ਅੰਮ੍ਰਿਤਸਰ, (ਛੀਨਾ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਚੋਂ ਫਾਰਗ ਕੀਤੇ ਗਏ ਮੁਲਾਜ਼ਮਾਂ ਦਾ ਨੌਕਰੀ ਬਹਾਲੀ ਦੀ ਮੰਗ ਨੂੰ ਲੈ ਕੇ ਅੱਜ ਦੂਜੇ ਦਿਨ ਵੀ ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਦੇ ਬਾਹਰ ਸ਼ਾਂਤਮਈ ਧਰਨਾ ਜਾਰੀ ਰਿਹਾ। ਇਸ ਮੌਕੇ ਸਤਿੰਦਰ ਸਿੰਘ ਭੱਟੀ ਤੇ ਤਰਸੇਮ ਸਿੰਘ ਨੇ ਕਿਹਾ ਕਿ ਚੌਥੇ ਪਾਤਿਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨਾ ’ਚ ਅਰਦਾਸ ਕਰਕੇ ਅਸੀਂ ਇਹ ਸ਼ਾਂਤਮਈ ਧਰਨਾ ਅਾਰੰਭ ਕੀਤਾ ਹੈ ਤੇ ਹੁਣ ਚਾਹੇ ਜਿੰਨੇ ਵੀ ਦਿਨ ਸਾਨੂੰ ਬੈਠਣਾ ਪਵੇ ਅਸੀਂ ਇਸ ਧਰਨੇ ’ਤੇ ਹਰ ਹੀਲੇ ਬੈਠਾਂਗੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਵਲੋਂ ਸਾਨੂੰ ਪਹਿਲਾਂ ਦੀ ਤਰ੍ਹਾਂ ਹੁਣ ਵੀ ਭਰਮਾਉਣ ਲਈ ਅਨੇਕਾਂ ਯਤਨ ਕੀਤੇ ਜਾ ਰਹੇ ਹਨ ਪਰ ਇਸ ਵਾਰ ਅਸੀਂ ਉਨ੍ਹਾਂ ਦੀਆਂ ਫਰੈਬੀ ਗੱਲਾਂ ’ਚ ਨਹੀਂ ਆਵਾਂਗੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਮਾਣਯੋਗ ਹਾਈਕੋਰਟ ਦਾ ਹਵਾਲਾ ਦੇ ਰਹੇ ਹਨ ਜਦਕਿ ਅਸੀਂ ਹਾਈਕੋਰਟ ਵੀ ਤਾਂ ਸ਼੍ਰੋਮਣੀ ਕਮੇਟੀ ਦੇ ਸਤਾਏ ਹੋਏ ਹੀ ਪੁੱਜੇ ਸਾਂ, ਜੇਕਰ ਸਾਡੀ ਨੌਕਰੀ ਬਹਾਲ ਕਰ ਦਿੱਤੀ ਜਾਂਦੀ ਹੈ ਤਾਂ ਅਸੀਂ ਉਸੇ ਵਕਤ ਕੇਸ ਵਾਪਸ ਲੈ ਲਵਾਂਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ’ਤੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਸਮੇਤ ਸਭ ਵਾਅਦੇ ਪੂਰੇ ਕਰਨ ਲਈ ਦਬਾਅ ਬਣਾਉਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਉਹ ਸਾਡੀ ਨੌਕਰੀ ਬਹਾਲ ਕਰਵਾਉਣ ਲਈ ਵੀ ਹੁਕਮ ਜਾਰੀ ਕਰਨ। ਉਨ੍ਹਾਂ ਕਿਹਾ ਕਿ ਇਸ ਸੰਘਰਸ਼ ’ਚ ਧਾਰਮਿਕ ਜਥੇਬੰਦੀਆਂ ਤੇ ਸਿੱਖ ਸੰਗਤਾਂ ਵਲੋਂ ਵੀ ਸਾਨੂੰ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ।
ਬੇਅਦਬੀ ਮਾਮਲਿਆਂ ਨੂੰ ਲੈ ਕੇ ਬਣੀ ਪੰਥਕ ਅਸੈਂਬਲੀ
NEXT STORY