ਅੰਮ੍ਰਿਤਸਰ (ਛੀਨਾ)—ਸ਼੍ਰੋਮਣੀ ਕਮੇਟੀ 'ਚੋਂ ਬੇਨਿਯਮੀਆਂ ਦਾ ਬਹਾਨਾ ਬਣਾ ਕੇ ਫਾਰਗ ਕੀਤੇ ਗਏ ਮੁਲਾਜ਼ਮਾਂ ਨੇ ਆਪਣੀ ਨੌਕਰੀ ਬਹਾਲ ਕਰਵਾਉਣ ਦੀ ਮੰਗ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਅੱਗੇ ਅਣਮਿੱਥੇ ਸਮੇਂ ਲਈ ਸ਼ਾਂਤਮਈ ਢੰਗ ਨਾਲ ਧਰਨਾ ਲਾ ਦਿੱਤਾ ਹੈ। ਇਸ ਮੌਕੇ ਗੱਲਬਾਤ ਕਰਦਿਆਂ ਸਤਿੰਦਰ ਸਿੰਘ ਭੱਟੀ, ਤਰਸੇਮ ਸਿੰਘ ਤੇ ਰਣਜੀਤ ਸਿੰਘ ਖਾਲੜਾ ਨੇ ਸਾਂਝੇ ਤੌਰ 'ਤੇ ਕਿਹਾ ਕਿ ਸ਼੍ਰੋਮਣੀ ਕਮੇਟੀ 'ਚੋਂ ਬੇਨਿਯਮੀਆਂ ਦਾ ਬਹਾਨਾ ਬਣਾ ਕੇ ਫਾਰਗ ਕੀਤੇ ਗਏ ਮੁਲਾਜ਼ਮਾਂਂ ਦੀ ਆਰਥਿਕ ਸਥਿਤੀ ਬੇਹੱਦ ਖਰਾਬ ਹੋ ਚੁੱਕੀ ਹੈ, ਜਿਨ੍ਹਾਂ ਲਈ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਰਨਾ ਵੀ ਔਖਾ ਹੋ ਗਿਆ ਹੈ ਪਰ ਦੁਖਦਾਈ ਗੱਲ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਬਾਕੀ ਅਹੁਦੇਦਾਰਾਂ ਨੂੰ ਇਨ੍ਹਾਂ ਮੁਲਾਜ਼ਮਾਂਂ 'ਤੇ ਕੋਈ ਤਰਸ ਨਹੀਂ ਆ ਰਿਹਾ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਕੁਝ ਅਹੁਦੇਦਾਰਾਂ ਨੇ ਆਪਸੀ ਨਿੱਜੀ ਰੰਜਿਸ਼ ਦਾ ਸਾਨੂੰ ਸ਼ਿਕਾਰ ਬਣਾਇਆ ਹੈ, ਜਦਕਿ ਅੱਤ ਦੀ ਮਹਿੰਗਾਈ ਦੇ ਯੁੱਗ 'ਚ 10 ਹਜ਼ਾਰ ਰੁਪਏ ਤੋਂ ਵੀ ਘੱਟ ਤਨਖਾਹ 'ਤੇ ਨੌਕਰੀ ਕਰਨ ਵਾਲਾ ਮੁਲਾਜ਼ਮ ਕਿਵੇਂ ਨਿਯਮਾਂ ਤੋਂ ਉਲਟ ਹੋ ਸਕਦਾ ਹੈ। ਸਿੱਖ ਕੌਮ ਦੇ ਹੱਕਾਂ ਤੇ ਹਿੱਤਾਂ ਦੀ ਰਾਖੀ ਕਰਨ ਦੇ ਦਾਅਵੇ ਕਰਨ ਵਾਲੇ ਬਾਦਲ ਪਰਿਵਾਰ ਨੂੰ ਵੀ ਅਸੀਂ ਹੁਣ ਤੱਕ ਕਈ ਵਾਰ ਨੌਕਰੀ ਬਹਾਲ ਕਰਨ ਲਈ ਫਰਿਆਦਾਂ ਕਰ ਚੁੱਕੇ ਹਾਂ ਪਰ ਉਨ੍ਹਾਂ ਨੇ ਵੀ ਸਾਡੀ ਕੋਈ ਸੁਣਵਾਈ ਨਹੀਂ ਕੀਤੀ। ਕਿਸੇ ਵੀ ਰਾਜ 'ਚ ਕੁਦਰਤੀ ਆਫਤ ਆਉਣ 'ਤੇ ਉਥੋਂ ਦੇ ਲੋਕਾਂ ਦੀ ਹਰ ਪੱਖੋਂ ਮਦਦ ਕਰ ਕੇ ਪੂਰੀ ਦੁਨੀਆ 'ਚ ਵਾਹ-ਵਾਹ ਖੱਟਣ ਵਾਲੀ ਸ਼੍ਰੋਮਣੀ ਕਮੇਟੀ ਨੂੰ ਆਪਣੇ ਫਾਰਗ ਹੋਏ ਮੁਲਾਜ਼ਮਾਂ ਦੀ ਬਦ ਤੋਂ ਬਦਤਰ ਹੋ ਚੁੱਕੀ ਹਾਲਤ ਕਿਉਂ ਨਹੀਂ ਦਿਖਾਈ ਦਿੰਦੀ।
ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਵੀ ਅਸੀਂ ਨੌਕਰੀ ਬਹਾਲੀ ਦੀ ਮੰਗ ਨੂੰ ਲੈ ਕੇ ਇਥੇ ਧਰਨਾ ਲਾਇਆ ਸੀ ਪਰ ਸ਼੍ਰੋਮਣੀ ਕਮੇਟੀ ਦੇ ਇਕ ਸਕੱਤਰ ਨੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨਾਲ ਸਾਡੀ ਮੀਟਿੰਗ ਕਰਵਾ ਕੇ ਮਸਲਾ ਹੱਲ ਕਰਵਾਉਣ ਦਾ ਭਰੋਸਾ ਦਿਵਾਇਆ ਸੀ, ਜਿਸ ਤੋਂ ਬਾਅਦ ਅਸੀਂ ਧਰਨਾ ਖਤਮ ਕਰ ਦਿੱਤਾ ਸੀ ਪਰ ਅੱਜ ਤੱਕ ਸਾਡੇ ਨਾਲ ਵਾਅਦਾ ਨਹੀਂ ਪੁਗਾਇਆ ਗਿਆ, ਜਿਸ ਕਾਰਨ ਸਾਨੂੰ ਹੁਣ ਅਣਮਿੱਥੇ ਸਮੇਂ ਲਈ ਧਰਨੇ 'ਤੇ ਬੈਠਣਾ ਪੈ ਰਿਹਾ ਹੈ।
ਇਸ ਮੌਕੇ ਸਤਿਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਸ਼ਾਂਤਮਈ ਢੰਗ ਨਾਲ ਧਰਨੇ 'ਤੇ ਬੈਠੇ ਸਤਿੰਦਰ ਸਿੰਘ ਭੱਟੀ, ਤਰਸੇਮ ਸਿੰਘ, ਰਣਜੀਤ ਸਿੰਘ ਖਾਲੜਾ, ਹਰਮਨਬੀਰ ਸਿੰਘ, ਗੁਰਜੀਤ ਸਿੰਘ ਥਾਂਦਾ, ਬੀਬੀ ਮਨਜੀਤ ਕੌਰ, ਬੀਬੀ ਹਰਜਿੰਦਰ ਕੌਰ, ਬੀਬੀ ਖੁਸ਼ਵੰਤ ਕੌਰ, ਬੀਬੀ ਰਾਜਵਿੰਦਰ ਕੌਰ, ਲਵਪ੍ਰੀਤ ਸਿੰਘ, ਬੇਅੰਤ ਸਿੰਘ, ਚਰਨਜੀਤ ਸਿੰਘ ਤੇ ਨਿਸ਼ਾਨ ਸਿੰਘ ਸਮੇਤ ਵੱਡੀ ਗਿਣਤੀ 'ਚ ਫਾਰਗ ਮੁਲਾਜ਼ਮਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਸਾਡੀ ਨੌਕਰੀ ਤਾਂ ਖੋਹ ਲਈ ਹੈ, ਹੁਣ ਭੁੱਖੇ ਮਰਨ ਦੀ ਬਜਾਏ ਅਸੀਂ ਆਪਣੀ ਨੌਕਰੀ ਬਹਾਲੀ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰਦੇ ਹੋਏ ਮਰਨਾ ਪਸੰਦ ਕਰਾਂਗੇ।
ਪੋਲਿੰਗ ਦੌਰਾਨ ਕਾਂਗਰਸ ਵੱਲੋਂ ਖੂਨ-ਖਰਾਬੇ ਦਾ ਖਦਸ਼ਾ : ਮਜੀਠੀਆ
NEXT STORY