ਗੁਰਦਾਸਪੁਰ, (ਹਰਮਨਪ੍ਰੀਤ)- ਗੁਰਦਾਸਪੁਰ ਜ਼ਿਲਾ ਹੈੱਡ-ਕੁਆਰਟਰ ’ਤੇ ਕਰੋਡ਼ਾਂ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਜ਼ਿਲਾ ਪ੍ਰਬੰਧਕੀ ਕੰਪਲੈਕਸ ਬੇਸ਼ੱਕ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਤੋਂ ਇਲਾਵਾ ਆਮ ਲੋਕਾਂ ਲਈ ਕਾਫੀ ਲਾਹੇਵੰਦ ਸਿੱਧ ਹੋ ਰਿਹਾ ਹੈ ਪਰ ਇਸ ਕੰਪਲੈਕਸ ਦੇ ਮੁੱਖ ਗੇਟ ਦੇ ਸਾਹਮਣੇ ਪਿਆ ਵੱਡਾ ਟੋਇਆ ਨਾ ਸਿਰਫ ਇਸ ਕੰਪਲੈਕਸ ਦੀ ਸੁੰਦਰਤਾ ਨੂੰ ਗ੍ਰਹਿਣ ਲਗਾ ਰਿਹਾ ਹੈ, ਸਗੋਂ ਇਸ ਟੋਏ ਕਾਰਨ ਰੋਜ਼ਾਨਾ ਇੱਥੇ ਆਉਣ ਵਾਲੇ ਸੈਂਕਡ਼ੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਸਰਕਾਰ ਨੇ ਕਰੋਡ਼ਾਂ ਰੁਪਏ ਦੀ ਲਾਗਤ ਨਾਲ ਕੰਪਲੈਕਸ ਤਾਂ ਬਣਾ ਦਿੱਤਾ ਪਰ ਇਸ ਕੈਪਲੈਕਸ ਨੂੰ ਬੱਸੇ ਅੱਡੇ ਨਾਲ ਜੋਡ਼ਨ ਵਾਲੀ ਅੱਧਾ ਕਿਲੋਮੀਟਰ ਸਡ਼ਕ ਦੀ ਮੁਰੰਮਤ ਨਹੀਂ ਕਰਵਾ ਸਕੀ।
ਮੌਜੂਦਾ ਸਮੇਂ ’ਚ ਸਥਿਤੀ ਇਹ ਬਣ ਚੁੱਕੀ ਹੈ ਕਿ ਕੈਪਲੈਕਸ ਦੇ ਮੁੱਖ ਗੇਟ ਸਾਹਮਣੇ ਪਿਆ ਟੋਇਆ ਏਨਾ ਡੂੰਘਾ ਹੋ ਚੁੱਕਾ ਹੈ ਕਿ ਛੋਟੀਆਂ ਕਾਰਾਂ ਅਤੇ ਹੋਰ ਵਾਹਨਾਂ ਦੇ ਬੰਪਰ ਕੰਪਲੈਕਸ ’ਚੋਂ ਬਾਹਰ ਨਿਕਲਣ ਸਮੇਂ ਹੇਠਾਂ ਲੱਗਣੇ ਸ਼ੁਰੂ ਹੋ ਗਏ ਹਨ। ਜਿਸ ਕਾਰਨ ਕਈ ਲੋਕਾਂ ਦਾ ਭਾਰੀ ਨੁਕਸਾਨ ਹੋ ਚੁੱਕਿਆ ਹੈ। ਇੰਨਾ ਹੀ ਨਹੀਂ ਜਦੋਂ ਮੀਂਹ ਦਾ ਪਾਣੀ ਇਸ ਟੋਏ ਵਿਚ ਜਮ੍ਹਾ ਹੋ ਜਾਂਦਾ ਹੈ ਤਾਂ ਦੋ-ਪਹੀਆ ਵਾਹਨਾਂ ਦੇ ਚਾਲਕ ਇੱਥੇ ਡਿੱਗ ਕੇ ਸੱਟਾਂ ਲਵਾ ਚੁੱਕੇ ਹਨ। ਇਸਦੇ ਨਾਲ ਟੋਏ ਦੀ ਡੂੰਘਾਈ ਵਧਣ ਕਾਰਨ ਕੰਪਲੈਕਸ ਦੇ ਗੇਟ ਸਾਹਮਣੇ ਰੈਂਪ ਦੀ ਉੱਚਾਈ ਵੀ ਬਹੁਤ ਜ਼ਿਆਦਾ ਹੋ ਗਈ ਹੈ, ਜਿਸ ਕਾਰਨ ਗੱਡੀਆਂ ਨੂੰ ਅੰਦਰ ਜਾਣ ਮੌਕੇ ਮੁਸ਼ਕਲ ਪੇਸ਼ ਆਉਂਦੀ ਹੈ।
ਸ਼ਹਿਰ ਵਾਸੀਆਂ ਨੇ ਰੋਹ ਭਰੇ ਲਹਿਜੇ ’ਚ ਕਿਹਾ ਕਿ ਉੱਚ ਅਧਿਕਾਰੀਆਂ ਦੀਆਂ ਗੱਡੀਆਂ ਦੇ ਆਉਣ-ਜਾਣ ਲਈ ਹੋਰ ਦੋ ਗੇਟ ਬਣਾਏ ਗਏ ਹਨ, ਜਿਸ ਕਾਰਨ ਇਸ ਗੇਟ ਰਾਹੀਂ ਕੋਈ ਵਿਰਲਾ ਉੱਚ ਅਧਿਕਾਰੀ ਹੀ ਗੁਜ਼ਰਦਾ ਹੈ। ਇਸ ਕਾਰਨ ਆਮ ਲੋਕਾਂ ਦੀ ਇਸ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਮੁੱਚੇ ਜ਼ਿਲੇ ਦੇ ਲੋਕ ਰੋਜ਼ਾਨਾ ਇਸ ਕੰਪਲੈਕਸ ਵਿਚ ਕੰਮਕਾਜ ਕਰਵਾਉਣ ਲਈ ਆਉਂਦੇ ਹਨ ਅਤੇ ਸੈਂਕਡ਼ੇ ਕਰਮਚਾਰੀਆਂ ਦਾ ਵੀ ਕੰਪਲੈਕਸ ਵਿਚ ਆਉਣਾ-ਜਾਣਾ ਲੱਗਾ ਰਹਿੰਦਾ ਹੈ, ਇਸ ਲਈ ਉਨ੍ਹਾਂ ਡਿਪਟੀ ਕਮਿਸ਼ਨਰ ਵਿਪੁਲ ਉਜਵਲ ਕੋਲੋਂ ਮੰਗ ਕੀਤੀ ਕਿ ਸਬੰਧਿਤ ਅਧਿਕਾਰੀਆਂ ਨੂੰ ਸਖਤ ਆਦੇਸ਼ ਜਾਰੀ ਕਰ ਕੇ ਇਸ ਸਡ਼ਕ ਦੀ ਮੁਰੰਮਤ ਕਰਵਾਉਣ ਤੋਂ ਇਲਾਵਾ ਇੱਥੇ ਪਏ ਟੋਏ ਨੂੰ ਭਰਿਆ ਜਾਵੇ।
50 ਗ੍ਰਾਮ ਹੈਰੋਇਨ ਸਮੇਤ ਵਿਅਕਤੀ ਗ੍ਰਿਫਤਾਰ
NEXT STORY