ਅੰਮ੍ਰਿਤਸਰ, (ਜਸ਼ਨ)- ਐੱਨ. ਆਰ. ਆਈ. ਸੀਨੀਅਰ ਸਿਟੀਜ਼ਨ ਗਿਆਨ ਸਿੰਘ ਚਾਵਲਾ ਦੇ ਜਨਤਾ ਕਾਲੋਨੀ ਸਥਿਤ ਘਰ ਦੇ ਜਾਅਲੀ ਦਸਤਾਵੇਜ਼ ਤਿਆਰ ਕਰ ਕੇ ਉਸ ਦੇ ਵੱਡੇ ਪੁੱਤਰ ਪਰਮਜੀਤ ਸਿੰਘ ਚਾਵਲਾ ਤੇ ਨੂੰਹ ਇੰਦਰਜੀਤ ਕੌਰ ਚਾਵਲਾ ਵੱਲੋਂ ਹਡ਼ੱਪਣ ਦੇ ਬਹੁਚਰਚਿਤ ਮਾਮਲੇ ’ਚ ਉਸ ਸਮੇਂ ਨਵਾਂ ਮੋਡ਼ ਆ ਗਿਆ, ਜਦੋਂ ਉਸ ਦੇ ਜਾਅਲੀ ਦਸਤਾਵੇਜ਼ ਤਿਆਰ ਕਰਨ ਵਾਲੇ ਮੁਲਜ਼ਮ ਸਰਬਜੀਤ ਸਿੰਘ ਉਰਫ ਟਿੰਕੂ ਪੁੱਤਰ ਚਰਨਜੀਤ ਸਿੰਘ ਵਾਸੀ ਸ਼ਰੀਫਪੁਰਾ ਦੁਆਰਾ ਦਰਜ ਕੀਤੀ ਗਈ ਅਗਾਊਂ ਜ਼ਮਾਨਤ ਜ਼ਿਲਾ ਅਤੇ ਸੈਸ਼ਨ ਜੱਜ ਹਰਬੰਸ ਸਿੰਘ ਲੇਖੀ ਦੀ ਅਦਾਲਤ ਨੇ ਰੱਦ ਕਰਦਿਅਾਂ ਸਿਰੇ ਤੋਂ ਖਾਰਿਜ ਕਰ ਦਿੱਤੀ।
ਵਰਣਨਯੋਗ ਹੈ ਕਿ ਇਹ ਸਾਰਾ ਮਾਮਲਾ ਬੀਤੇ ਸਾਲ ਮੀਡੀਆ ’ਚ ਕਾਫ਼ੀ ਉਠਿਆ ਸੀ ਅਤੇ ਇਸ ਦੇ ਨਾਲ ਹੀ ਇਹ ਸਾਰਾ ਮਾਮਲਾ ਸੀ. ਐੱਮ. ਕੈਪਟਨ ਦੇ ਨਾਲ-ਨਾਲ ਉੱਚ ਪੁਲਸ ਅਧਿਕਾਰੀਅਾਂ ਦੇ ਦਰਬਾਰ ਤੱਕ ਵੀ ਪਹੁੰਚਿਆ ਸੀ। ਇਸ ਤੋਂ ਬਾਅਦ ਸਿਵਲ ਲਾਈਨ ਪੁਲਸ ਨੇ 3 ਮਹੀਨੇ ਦੀ ਤਫਤੀਸ਼ ਤੋਂ ਬਾਅਦ ਇੰਦਰਜੀਤ ਕੌਰ ਚਾਵਲਾ ਤੇ ਉਸ ਦੇ ਪਤੀ ਪਰਮਜੀਤ ਸਿੰਘ ਚਾਵਲਾ ਵੱਲੋਂ ਗ਼ੈਰ-ਕਾਨੂੰਨੀ ਤੇ ਜਾਅਲਸਾਜ਼ੀ ਕਰ ਕੇ ਦਸਤਾਵੇਜ਼ ਬਣਾਉਣ ਦੇ ਦੋਸ਼ ’ਚ ਇੰਦਰਜੀਤ ਕੌਰ ਚਾਵਲਾ ਤੇ ਉਸ ਦੇ ਪਤੀ ਪਰਮਜੀਤ ਸਿੰਘ ਚਾਵਲਾ ’ਤੇ ਧਾਰਾ 420 ਤੇ 120-ਬੀ ਤਹਿਤ ਮਾਮਲਾ ਵੀ ਦਰਜ ਕੀਤਾ। ਇਸ ਤੋਂ ਬਾਅਦ ਜਾਂਚ ਜਦੋਂ ਈ. ਓ. ਵਿੰਗ ਕੋਲ ਪਹੁੰਚੀ ਤਾਂ ਇਸ ਮਾਮਲੇ ਦੇ ਜਾਂਚ ਅਧਿਕਾਰੀ ਏ. ਐੱਸ. ਆਈ. ਵਿਜੇ ਕੁਮਾਰ ਨੇ ਇਸ ਸਾਰੇ ਮਾਮਲੇ ਦੀ ਅੱਗੇ ਜਾਂਚ ਵਿਚ ਪਾਇਆ ਕਿ ਗ਼ੈਰ-ਕਾਨੂੰਨੀ ਤੌਰ ’ਤੇ ਉਕਤ ਸਾਰੇ ਦਸਤਾਵੇਜ਼ ਸ਼ਰੀਫਪੁਰਾ ਵਾਸੀ ਸਰਬਜੀਤ ਸਿੰਘ ਉਰਫ ਟਿੰਕੂ ਪੁੱਤਰ ਚਰਨਜੀਤ ਸਿੰਘ ਨੇ ਤਿਆਰ ਕੀਤੇ ਸਨ।
