ ਨਾਲ ਹਵਾ ਦਾ ਪ੍ਰਦੂਸ਼ਣ ਵਧ ਜਾਂਦਾ ਹੈ। ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ, ਜਿਸ ਨੂੰ ਰੋਕਣ ਦੀ ਜ਼ਰੂਰਤ ਹੈ। ਨਾੜ ਨੂੰ ਅੱਗ ਲਗਾ ਕੇ ਸਾੜਣ ਨਾਲ ਕਈ ਤਰ੍ਹਾਂ ਦੀਆਂ ਜ਼ਹਿਰੀਲੀਆਂ ਗੈਸਾਂ ਜਿਵੇਂ ਕਾਰਬਨ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ, ਮੀਥੇਨ, ਨਾਈਟਰਸ ਆਕਸਾਈਡ ਆਦਿ ਪੈਦਾ ਹੋਣਗੀਆਂ। ਇਸ ਕਾਰਨ ਮਨੁੱਖਾਂ ਵਿੱਚ ਸਾਹ, ਅੱਖਾਂ ਵਿੱਚ ਜਲਣ ਅਤੇ ਚਮੜੀ ਦੇ ਰੋਗਾਂ ਦਾ ਖਤਰਾ ਪੈਦਾ ਹੋ ਜਾਂਦਾ ਹੈ।
ਕਿਸਾਨ ਚਾਹੁੰਣ ਤਾਂ ਹੋ ਸਕਦੈ ਸੁਧਾਰ
ਆਮ ਕਰ ਕੇ ਕਣਕ ਦੀ ਕਟਾਈ ਤੋਂ ਬਾਅਦ ਰੀਪਰ ਨਾਲ 80-90 ਫੀਸਦੀ ਨਾੜ ਦੀ ਤੂੜੀ ਬਣਾ ਲਈ ਜਾਂਦੀ ਹੈ। ਬਹੁਤ ਘੱਟ ਨਾੜ ਦਾ ਹਿੱਸਾ ਖੇਤ ਵਿੱਚ ਬਚਦਾ ਹੈ, ਜਿਸ ਨੂੰ ਕਿਸਾਨਾਂ ਵੱਲੋਂ ਅੱਗ ਲਗਾ ਕੇ ਸਾੜ ਦਿੱਤਾ ਜਾਂਦਾ। ਇਸ ਬਚੇ ਨਾੜ ਨੂੰ ਸਾੜਣ ਬਾਰੇ ਕਿਸਾਨਾਂ ਦਾ ਕਹਿਣਾ ਹੈ ਕਿ ਜਦ ਝੋਨੇ ਦੀ ਲਵਾਈ ਤੋਂ ਪਹਿਲਾਂ ਕੱਦੂ ਕੀਤਾ ਜਾਂਦਾ ਹੈ ਤਾਂ ਨਾੜ ਪਾਣੀ ਉੱਪਰ ਤਰ ਆਉਂਦਾ ਹੈ। ਇਸ ਲਈ ਖੇਤ ਨੂੰ ਕੱਦੂ ਕਰਨ ਉਪਰੰਤ 4-6 ਘੰਟੇ ਤੱਕ ਖਾਲੀ ਛੱਡ ਦੇਣਾ ਚਾਹੀਦਾ। ਕਣਕ ਦੀ ਕਟਾਈ ਤੋਂ ਬਾਅਦ ਪਾਣੀ ਲਾਉਣ ਉਪਰੰਤ ਵੱਤਰ ਆਉਣ ’ਤੇ ਤਵੀਆਂ ਜਾਂ ਉਲਟਾਵੇਂ ਹੱਲ ਨਾਲ ਨਾੜ ਦੀ ਰਹਿੰਦ-ਖੂੰਹਦ ਨੂੰ ਵਾਹ ਕੇ ਜ਼ਮੀਨ ਵਿੱਚ ਜ਼ਮੀਨ ਵਿੱਚ ਦਬਾਇਆ ਜਾ ਸਕਦਾ ਹੈ ਤਾਂ ਜੋ ਜ਼ਮੀਨ ਦੀ ਸਿਹਤ ਨੂੰ ਸੁਧਾਰਿਆ ਜਾ ਸਕੇ ਅਤੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ।
ਕਈ ਤਰ੍ਹਾਂ ਦੀਆਂ ਫੈਲਦੀਆਂ ਹਨ ਸਾਹ ਦੀਆਂ ਬੀਮਾਰੀਆਂ
ਨਾੜ ਸਾੜਨ ਕਾਰਨ ਪੈਦਾ ਹੋਏ ਧੂੰਏਂ ਨਾਲ ਦਿਨ ਵੇਲੇ ਦੇਖਣ ਦੀ ਵੱਧ ਤੋਂ ਵੱਧ ਹੱਦ ਬਹੁਤ ਘੱਟ ਜਾਂਦੀ ਹੈ, ਜਿਸ ਕਾਰਨ ਸੜਕੀ ਦੁਰਘਟਨਾਵਾਂ ਵਧ ਜਾਂਦੀਆਂ ਹਨ ਅਤੇ ਕਈ ਕੀਮਤੀ ਮਨੁੱਖੀ ਜਾਨਾਂ ਅਜਾਈਂ ਚਲੀਆਂ ਜਾਂਦੀਆਂ ਹਨ। ਨਾੜ ਦੇ ਸੜਨ ਨਾਲ ਪੈਦਾ ਹੋਏ ਜ਼ਹਿਰੀਲੇ ਧੂੰਏ ਨਾਲ ਕਈ ਤਰ੍ਹਾਂ ਦੀਆਂ ਸਾਹ ਦੀਆਂ ਬੀਮਾਰੀਆਂ ਲੱਗ ਜਾਂਦੀਆਂ ਹਨ। ਡਾਕਟਰਾਂ ਅਨੁਸਾਰ ਪਿਛਲੇ ਦਸਾਂ ਸਾਲਾਂ ਦੌਰਾਨ ਪੰਜਾਬ ਵਿੱਚ ਨਾੜ ਅਤੇ ਝੋਨੇ ਦੀ ਪਰਾਲੀ ਸਾੜਣ ਨਾਲ ਅੱਖਾਂ ਦੀ ਜਲਣ ਅਤੇ ਸਾਹ ਦੇ ਮਰੀਜ਼ਾਂ ਦੀ ਗਿਣਤੀ ਵਿਚ ਭਾਰੀ ਵਾਧਾ ਦਰਜ ਕੀਤਾ ਗਿਆ ਹੈ। ਇਨਾਂ ਬੀਮਾਰੀਆਂ ਨਾਲ ਮਨੁੱਖ ਦੀ ਉਮਰ ਘੱਟ ਰਹੀ ਹੈ।
ਪੰਛੀ ਵੀ ਹੁੰਦੇ ਹਨ ਪ੍ਰਭਾਵਿਤ
ਬਹੁਤ ਸਾਰੇ ਕਿਸਾਨਾਂ ਦੇ ਮਿੱਤਰ ਪੰਛੀ ਆਪਣੇ ਪਰਿਵਾਰਕ ਵਾਧੇ ਲਈ ਆਂਡੇ ਖੇਤਾਂ ਤੇ ਖੇਤਾਂ ਦੀਆਂ ਵੱਟਾਂ ਉੱਪਰ ਦਿੰਦੇ ਹਨ ਅਤੇ ਇਨ੍ਹਾਂ ਅੰਡਿਆਂ ਤੋਂ ਪੈਦਾ ਹੋਣ ਵਾਲੇ ਬੱਚੇ ਜਨਮ ਤੋਂ ਪਹਿਲਾਂ ਅੱਗ ਨਾਲ ਸੜ ਕੇ ਖ਼ਤਮ ਹੋ ਜਾਂਦੇ ਹਨ। ਸੋ ਉਪਰੋਕਤ ਕਾਰਨਾਂ ਨੂੰ ਮੁੱਖ ਰੱਖਦਿਆਂ ਕਣਕ ਦੇ ਨਾੜ ਨੂੰ ਅੱਗ ਲਗਾਉਣ ਦੀ ਬਿਜਾਏ ਖੇਤ ਵਿੱਚ ਵਾਹ ਕੇ ਅਤੇ ਹਰੀ ਖਾਦ ਕਰ ਕੇ ਝੋਨੇ ਦੀ ਲਵਾਈ ਕਰਨੀ ਚਾਹੀਦੀ ਹੈ। ਹੁਣ ਕੁਝ ਕਿਸਾਨ ਸਵਾਲ ਕਰਦੇ ਹਨ ਕਿ ਨਾੜ ਨੂੰ ਕਿਵੇਂ ਸੰਭਾਲੀਏ, ਕਿਸਾਨ ਵੀਰੋ, ਕਣਕ ਦੀ ਕਟਾਈ ਤੋਂ ਬਾਅਦ ਵਧੇਰੇ ਕਰ ਕੇ ਕਣਕ ਦੇ ਨਾੜ ਦੀ ਤੂੜੀ ਬਣਾਉਣ ਤੋਂ ਬਾਅਦ ਬਹੁਤ ਘੱਟ ਨਾੜ ਖੇਤ ਵਿੱਚ ਬਚਦਾ ਹੈ। ਤੂੜੀ ਬਣਾਉਣ ਉਪਰੰਤ ਪਾਣੀ ਲਗਾ ਦੇਣਾ ਚਾਹੀਦਾ ਹੈ। ਵੱਤਰ ਆਉਣ ’ਤੇ ਤਵੀਆਂ ਜਾਂ ਰੋਟਾਵੇਟਰ ਜਾਂ ਉਲਟਾਵੀਂ ਹੱਲ ਨਾਲ ਵਾਹ ਕੇ 35 ਕਿਲੋ ਪ੍ਰਤੀ ਏਕੜ ਯੂਰੀਆ ਪਾ ਕੇ ਜੰਤਰ ਜਾਂ ਕੋਈ ਹੋਰ ਫਸਲ ਬੀਜ ਦੇਣੀ ਚਾਹੀਦੀ ਹੈ।
ਝੋਨਾ ਲਗਾਉਣ ਤੋਂ ਪਹਿਲਾਂ 2-3 ਵਾਰ ਪਾਣੀ ਲੱਗਣ ਨਾਲ ਸਾਰਾ ਨਾੜ ਗਲ ਜਾਵੇਗਾ : ਪ੍ਰਭਦੀਪ ਗਿੱਲ
ਖੇਤੀਬਾੜੀ ਵਿਸਥਾਰ ਅਫ਼ਸਰ ਪ੍ਰਭਦੀਪ ਸਿੰਘ ਗਿੱਲ ਚੇਤਨਪੁਰਾ ਵੱਲੋਂ ਸਰਕਲ ਦੇ ਵੱਖ-ਵੱਖ ਪਿੰਡਾ ’ਚ ਕਿਸਾਨਾਂ ਨੂੰ ਕਣਕ ਦੇ ਨਾੜ ਨੂੰ ਸਾੜਨ ਦੇ ਪ੍ਰਭਾਵ ਤੇ ਬਚਾਓ ਸਬੰਧੀ ਮੁੱਖ ਖੇਤੀ ਅਫ਼ਸਰ ਡਾ. ਕੁਲਜੀਤ ਸਿੰਘ ਤੇ ਏ. ਓ. ਡਾ. ਅਵਤਾਰ ਸਿੰਘ ਬੁੱਟਰ ਦੀ ਅਗਵਾਈ ਵਿੱਚ ਜਾਗਰੂਕ ਕੀਤਾ ਗਿਆ l ਇਸ ਮੌਕੇ ਵਿਸਥਾਰ ਅਫ਼ਸਰ ਪ੍ਰਭਦੀਪ ਸਿੰਘ ਗਿੱਲ ਚੇਤਨਪੁਰਾ ਦੇ ਨਾਲ ਸਬ ਇੰਸਪੈਕਟਰ ਮਨਦੀਪ ਸਿੰਘ ਤੇ ਆਦਿ ਕਿਸਾਨ ਹਾਜ਼ਰ ਸਨ।
