ਅੰਮ੍ਰਿਤਸਰ (ਸਰਬਜੀਤ) - ਅਮਰੀਕਾ ਵਿਚ ਭਾਰਤ ਦੇ ਸਾਬਕਾ ਰਾਜਦੂਤ ਅਤੇ ਦਿੱਲੀ ਦੇ ਲੈਫਟੀਨੈਂਟ ਗਵਰਨਰ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਸਾਲ 2047 ਤੱਕ ਭਾਰਤ ਨੂੰ ਵਿਕਸਿਤ ਦੇਸ਼ ਬਣਾਉਣ ਵਿਚ ਨੌਜਵਾਨਾਂ ਦੀ ਭੂਮਿਕਾ ਸਭ ਤੋਂ ਅਹਿਮ ਹੋਵੇਗੀ। ਇਸ ਲਈ ਸਿੱਖਿਆ ਦੇ ਨਾਲ ਨੌਜਵਾਨਾਂ ਨੂੰ ਆਧੁਨਿਕ ਹੁਨਰਾਂ ਦੀ ਸਿਖਲਾਈ ਦੇ ਕੇ ਰੋਜ਼ਗਾਰ ਅਤੇ ਕਾਰੋਬਾਰ ਦੇ ਯੋਗ ਬਣਾਉਣਾ ਸਮੇਂ ਦੀ ਲੋੜ ਹੈ। ਪੰਜਾਬ ਦੌਰੇ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਤਰਨਜੀਤ ਸਿੰਘ ਸੰਧੂ ਨੇ ਚਾਟੀਵਿੰਡ ਚੌਕ ਸਥਿਤ ਗੁਰਦੁਆਰਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਗੰਜ ਵਿਖੇ ਵੀ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।
ਇਸ ਮੌਕੇ ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਨੌਜਵਾਨਾਂ ਦੇ ਭਵਿੱਖ, ਰੋਜ਼ਗਾਰ ਅਤੇ ਪੰਜਾਬ ਦੀ ਆਰਥਿਕਤਾ ਬਾਰੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਸਿਰਫ਼ ਡਿਗਰੀਆਂ ਤੱਕ ਸੀਮਤ ਰੱਖਣ ਦੀ ਬਜਾਏ ਆਧੁਨਿਕ ਤਕਨੀਕਾਂ ਅਤੇ ਹੁਨਰਾਂ ਦੀ ਸਿਖਲਾਈ ਦੇਣੀ ਚਾਹੀਦੀ ਹੈ, ਤਾਂ ਜੋ ਉਹ ਨੌਕਰੀਆਂ ਪ੍ਰਾਪਤ ਕਰਨ ਦੇ ਨਾਲ ਆਪਣਾ ਕਾਰੋਬਾਰ ਵੀ ਸ਼ੁਰੂ ਕਰ ਸਕਣ।
ਅੰਮ੍ਰਿਤਸਰ ਦੇ ਵਿਕਾਸ ਬਾਰੇ ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਰੋਜ਼ਾਨਾ ਲਗਭਗ ਡੇਢ ਲੱਖ ਸ਼ਰਧਾਲੂ ਅਤੇ ਸੈਲਾਨੀ ਪਹੁੰਚਦੇ ਹਨ। ਜੇਕਰ ਬਿਹਤਰ ਸਹੂਲਤਾਂ ਅਤੇ ਸੈਰ-ਸਪਾਟੇ ਦੇ ਮੌਕਿਆਂ ਰਾਹੀਂ ਇਨ੍ਹਾਂ ਨੂੰ ਸ਼ਹਿਰ ਵਿਚ ਵੱਧ ਸਮਾਂ ਠਹਿਰਨ ਲਈ ਉਤਸ਼ਾਹਿਤ ਕੀਤਾ ਜਾਵੇ ਤਾਂ ਸਥਾਨਕ ਵਪਾਰ ਅਤੇ ਆਰਥਿਕਤਾ ਨੂੰ ਵੱਡਾ ਲਾਭ ਹੋ ਸਕਦਾ ਹੈ। ਉਨ੍ਹਾਂ ਪੰਜਾਬ ਅਤੇ ਅੰਮ੍ਰਿਤਸਰ ਦੇ ਉਤਪਾਦਾਂ ਦੀ ਗੁਣਵੱਤਾ ਵਿੱਚ ਹੋਰ ਸੁਧਾਰ ਕਰਕੇ ਉਨ੍ਹਾਂ ਨੂੰ ਕੌਮਾਂਤਰੀ ਬਾਜ਼ਾਰਾਂ ਤੱਕ ਪਹੁੰਚਾਉਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ।

ਲੈਫਟੀਨੈਂਟ ਗਵਰਨਰ ਤਰਨਜੀਤ ਸਿੰਘ ਸੰਧੂ ਖਾਲਸਾ ਵਿੱਦਿਅਕ ਸੰਸਥਾਵਾਂ ਸਰਹਾਲੀ ਪਹੁੰਚੇ
ਤਰਨਤਾਰਨ (ਰਮਨ) - ਦਿੱਲੀ ਦੇ ਲੈਫਟੀਨੈਂਟ ਗਵਰਨਰ ਤਰਨਜੀਤ ਸਿੰਘ ਸੰਧੂ ਨੇ ਅੱਜ ਗੁਰੂ ਗੋਬਿੰਦ ਸਿੰਘ ਖਾਲਸਾ ਵਿੱਦਿਅਕ ਸੰਸਥਾਵਾਂ ਸਰਹਾਲੀ ਵਿਚ ਪਹੁੰਚੇ। ਤਰਨਜੀਤ ਸਿੰਘ ਸੰਧੂ ਜੋ ਖਾਲਸਾ ਵਿੱਦਿਅਕ ਸੰਸਥਵਾਂ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਨ, ਨੇ ਸੰਸਥਾਵਾਂ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਨ ਅਤੇ ਸਕੂਲ ਪ੍ਰਿੰਸੀਪਲਾਂ ਨਾਲ ਇਕ ਮੀਟਿੰਗ ਕੀਤੀ। ਇਸ ਮੌਕੇ ਸੰਸਥਾਵਾਂ ਦੇ ਆਨਰੇਰੀ ਸਕੱਤਰ ਪਰਮਿੰਦਰ ਸਿੰਘ ਸੰਧੂ, ਮੀਤ ਪ੍ਰਧਾਨ ਕਰਨਲ ਬਲਬੀਰ ਸਿੰਘ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਅਤੇ ਡਾ. ਅਵਤਾਰ ਸਿੰਘ ਐੱਮ.ਡੀ ਅਮਨਦੀਪ ਹਸਪਤਾਲ ਵੀ ਹਾਜ਼ਰ ਹੋਏ। ਇਸ ਮੀਟਿੰਗ ਮੌਕੇ ਸੰਸਥਾਵਾਂ ਦੀ ਬੇਹਤਰੀ ਲਈ ਹੋਰ ਯੋਗ ਉਪਰਾਲੇ ਕਰਨ ਬਾਰੇ ਚਰਚਾ ਕੀਤੀ ਗਈ। ਇਸ ਮੌਕੇ ਲੈਫਟੀਨੈਂਟ ਗਵਰਨਰ ਤਰਨਜੀਤ ਸਿੰਘ ਨੇ ਸਕੂਲ ਦੀਆਂ ਵੱਖ-ਵੱਖ ਕਲਾਸਾਂ ਵਿਚ ਪਹੁੰਚ ਕੇ ਬੱਚਿਆਂ ਨਾਲ ਆਪਣੇ ਅਨੁਭਵ ਸਾਂਝੇ ਕੀਤੇ ਅਤੇ ਵਿਦਿਆਰਥੀਆਂ ਨੂੰ ਆਧੁਨਿਕ ਯੁੱਗ ਵਿਚ ਕਾਮਯਾਬ ਹੋਣ ਦੇ ਨੁਕਤੇ ਦੱਸਦਿਆਂ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।

ਇਸ ਮੌਕੇ ਗੁਰੂ ਗੋਬਿੰਦ ਸਿੰਘ ਖਾਲਸਾ ਸਕੂਲ ਵਿਚ ਇਕ ਜਿਮਨੇਜ਼ੀਅਮ ਦਾ ਉਦਘਾਟਨ ਤਰਨਜੀਤ ਸਿੰਘ ਨੇ ਕੀਤਾ। ਇਹ ਜਿਮਨੇਜ਼ੀਅਮ ਡਾਕਟਰ ਅਵਤਾਰ ਸਿੰਘ ਵੱਲੋਂ ਚਲਾਏ ਜਾ ਰਹੇ ਉਡਾਣ ਟਰੱਸਟ ਵੱਲੋਂ ਸਕੂਲ ਵਿਚ ਲਗਾਇਆ ਗਿਆ ਹੈ। ਇਸ ਸਮੇਂ ਡਾਕਟਰ ਅਵਤਾਰ ਸਿੰਘ ਅਤੇ ਡਾਕਟਰ ਰਾਕੇਸ਼ ਜੋਸ਼ੀ ਅਗਜ਼ੈਕਟਿਵ ਡਾਇਰੈਕਟਰ ਉਡਾਣ ਟਰੱਸਟ ਨੇ ਤਰਨਜੀਤ ਸਿੰਘ ਸੰਧੂ ਦਾ ਗੁਲਦਸਤੇ ਭੇਟ ਕਰਦਿਆਂ ਸੁਆਗਤ ਕੀਤਾ। ਤਰਨਜੀਤ ਸਿੰਘ ਸੰਧੂ ਨੇ ਉਡਾਣ ਟਰੱਸਟ ਵੱਲੋਂ ਸਮਾਜ ਲਈ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਭਰਭੂਰ ਪ੍ਰਸ਼ੰਸਾ ਕੀਤੀ।

ਜ਼ਿਕਰਯੋਗ ਹੈ ਕਿ ਗੁਰੂ ਗੋਬਿੰਦ ਸਿੰਘ ਖਾਲਸਾ ਸਕੂਲ ਸਰਹਾਲੀ ਦੀ ਸਥਾਪਨਾ ਆਜ਼ਾਦੀ ਘੁਲਾਟੀਏ ਸਰਦਾਰ ਤੇਜਾ ਸਿੰਘ ਸਮੁੰਦਰੀ ਨੇ 1917 ਵਿਚ ਕੀਤੀ ਸੀ, ਜੋ ਤਰਨਜੀਤ ਸਿੰਘ ਸੰਧੂ ਦੇ ਦਾਦਾ ਹਨ। ਤਰਨਜੀਤ ਸਿੰਘ ਸੰਧੂ ਦੇ ਪਿਤਾ ਬਿਸ਼ਨ ਸਿੰਘ ਸਮੁੰਦਰੀ ਸੰਸਥਾਪਕ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੀ ਖਾਲਸਾ ਸਕੂਲ ਸਰਹਾਲੀ ਦੇ ਵਿਦਿਆਰਥੀ ਰਹੇ ਹਨ। ਇਸ ਤੋਂ ਇਲਾਵਾ ਉਲੰਪੀਅਨ ਧਰਮ ਸਿੰਘ, ਉਲੰਪੀਅਨ ਪ੍ਰਵੀਨ ਕੁਮਾਰ, ਮੇਜਰ ਜਰਨਲ ਰਜਿੰਦਰ ਸਿੰਘ ਸਪੈਰੋ, ਡਾਕਟਰ ਹਰਕ੍ਰਿਸ਼ਨ ਸਿੰਘ ਫਾਰਮਾਸਿਊਟੀਕਲ ਸਾਇੰਸਦਾਨ ਸਮੇਤ ਅਨੇਕਾਂ ਫੌਜੀ ਅਤੇ ਸਿਵਲ ਸੇਵਾ ਦੇ ਅਫਸਰ ਇਸ ਇਤਿਹਾਸਕ ਸਕੂਲ ਦੇ ਵਿਦਿਆਰਥੀ ਰਹੇ ਹਨ। ਲੈਫਟੀਨੈਂਟ ਗਵਰਨਰ ਤਰਨਜੀਤ ਸਿੰਘ ਨੇ ਸੰਸਥਾਵਾਂ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਵਾਈਸ ਚਾਂਸਲਰ ਡਾ.ਕਰਮਜੀਤ ਸਿੰਘ, ਡਾ.ਅਵਤਾਰ ਸਿੰਘ ਐੱਮ.ਡੀ ਅਮਨਦੀਪ ਹਸਪਤਾਲ, ਐੱਮ.ਡੀ ਹਰਜਿੰਦਰ ਸਿੰਘ ਮਰਹਾਣਾ ਸਮੇਤ ਪਹੁੰਚੇ ਹੋਰ ਉੱਚ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਸੰਸਥਾਵਾਂ ਦੇ ਪ੍ਰਸ਼ਾਸਨਿਕ ਅਧਿਕਾਰੀ ਮੈਡਮ ਅਮਨਦੀਪ ਕੌਰ, ਪ੍ਰਿੰਸੀਪਲ ਅਜੇ ਸਿੰਘ ਹੁੰਦਲ, ਪ੍ਰਿੰਸੀਪਲ ਅਰਜਿੰਦਰ ਕੌਰ, ਪ੍ਰਿੰਸੀਪਲ ਰਾਜਵਿੰਦਰ ਕੌਰ ਵੀ ਹਾਜ਼ਰ ਸਨ।

ਅੰਮ੍ਰਿਤਸਰ: ਪੁਲਸ ਤੇ ਬਦਮਾਸ਼ ਵਿਚਾਲੇ ਐਨਕਾਊਂਟਰ, ਭਗੌੜੇ ਮੁਲਜ਼ਮ ਦੇ ਪੈਰ ’ਚ ਲੱਗੀ ਗੋਲੀ
NEXT STORY