ਜਾਂਚ ’ਚ ਇਹ ਵੀ ਸਾਹਮਣੇ ਆਇਆ ਕਿ ਵਸੀਕਾ ਨਵੀਸ ਰਮੇਸ਼ ਚੰਦਰ ਦੇ ਦਸਤਖਤ ਵੀ ਦੋਸ਼ੀ ਸਰਬਜੀਤ ਸਿੰਘ ਉਰਫ ਟਿੰਕੂ ਨੇ ਆਪ ਹੀ ਕੀਤੇ ਤੇ ਰਜਿਸਟਰ ’ਤੇ ਜੋ ਐਂਟਰੀ ਪਾਈ ਉਹ ਵੀ ਟਿੰਕੂ ਨੇ ਹੀ ਆਪਣੇ ਹੱਥਾਂ ਨਾਲ ਪਾਈ। ਇਥੇ ਹੀ ਬਸ ਨਹੀਂ, ਦੋਸ਼ੀ ਟਿੰਕੂ ਖੁਦ ਹੀ ਇਸ ਘਰ ਦੀ ਜਾਅਲੀ ਰਜਿਸਟਰੀ ਦਾ ਗਵਾਹ ਵੀ ਬਣਿਆ। ਉਥੇ ਹੀ ਖਾਸ ਗੱਲ ਇਹ ਹੈ ਕਿ ਦੋਸ਼ੀ ਟਿੰਕੂ ਇਸ ਸਾਰੇ ਮਾਮਲੇ ਦੇ ਮੁੱਖ ਦੋਸ਼ੀ ਇੰਦਰਜੀਤ ਕੌਰ ਚਾਵਲਾ ਤੇ ਪਰਮਜੀਤ ਸਿੰਘ ਚਾਵਲਾ ਦਾ ਰਿਸ਼ਤੇਦਾਰ ਹੈ। ਮਾਣਯੋਗ ਜੱਜ ਨੇ ਇਸ ਸਾਰੇ ਮਾਮਲੇ ਦੀ ਕਾਫ਼ੀ ਲੰਮੀ ਬਹਿਸ ਸੁਣਨ ਉਪਰੰਤ ਇਹ ਅਹਿਮ ਫੈਸਲਾ ਸੁਣਾਇਆ। ਵਰਣਨਯੋਗ ਹੈ ਕਿ ਇਸ ਮਾਮਲੇ ਦੀ ਮੁੱਖ ਦੋਸ਼ੀ ਇੰਦਰਜੀਤ ਕੌਰ ਚਾਵਲਾ ਜ਼ਮਾਨਤ ’ਤੇ ਹੈ ਤੇ ਉਸ ਦਾ ਪਤੀ ਦੇਸ਼ ਛੱਡ ਕੇ ਕੈਨੇਡਾ ਭੱਜ ਗਿਆ ਹੈ, ਜਿਸ ਕਰ ਕੇ ਅਦਾਲਤ ਨੇ ਉਸ ਨੂੰ ਭਗੌਡ਼ਾ ਵੀ ਐਲਾਨਿਆ ਹੋਇਆ ਹੈ।
®ਕੀ ਸੀ ਮਾਮਲਾ : ਮਾਮਲੇ ਬਾਰੇ ਦੱਸਦਿਅਾਂ ਐੱਨ. ਆਰ. ਆਈ. ਸੀਨੀਅਰ ਸਿਟੀਜ਼ਨ ਗੁਰਦੀਪ ਕੌਰ ਚਾਵਲਾ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਗਿਆਨ ਸਿੰਘ ਚਾਵਲਾ ਦੇ ਨਾਂ ’ਤੇ 93 ਜਨਤਾ ਕਾਲੋਨੀ ਮਕਬੂਲ ਰੋਡ ਗਰੀਨ ਐਵੀਨਿਊ ਦੀ ਮਲਕੀਅਤ ਸੀ, ਜਦੋਂ ਉਹ ਸਾਲ 1988 ’ਚ ਕੈਨੇਡਾ ਗਏ ਤਾਂ ਉਕਤ ਮਕਾਨ ਦੀਆਂ ਕਿਸ਼ਤਾਂ ਖਤਮ ਹੋਣ ਉਪਰੰਤ ਘਰ ਦੀ ਰਜਿਸਟਰੀ ਆਪਣੇ ਨਾਂ (ਗਿਆਨ ਸਿੰਘ ਚਾਵਲਾ) ’ਤੇ ਕਰਵਾਉਣ ਲਈ ਆਪਣੇ ਵੱਡੇ ਪੁੱਤਰ ਪਰਮਜੀਤ ਸਿੰਘ ਚਾਵਲਾ ਨੂੰ ਇਕ ਮੁਖਤਿਆਰਨਾਮਾ ਲਿਖ ਕੇ ਗਏ, ਜਿਸ ਵਿਚ ਸਾਫ਼ ਤੌਰ ’ਤੇ ਲਿਖਿਆ ਗਿਆ ਸੀ ਕਿ ਉਹ ਸਿਰਫ ਗਿਆਨ ਸਿੰਘ ਚਾਵਲਾ ਦੇ ਨਾਂ ’ਤੇ ਉਕਤ ਘਰ ਦੀ ਰਜਿਸਟਰੀ ਕਰਵਾਉਣ ਲਈ ਨਗਰ ਸੁਧਾਰ ਟਰੱਸਟ ਨੂੰ ਸਿਰਫ ਪੱਤਰ ਲਿਖ ਸਕਦਾ ਹੈ। ਇਸ ਤੋਂ ਬਾਅਦ ਪਰਮਜੀਤ ਸਿੰਘ ਚਾਵਲਾ ਨੇ ਉਕਤ ਘਰ ਦੀ ਰਜਿਸਟਰੀ 1989 ’ਚ ਆਪਣੇ ਪਿਤਾ ਯਾਨੀ ਗਿਆਨ ਸਿੰਘ ਚਾਵਲਾ ਦੇ ਨਾਂ ’ਤੇ ਬਣਵਾ ਦਿੱਤੀ।
ਖਾਸ ਗੱਲ ਇਹ ਹੈ ਕਿ ਇਸ ਤੋਂ 25 ਸਾਲ ਬਾਅਦ ਪਰਮਜੀਤ ਸਿੰਘ ਚਾਵਲਾ ਨੇ ਉਸ ਪੁਰਾਣੇ ਮੁਖਤਿਆਰਨਾਮੇ ’ਚ (ਜਿਸ ’ਚ ਉਸ ਨੇ ਉਕਤ ਘਰ ਕਿਸੇ ਨੂੰ ਵੇਚਣ ਦੇ ਕੋਈ ਹੱਕ ਹੀ ਨਹੀਂ ਦਿੱਤੇ ਸਨ) ਜਾਅਲਸਾਜ਼ੀ ਕਰ ਕੇ ਉਕਤ ਘਰ ਦੀ ਰਜਿਸਟਰੀ ਆਪਣੀ ਪਤਨੀ ਇੰਦਰਜੀਤ ਕੌਰ ਚਾਵਲਾ ਦੇ ਨਾਂ ’ਤੇ ਬਣਵਾ ਦਿੱਤੀ। ਇਸ ਦੌਰਾਨ ਜਦੋਂ ਕੁਝ ਹੀ ਮਹੀਨਿਅਾਂ ਬਾਅਦ ਗਿਆਨ ਸਿੰਘ ਚਾਵਲਾ ਭਾਰਤ ਆਏ ਤਾਂ ਉਨ੍ਹਾਂ ਨੂੰ ਆਪਣੀ ਮਲਕੀਅਤ ਦੇ ਨਾਲ ਹੋਈ ਇਸ ਸਾਰੀ ਜਾਅਲਸਾਜ਼ੀ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਇਸ ਦੀ ਸ਼ਿਕਾਇਤ ਸਬੰਧਤ ਤਹਿਸੀਲਦਾਰ ਨੂੰ ਕੀਤੀ ਤੇ ਇਸ ਤੋਂ ਬਾਅਦ ਪਰਮਜੀਤ ਸਿੰਘ ਚਾਵਲਾ ਤੇ ਇੰਦਰਜੀਤ ਕੌਰ ਚਾਵਲਾ ਵਿਰੁੱਧ ਸਿਵਲ ਕੇਸ ਵੀ ਦਰਜ ਕਰਵਾਇਆ।