ਸ. ਗਿੱਲ ਨੇ ਕਿਹਾ ਕਿ ਝੋਨਾ ਲਗਾਉਣ ਤੋਂ ਪਹਿਲਾਂ 2-3 ਵਾਰ ਪਾਣੀ ਲੱਗਣ ਨਾਲ ਸਾਰਾ ਨਾੜ ਗਲ ਜਾਵੇਗਾ। ਜੰਤਰ ਜਾਂ ਹੋਰ ਫ਼ਸਲ ਦੇ ਵਾਧੇ ਦੇ ਨਾਲ-ਨਾਲ ਨਦੀਨਾਂ ਦੇ ਬੀਜ ਵੀ ਉੱਗ ਪੈਂਦੇ ਹਨ। ਇਸ ਤਰ੍ਹਾਂ ਝੋਨੇ ਦੀ ਲਵਾਈ ਤੋਂ 1-2 ਦਿਨ ਪਹਿਲਾਂ ਖੇਤ ਵਿਚ ਜੰਤਰ ਨੂੰ ਰੋਟਾਵੇਟਰ ਜਾਂ ਤਵੀਆਂ ਨਾਲ ਵਾਹ ਕੇ ਹਰੀ ਖਾਦ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ ਝੋਨਾ ਲਾਉਣ ਤੋਂ ਪਹਿਲਾਂ ਯੂਰੀਆ ਖਾਦ ਪਾਉਣ ਦੀ ਜ਼ਰੂਰਤ ਨਹੀਂ ਪਵੇਗੀ। ਸੋ ਅਜਿਹਾ ਕਰਨ ਨਾਲ ਨਾਂ ਸਿਰਫ਼ ਵਧੇਰੇ ਪੈਦਾਵਾਰ ਹੀ ਮਿਲੇਗੀ ਸਗੋਂ ਜ਼ਮੀਨ ਦੀ ਸਿਹਤ ਵਿੱਚ ਸੁਧਾਰ ਕੀਤਾ ਜਾ ਸਕੇਗਾ। ਇਸ ਤੋਂ ਇਲਾਵਾ ਬਾਸਮਤੀ ਦੀ ਕਾਸ਼ਤ ਵਾਲੇ ਇਲਾਕਿਆਂ ਵਿੱਚ ਕਣਕ ਦੀ ਕਟਾਈ ਤੋਂ ਬਾਅਦ ਮੂੰਗੀ ਦੀ ਕਾਸ਼ਤ ਕੀਤੀ ਜਾ ਸਕਦੀ ਹੈ।
ਸੋ ਆਓ ਪ੍ਰਣ ਕਰੀਏ ਕਿ ਇਸ ਵਾਰ ਕਣਕ ਦੇ ਨਾੜ ਨੂੰ ਅੱਗ ਨਾ ਲਗਾ ਕੇ ਹਰੀ ਖਾਦ ਲਈ ਜੰਤਰ ਅਤੇ ਮੂੰਗੀ ਦੀ ਕਾਸ਼ਤ ਕਰਾਂਗੇ ਤਾਂ ਜੋ ਜ਼ਮੀਨ ਦੀ ਸਿਹਤ ਵਿੱਚ ਸੁਧਾਰ, ਆਮਦਨ ਵਿੱਚ ਵਾਧਾ ਕਰਨ ਦੇ ਨਾਲ-ਨਾਲ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਅ ਸਕੀਏ।
‘12ਵੀਂ ਦੇ ਵਿਦਿਆਰਥੀਆਂ ਨੂੰ ਮਾਨਸਿਕ ਪੀੜਾ ’ਚੋਂ ਬਾਹਰ ਕੱਢਿਆ ਜਾਵੇ, ਰੱਦ ਹੋਈਆਂ ਪ੍ਰੀਖਿਆਵਾਂ ਦੀ ਫੀਸ ਰਿਫੰਡ ਕਰਨ’
NEXT STORY