ਗੁਰਦਾਸਪੁਰ (ਹਰਮਨ) : ਕੋਰੋਨਾ ਮਹਾਮਾਰੀ ਕਾਰਣ ਪਿਛਲੇ ਕਰੀਬ ਢਾਈ ਮਹੀਨਿਆਂ ਤੋਂ ਬੱਸ ਸੇਵਾ ਬੰਦ ਰਹਿਣ ਦੇ ਬਾਅਦ ਆਖਿਰਕਾਰ ਮੁੜ ਬੱਸ ਸੇਵਾ ਸ਼ੁਰੂ ਹੋ ਗਈ ਹੈ। ਇਸ ਤਹਿਤ ਜ਼ਿਲਾ ਗੁਰਦਾਸਪੁਰ ਹੈੱਡਕੁਆਰਟਰ ਤੋਂ ਚੱਲੀਆਂ ਬੱਸਾਂ ਕਾਰਣ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਹੈ। ਦੂਜੇ ਪਾਸੇ ਬੱਸਾਂ ਦੀ ਆਵਾਜਾਈ ਸ਼ੁਰੂ ਹੋਣ ਦੇ ਬਾਵਜੂਦ ਅਜੇ ਵੀ ਬੱਸਾਂ 'ਚ ਸਫਰ ਕਰਨ ਵਾਲੀਆਂ ਸਵਾਰੀਆਂ ਦੀ ਗਿਣਤੀ ਘੱਟ ਹੈ। ਸਿਹਤ ਵਿਭਾਗ ਵਲੋਂ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਵਾਰੀਆਂ ਨੂੰ ਬੱਸਾਂ 'ਚ ਬਿਠਾਉਣ ਤੋਂ ਪਹਿਲਾਂ ਉਨ੍ਹਾਂ ਦੀ ਸਕਰੀਨਿੰਗ ਕੀਤੀ ਜਾ ਰਹੀ ਹੈ। ਇਥੋਂ ਤੱਕ ਕਿ ਬੱਸਾਂ ਚਾਲੂ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਸੈਨੇਟਾਈਜ਼ ਵੀ ਕਰਵਾਇਆ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਗੁਰਦਾਸਪੁਰ ਤੋਂ ਪਠਾਨਕੋਟ ਅਤੇ ਅੰਮ੍ਰਿਤਸਰ ਨੂੰ ਆਉਣ ਜਾਣ ਲਈ ਬੱਸ ਸੇਵਾ ਸ਼ੁਰੂ ਹੋਣ ਕਾਰਣ ਸਵਾਰੀਆਂ ਦੀ ਸਕਰੀਨਿੰਗ ਕਰਨ ਲਈ ਸਿਹਤ ਵਿਭਾਗ ਵਲੋਂ ਤਾਇਨਾਤ ਕੀਤੀ ਟੀਮ 'ਚ ਸ਼ਾਮਲ ਰਾਜੀਵ ਕੁਮਾਰ, ਪਵਨ ਕੁਮਾਰ ਨੇ ਸਵਾਰੀਆਂ ਦੀ ਸਕਰੀਨਿੰਗ ਕੀਤੀ। ਟੀਮ ਮੈਂਬਰਾਂ ਨੇ ਦੱਸਿਆ ਕਿ ਜਿਹੜੇ ਲੋਕ ਤੰਦਰੁਸਤ ਸਨ, ਉਨ੍ਹਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਨੂੰ ਮਾਸਕ ਪਾਉਣ, ਸਮਾਜਿਕ ਦੂਰੀ ਬਣਾ ਕੇ ਰੱਖਣ ਸਮੇਤ ਹੋਰ ਸਾਵਧਾਨੀਆਂ ਵਰਤਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ।
ਇਸ ਮੌਕੇ ਬੱਸ ਅੱਡਾ ਇੰਜਾਰਜ ਮੁੰਨਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ 'ਤੇ ਬੱਸਾਂ ਨੂੰ ਸ਼ੁਰੂ ਕੀਤਾ ਗਿਆ ਹੈ। ਬੱਸਾਂ 'ਚ ਸਫਰ ਕਰਨ ਵਾਲੇ ਲੋਕਾਂ ਨੂੰ ਵਿਸ਼ੇਸ਼ ਤੌਰ 'ਤੇ ਸਮਾਜਕ ਦੂਰੀ ਦੇ ਹਿਸਾਬ ਨਾਲ ਬੱਸਾਂ 'ਚ ਬੈਠਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਮਾਸਕ ਆਦਿ ਪਾਉਣ ਲਈ ਕੰਡਕਟਰ ਅਤੇ ਚਾਲਕ ਦਲ ਵਲੋਂ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਬੱਸਾਂ ਰੋਜ਼ਾਨਾਂ ਬੱਸ ਸਟੈਂਡ ਤੋਂ ਵੱਖ-ਵੱਖ ਸਟੇਸ਼ਨਾਂ ਲਈ ਆਮ ਦਿਨਾਂ ਵਾਂਗ ਚਲਣਗੀਆਂ।
ਕੋਰੋਨਾ ਵਾਇਰਸ : ਦੁਬਈ ਤੋਂ ਪਰਤੇ 6 ਲੋਕਾਂ ਨੂੰ ਸਿਹਤ ਵਿਭਾਗ ਨੇ 7 ਦਿਨਾਂ ਲਈ ਕੀਤਾ ਇਕਾਂਤਵਾਸ
NEXT STORY