®ਇਸ ਤੋਂ ਬਾਅਦ ਐੱਨ. ਆਰ. ਆਈ. ਗਿਆਨ ਸਿੰਘ ਚਾਵਲਾ ਦੀ ਪਤਨੀ ਗੁਰਦੀਪ ਕੌਰ ਚਾਵਲਾ ਨੇ ਸੀ. ਐੱਮ. ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ ਉੱਚ ਪੁਲਸ ਅਧਿਕਾਰੀਅਾਂ ਕੋਲੋਂ ਇਸ ਜਾਅਲਸਾਜ਼ੀ ਬਾਰੇ ਲਿਖਤੀ ਤੌਰ ’ਤੇ ਸ਼ਿਕਾਇਤ ਕਰ ਕੇ ਇਨਸਾਫ ਦੀ ਮੰਗ ਕੀਤੀ ਸੀ। 3 ਮਹੀਨੇ ਤੱਕ ਚੱਲੀ ਤਫਤੀਸ਼ ਤੋਂ ਬਾਅਦ ਪੁਲਸ ਕਮਿਸ਼ਨਰ ਐੱਸ. ਐੱਸ. ਸ਼੍ਰੀਵਾਸਤਵ ਦੇ ਹੁਕਮਾਂ ’ਤੇ ਸਿਵਲ ਲਾਈਨਸ ਦੀ ਪੁਲਸ ਨੇ ਇਹ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਤੇ ਇਸ ਦੀ ਅੱਗੋਂ ਦੀ ਤਫਤੀਸ਼ ਈ. ਓ. ਵਿੰਗ ਪੁਲਸ ਨੂੰ ਸੌਂਪੀ ਸੀ।
ਐੱਨ. ਆਰ. ਆਈ. ਲੋਕਾਂ ਨਾਲ ਅਜਿਹੇ ਮਾਮਲੇ ਕਾਫ਼ੀ ਸਾਹਮਣੇ ਆ ਰਹੇ ਹਨ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਇਸ ਅਹਿਮ ਮਾਮਲੇ ’ਚ ਦੋਸ਼ੀ ਪਰਮਜੀਤ ਸਿੰਘ ਚਾਵਲਾ ਤੇ ਉਸ ਦੀ ਪਤਨੀ ਇੰਦਰਜੀਤ ਕੌਰ ਚਾਵਲਾ ਨੇ ਸਾਰੇ ਰਿਸ਼ਤਿਆਂ ਨੂੰ ਤਾਕ ’ਤੇ ਰੱਖ ਕੇ ਆਪਣੇ ਹੀ ਬਜ਼ੁਰਗ ਗਿਆਨ ਸਿੰਘ ਚਾਵਲਾ ਨਾਲ ਧੋਖਾਦੇਹੀ ਕੀਤੀ ਹੈ। ਉਥੇ ਹੀ ਜੱਜ ਐੱਚ. ਐੱਸ. ਲੇਖੀ ਨੇ ਗ਼ੈਰ-ਕਾਨੂੰਨੀ ਤੇ ਜਾਅਲੀ ਦਸਤਾਵੇਜ਼ ਤਿਆਰ ਕਰਨ ਵਾਲੇ ਸਰਬਜੀਤ ਸਿੰਘ ਉਰਫ ਟਿੰਕੂ ਪੁੱਤਰ ਚਰਨਜੀਤ ਸਿੰਘ ਦੀ ਐਂਟੀਸਪੈਟਰੀ ਜ਼ਮਾਨਤ ਰੱਦ ਕਰ ਕੇ ਸ਼ਲਾਘਾਯੋਗ ਕੰਮ ਕੀਤਾ ਹੈ। ਇਸ ਨਾਲ ਸ਼ਿਕਾਇਤਕਰਤਾ ਲਈ ਇਨਸਾਫ ਦੀ ਇਕ ਕਿਰਨ ਜਾਗੀ ਹੈ।
–ਐਡਵੋਕੇਟ ਪਰਮਿੰਦਰ ਸਿੰਘ ਸੇਠੀ,
ਸਾਬਕਾ ਪ੍ਰਧਾਨ ਬਾਰ ਐਸੋ. ਅੰਮ੍ਰਿਤਸਰ
ਸਾਈਕਲ ਰਿਪੇਅਰ ਦੀ ਆਡ਼ ’ਚ ਚਾਈਨਾ ਡੋਰ ਵੇਚਦਾ ਗ੍ਰਿਫਤਾਰ
NEXT STORY