ਬਟਾਲਾ, (ਬੇਰੀ, ਸਾਹਿਲ)- ਪਿੰਡ ਮਠੋਲਾ ਨੇਡ਼ੇ ਇਕ ਕਾਰ ਦੇ ਦਰੱਖਤ ਨਾਲ ਟਕਰਾਉਣ ਕਰ ਕੇ ਇਕ ਅੌਰਤ ਦੀ ਮੌਤ ਤੇ 4 ਜਣਿਆਂ ਦੇ ਜ਼ਖਮੀ ਹੋਣ ਦੀ ਖਬਰ ਹੈ। ਜਾਣਕਾਰੀ ਮੁਤਾਬਕ ਗੁਰਮੀਤ ਕੌਰ ਪਤਨੀ ਅਵਤਾਰ ਸਿੰਘ ਵਾਸੀ ਤੁਗਲਵਾਡ਼ਾ ਦੇ ਪੁੱਤਰ ਦੀ ਮੌਤ ਹੋ ਗਈ ਸੀ ਤੇ ਉਹ ਆਪਣੇ ਪਰਿਵਾਰ ਸਮੇਤ ਪੁੱਤਰ ਦੇ ਫੁੱਲ ਤਾਰ ਕੇ ਇਕ ਕਾਰ ਜਿਸ ਨੂੰ ਰਾਜਬੀਰ ਸਿੰਘ ਡਰਾਈਵਰ ਚਲਾ ਰਿਹਾ ਸੀ, ’ਚ ਵਾਪਸ ਆ ਰਹੇ ਸੀ ਤੇ ਜਦੋਂ ਸਵੇਰੇ ਲਾਈਟਾਂ ਵਾਲਾ ਚੌਕ ਸ੍ਰੀ ਹਰਗੋਬਿੰਦਪੁਰ ਤੋਂ ਤੁਗਲਵਾਲ ਨੂੰ ਜਾ ਰਹੀ ਸੀ ਕਿ ਪਈ ਧੁੰਦ ਕਾਰਨ ਪਿੰਡ ਮਠੋਲਾ ਨੇਡ਼ੇ ਦਰੱਖਤ ਨਾਲ ਜਾ ਟਕਰਾਈ ਜਿਸ ਦੇ ਸਿੱਟੇ ਵਜੋਂ ਕਾਰ ’ਚ ਸਵਾਰ ਗੁਰਮੀਤ ਕੌਰ ਪਤਨੀ ਅਵਤਾਰ ਸਿੰਘ ਦੀ ਮੌਤ ਹੋ ਗਈ ਜਦਕਿ ਬਾਕੀ ਕਾਰ ਸਵਾਰ ਅੌਰਤਾਂ ਕਸ਼ਮੀਰ ਕੌਰ ਪਤਨੀ ਚੰਨਣ ਸਿੰਘ ਵਾਸੀ ਹਰਚੋਵਾਲ, ਮਨਜੀਤ ਕੌਰ ਪਤਨੀ ਬਲਕਾਰ ਸਿੰਘ ਵਾਸੀ ਊਧਨਵਾਲ, ਜਸਬੀਰ ਕੌਰ ਪਤਨੀ ਦਿਲਬਾਗ ਸਿੰਘ ਵਾਸੀ ਖਾਨੋਵਾਲ, ਕਸ਼ਮੀਰ ਕੌਰ ਪਤਨੀ ਮਨਜੀਤ ਸਿੰਘ ਵਾਸੀ ਬਾਠਾਂਵਾਲੀ ਜ਼ਖਮੀ ਹੋ ਗਏ ਤੇ ਇਨ੍ਹਾਂ ਜ਼ਖਮੀਆਂ ਨੂੰ ਤੁਰੰਤ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਕਸ਼ਮੀਰ ਕੌਰ ਪਤਨੀ ਮਨਜੀਤ ਸਿੰਘ ਨੂੰ ਅੰਮ੍ਰਿਤਸਰ ਲਈ ਰੈਫਰ ਕਰ ਦਿੱਤਾ ਹੈ। ਜਦਕਿ ਕਾਰ ਡਰਾਈਵਰ ਰਾਜਬੀਰ ਸਿੰਘ ਵਾਲ ਵਾਲ ਬਚ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸ੍ਰੀ ਹਰਗੋਬਿੰਦਪੁਰ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਂਦਿਆਂ ਮ੍ਰਿਤਕਾ ਗੁਰਮੀਤ ਕੌਰ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਭੇਜ ਦਿੱਤਾ ਹੈ। ਖਬਰ ਲਿਖੇ ਜਾਣ ਤੱਕ ਪੁਲਸ ਕਾਰਵਾਈ ਜਾਰੀ ਸੀ।
ਫੈਕਟਰੀ ਨੂੰ ਬੰਦ ਕਰਾਉਣ ਲਈ ਕੀਤਾ ਰੋਸ ਪ੍ਰਦਰਸ਼ਨ
NEXT STORY